ਪੰਨਾ:ਹੀਰ ਵਾਰਸਸ਼ਾਹ.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੪੩)

ਤੂੰਹੀ ਚੋਇਕੇ ਦੁੱਧ ਜਮਾਵਣਾ ਈਂ ਤੂੰਹੀ ਹੀਰ ਦਾ ਪਲੰਘ ਵਿਛਾਉਣਾ ਈਂ
ਕੁੜੀ ਕਲ੍ਹ ਦੀ ਤੇਰੇ ਤੋਂ ਰੁੱਸ ਬੈਠੀ ਤੂੰਹੀ ਉਸ ਨੂੰ ਆ ਮਨਾਉਣਾ ਈਂ
ਮੰਗੂ ਮਾਲ ਤੇ ਹੀਰ ਸਿਆਲ ਤੇਰੀ ਨਾਲੇ ਘੂਰਨਾ ਤੇ ਨਾਲੇ ਖਾਉਣਾ ਈਂ
ਘੁੱਥਾ ਟੋਲਣਾ ਕਿਸ ਵਲਾਉਣਾ ਈਂ ਸੁੰਞੇ ਵੱਗ ਨੂੰ ਕਿਸ ਰਲਾਉਣਾ ਈਂ
ਮੀਏਂ ਰਾਂਝੇ ਨੂੰ ਅਰਜ਼ ਸੁਣਾਇਕੇ ਜੀ ਦਾਗ ਹਿਜ਼ਰ ਦਾ ਚਾ ਗਵਾਉਣਾ ਈਂ
ਤੇਰੇ ਨਾਮ ਤੋਂ ਹੀਰ ਕੁਰਬਾਨ ਕੀਤੀ ਮੰਗੂ ਸਾਂਭ ਕੇ ਚਾਰ ਲਿਆਉਣਾ ਈਂ
ਮੰਗੂ ਛੇੜ ਕੇ ਝੱਲ ਵਿਚ ਮੀਆਂ ਵਾਰਸ ਅਸਾਂ ਤਖਤ ਹਜ਼ਾਰੇ ਨਾ ਜਾਉਣਾ ਈਂ

ਰਾਂਝੇ ਤੇ ਹੀਰ ਦੀਆਂ ਆਪਸ ਵਿਚ ਗੱਲਾਂ

ਰਾਂਝਾ ਹੀਰ ਨੂੰ ਆਖਦਾ ਮਾਉ ਤੇਰੀ ਸਾਨੂੰ ਫੇਰ ਮੁੜ ਰਾਤ ਦੀ ਚੰਬੜੀ ਏ
ਮੀਆਂ ਮੰਨ ਲੈ ਓਸ ਦੇ ਆਪਣੇ ਨੂੰ ਤੇਰੀ ਹੀਰ ਪਿਆਰੀ ਦੀ ਅੰਮੜੀ ਏ
ਛਿੜ ਮਾਲ ਦੇ ਨਾਲ ਮੈਂ ਹੀਰ ਸਦਕੇ ਰੁਸਨ ਆਸ਼ਕਾਂ ਗੱਲ ਨਿਕੰਮੜੀ ਏ
ਹਸਨ ਖੇਡਣੇ ਦਾ ਇਹੋ ਵਕਤ ਸਾਡਾ ਅਜੇ ਉਮਰ ਨਹੀਂ ਕੋਈ ਲੰਮੜੀ ਏ
ਨਿਸਬਤ ਕਰਨ ਦੀ ਕਿਤੇ ਸਲਾਹ ਕਾਈ ਮੇਰੇ ਮਾਪਿਆਂ ਨਹੀਂ ਅਰੰਭੜੀ ਏ
ਘੋੜੇ ਦਿਲਾਂ ਦੇ ਅੰਤ ਮੂੰਹ ਤਾਣ ਹੁੰਦੇ ਦੱਸ ਸ਼ੌਕ ਦੀ ਵਾਗ ਕਿਸ ਥੰਮੜੀ ਏ
ਕਿੱਸੇ ਹੋਣ ਜਹਾਨ ਤੇ ਆਸ਼ਕਾਂ ਦੇ ਗਲਾਂ ਸੁਣਦਿਆਂ ਹੀ ਜਿੰਦ ਕੰਬੜੀ ਏ
ਕੋਈ ਸਾਰ ਨਾਹੀਂ ਦੁਖਾਂ ਕੇਹੜਿਆਂ ਨੂੰ ਘਰ ਮਾਪਿਆਂ ਦੇ ਹੀਰ ਜੰਮੜੀ ਏ
ਕੀ ਜਾਣੀਏਂ ਊਠ ਕਿਸ ਘੜੀ ਬਹਿਸੀ ਅਜੇ ਵਿਆਹ ਦੀ ਵਾਟ ਤੇ ਲੰਮੜੀ ਏ
ਵਾਰਸਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ ਕਿਸੇ ਪਲੇ ਨਾਹੀਂ ਬੱਧੀ ਦੰਮੜੀ ਏ

ਰਾਂਝੇ ਨੇ ਮਲਕੀ ਦਾ ਆਖਿਆ ਮੰਨਣਾ

ਰਾਂਝਾ ਹੀਰ ਦੀ ਮਾਉਂ ਦੇ ਲੱਗ ਆਖੇ ਛੇੜ ਮੱਝੀਆਂ ਭੁੱਲ ਨੂੰ ਆਉਂਦਾ ਏ
ਮੰਗੂ ਵਾੜ ਦਿੱਤਾ ਵਿੱਚ ਝਾਂਗੜੇ ਦੇ ਆਪ ਨ੍ਹਾਇਕੇ ਰਬ ਧਿਆਉਂਦਾ ਏ
ਬਖਸ਼ਨਹਾਰ ਦਾਤਾਰ ਹੈ ਨਾਮ ਤੇਰਾ ਬਖਸ਼ ਹੀਰ ਇਹ ਸ਼ੁਗਲ ਕਮਾਉਂਦਾ ਏ
ਸੂਰਤ ਵਿੱਚ ਮਹਬੂਬ ਦੀ ਮਹਿਵ ਹੋ ਕੇ ਅੱਗੇ ਨਜ਼ਰ ਦੇ ਲਿਆ ਬਹਾਉਂਦਾ ਏ
ਹੀਰ ਸਤੂਆਂ ਦਾ ਮਗਰ ਘੋਲ ਛੰਨਾ ਦੇਖੋ ਰਿਜ਼ਕ ਰੰਝੇਟੇ ਦਾ ਆਉਂਦਾ ਏ
ਗਲ ਪਾ ਪੱਲਾ ਪੈਰੀਂ ਜਾ ਪੈਂਦੀ ਮੀਏਂ ਰਾਂਝੇ ਨੂੰ ਇਸ਼ਕ ਮਨਾਉਂਦਾ ਏ
ਮੇਰਾ ਮਨ ਜੀਊਣ ਤੇਰੇ ਨਾਲ ਮੀਆਂ ਸੁੰਵਾ ਲੋਕ ਪਿਆ ਭੁੱਸ ਪਾਉਂਦਾਂ ਏ
ਪੰਜਾਂ ਪੀਰਾਂ ਦੀ ਵੀ ਆਮਦ ਤੁਰਤ ਹੋਈ ਹੱਥ ਬੰਨ੍ਹ ਕੇ ਸੀਸ ਨਿਵਾਉਂਦਾ ਏ
ਰਾਂਝਾ ਹੀਰ ਦੋਵੇਂ ਹੋਏ ਆਣ ਹਾਜ਼ਰ ਅਗੋਂ ਪੀਰ ਹੁਣ ਇਹ ਫੁਰਮਾਉਂਦਾ ਏ
ਵਾਰਸਸ਼ਾਹ ਮੀਆਂ ਤੁਸਾਂ ਦੋਹਾਂ ਤਾਈਂ ਪੀਰ ਸਾਬਤੀ ਨਾਲ ਬੁਲਾਉਂਦਾ ਏ