ਪੰਨਾ:ਹੀਰ ਵਾਰਸਸ਼ਾਹ.pdf/5

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩)

ਅੱਠ ਪੁੱਤਰ ਦੋ ਬੇਟੀਆਂ ਤਿਸ ਦੀਆਂ ਸੀ ਵੱਡਾ ਟੱਬਰ ਤੇ ਸ਼ਾਹੂਕਾਰ ਆਹਾ
ਭਲੇ ਭਾਈਆਂ ਵਿੱਚ ਪ੍ਰਤੀਤ ਉਸ ਦੀ ਮੰਨਿਆ ਚੌਧਰੀ ਵਿੱਚ ਸਰਕਾਰ ਆਹਾ
ਦੌਲਤ ਮਾਲ ਦੇ ਨਾਲ ਖੁਸ਼ਹਾਲ ਵੱਸੇ ਮਜਲਸਾਂ ਵਿੱਚ ਇਤਬਾਰ ਆਹਾ
ਹੁਕਮ ਵਿੱਚ ਸ਼ਰੀਕ ਸਭ ਉਸ ਦੇ ਸਨ ਉਜ਼ਰ ਕਿਸੇ ਨਾ ਕੁੱਝ ਇਨਕਾਰ ਆਹਾ
ਵਾਰਿਸਸ਼ਾਹ ਇਹ ਕੁਦਰਤਾਂ ਰੱਬ ਦੀਆਂ ਨੀ ਧੀਦੋ ਨਾਲ ਉਸ ਬਹੁਤ ਪਿਆਰ ਆਹਾ

ਭਰਾਵਾਂ ਨੇ ਰਾਂਝੇ ਨਾਲ ਵੈਰ ਕਰਨਾ

ਬਾਪ ਕਰੇ ਪਿਆਰ ਤੇ ਭਾਈ ਵੈਰੀ ਡਰ ਬਾਪ ਦੇ ਥੀਂ ਪਏ ਸੰਗਦੇ ਨੇ
ਗੁਝੇ ਮਿਹਣੇ ਮਾਰਦੇ ਸੱਪ ਵਾਂਗੂੰ ਉਸ ਦੇ ਕਾਲਜੇ ਨੂੰ ਪਏ ਡੰਗਦੇ ਨੀ
ਕੋਈ ਵੱਸ ਨਾ ਲੱਗਦਾ ਕੱਢ ਛੱਡਣ ਦੇਂਦੇ ਮੇਹਣੇ ਰੰਗ ਬਰੰਗ ਦੇ ਨੀ
ਕਾਈ ਗੱਲ ਕਰ ਬਹੇ ਜੇ ਵਿੱਚ ਭਾਈਆਂ ਉਸ ਦੀ ਗੱਲ ਨੂੰ ਚਾ ਉਲੰਘਦੇ ਨੀ
ਪਾ ਤਿਊੜੀਆਂ ਮੱਥੇ ਤੇ ਗੱਲ ਕਰਦੇ ਬੋਲ ਬੋਲਣ ਅਵੱਲੜੇ ਜੰਗ ਦੇ ਨੀ
ਵਾਰਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ ਹੋਰ ਸਾਕ ਨ ਸੈਨ ਨਾ ਅੰਗ ਦੇ ਨੀ

ਮੌਜੂ ਚੌਧਰੀ ਦਾ ਕਾਲ ਵੱਸ ਹੋਣਾ

ਤਕਦੀਰ ਸੇਤੀ ਮੌਜੂ ਫੌਤ ਹੋਇਆ ਭਾਈ ਰਾਂਝੇ ਦੇ ਨਾਲ ਖਹੇੜਦੇ ਨੀ
ਖਾਏਂ ਰੱਜ ਕੇ ਘੂਰਦਾ ਫਿਰੇਂ ਰੰਨਾਂ ਕੱਢ ਰਿਕਤਾਂ ਧੀਦੋ ਨੂੰ ਛੇੜਦੇ ਨੀ
ਨਿਤ ਸੱਜਰਾ ਘਾਉ ਕਲੇਜੜੇ ਦਾ ਗੱਲਾਂ ਤ੍ਰਿੱਖੀਆਂ ਨਾਲ ਉਚੇੜਦੇ ਨੀ
ਭਾਈ ਭਾਬੀਆਂ ਵੈਰ ਦੀਆਂ ਕਰਨ ਗੱਲਾਂ ਇਹੋ ਝੰਜਟਾਂ ਨਿੱਤ ਨਬੇੜਦੇ ਨੀ
ਮੂੰਹ ਜੋੜ ਕੇ ਨਿੱਤ ਸਲਾਹ ਕਰਦੇ ਬੋਲ ਬੋਲਦੇ ਅੱਡ ਨਖੇੜਦੇ ਨੀ
ਵੇਖੋ ਚਾਲ ਜ਼ਮਾਨੇ ਦੀ ਉਲਟ ਗਈ ਸੱਕੇ ਸੱਕਿਆ ਵੇੈਰ ਸਹੇੜਦੇ ਨੀ
ਗੱਲਾਂ ਸੱਚੀਆਂ ਝੂਠੀਆਂ ਮੇਲ ਕੇ ਤੇ ਦਾਮਨ ਨਾਲ ਬਦਨਾਮੀ ਲਬੇੜਦੇ ਨੀ
ਵਾਰਸਸ਼ਾਹ ਜਹਾਨ ਤੇ ਗ਼ਰਜ਼ ਮਿੱਠੀ ਆਪੋ ਆਪਣੀ ਜੋਗ ਨੂੰ ਗੇੜਦੇ ਨੇ

ਰਾਂਝੇ ਦੇ ਭਰਾਵਾਂ ਨੇ ਕਾਜ਼ੀ ਨੂੰ ਜ਼ਮੀਨ ਵੰਡਣ ਵਾਸਤੇ ਬੁਲਾਉਣਾ

ਹਜ਼ਰਤ ਕਾਜ਼ੀ ਤੇ ਪੈਂਚ ਸਦਾ ਸਾਰੇ ਭਾਈਆਂ ਜ਼ਿਮੀਂ ਨੂੰ ਕੱਛ ਪਵਾਈਆ ਈ
ਵੱਢੀ ਦੇ ਕੇ ਜ਼ਿਮੀਂ ਲੈ ਗਏ ਚੰਗੀ ਬੰਜਰ ਜ਼ਿਮੀਂ ਰੰਝੇਟੇ ਨੂੰ ਆਈਆ ਈ
ਕੱਛਾਂ ਮਾਰ ਸ਼ਰੀਕ ਮਜ਼ਾਕ ਕਰਦੇ ਭਾਈਆ ਰਾਂਝੇ ਦੇ ਬਾਬ ਬਣਾਈਆ ਈ
ਗੱਲ ਭਾਈਆਂ ਇਹ ਬਣਾ ਛੱਡੀ ਮਗਰ ਜੱਟ ਦੇ ਫੱਕੜੀ ਲਾਈਆ ਈ
ਸਿੱਧਾ ਕਰਨਾ ਏਂ ਏਸ ਉਚੱਕੜੇ ਨੂੰ ਭੰਡੀ ਨਿੱਤ ਤੋਂ ਨਿੱਤ ਸਵਾਈਆ ਈ
ਵਾਰਿਸਸ਼ਾਹ ਜੇ ਨਫ਼ਸ ਦੇ ਕਹੇ ਲੱਗੇਂ ਐਵੇਂ ਰਾਇ ਗਾਂ ਉਮਰ ਗਵਾਈਆ ਈ