ਪੰਨਾ:ਹੀਰ ਵਾਰਸਸ਼ਾਹ.pdf/51

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੫)

ਮੈਂ ਤਾਂ ਮੰਗ ਦਰਗਾਹ ਤੋਂ ਲਿਆ ਰਾਂਝਾ ਚਾਕ ਬਖਸ਼ਿਆ ਆਪ ਖੁਦਾ ਮੀਆਂ
ਇੱਕ ਚਾਕ ਦੀ ਗੱਲ ਨਾ ਕਰੋ ਕੋਈ ਬਿਨਾਂ ਚਾਕ ਦੇ ਨਹੀਂ ਟਿਕਾ ਮੀਆਂ
ਏਸ ਇਸ਼ਕ ਦੇ ਰੋਗ ਦੀ ਗੱਲ ਏਵੇਂ ਸਿਰ ਜਾਏ ਤੇ ਇਹ ਨਾ ਜਾ ਮੀਆਂ
ਵਾਰਸਸ਼ਾਹ ਮੀਆਂ ਜਿਵੇਂ ਗੰਜ ਸਿਰ ਦਾ ਬਾਰਾਂ ਬਰਸ ਟੱਪਣ ਨਹੀਂ ਜਾ ਮੀਆਂ

ਕਲਾਮ ਚੂਚਕ ਮਲਕੀ ਨਾਲ

ਜਿਹੀ ਧੀ ਤੁਧ ਲਾਡਲੀ ਪਾਲੀਆ ਈ ਕੇਹਾ ਫ਼ਾਇਦਾ ਏਸ ਤੋਂ ਲੋੜੀਏ ਨੀ
ਇਹਦੇ ਵੱਢ ਟੁਕੜੇ ਖੋਹ ਜੁੰਡਿਆਂ ਨੂੰ ਗੱਲ ਘੁੱਟਕੇ ਡੂੰਘੜੇ ਬੋੜੀਏ ਨੀ
ਸੁੰਞੀ ਚਾਕ ਤੋਂ ਇਹ ਨਾ ਮੁੜੇ ਮੂਲੋਂ ਅਸੀਂ ਵਰਜੀਏ ਤੇ ਨਿੱਤ ਮੋੜੀਏ ਨੀ
ਉਹਦੇ ਜੀਉ ਤੇ ਇੱਕ ਨਾ ਆਉਂਦੀ ਏ ਭਾਵੇਂ ਲੱਖ ਨਸੀਹਤਾਂ ਟੋਰੀਏ ਨੀ
ਉਹਦਾ ਦਾਤਰੀ ਨਾਲ ਚਾ ਢਿੱਡ ਪਾੜੋ ਸੂਈ ਅਖੀਆਂ ਦੇ ਵਿੱਚ ਪੋੜੀਏ ਨੀ
ਸਿਰ ਭੰਨ ਸੂ ਨਾਲ ਮਧਾਣੀਆਂ ਦੇ ਢੂਹੀ ਨਾਲ ਘੜੇਥਨੀ ਤੋੜੀਏ ਨੀ
ਹਰਰਿਜ਼ ਚਾਕ ਤੋਂ ਇਹ ਨਾ ਮੁੜੇ ਮੂਲੇ ਅਸੀਂ ਰਹੇ ਬਤੇਰੜਾ ਹੋੜੀਏ ਨੀ
ਵਾਰਸਸ਼ਾਹ ਫਟੇ ਦਿੱਲ ਨਹੀਂ ਮਿਲਦੇ ਦਿਲ ਮੋਤੀ ਦੇ ਕਚ ਦੀ ਚੂੜੀਏ ਨੀ

ਕਲਾਮ ਮਲਕੀ

ਮਲਕੀ ਆਖਦੀ ਮਹਿਰ ਜੀ ਸੁਣੋ ਮੈਥੋਂ ਹੱਕ ਅਮਰ ਦਾ ਅਸਾਂ ਵਿਚਾਰਿਓ ਈ
ਹੁਕਮ ਵਿਚ ਕੁਰਾਨ ਦੇ ਖੂਨ ਮੰਦਾ ਅਲਾ ਪਾਕ ਤੇ ਨਬੀ ਪੁਕਾਰਿਓ ਈ
ਚੂਚਕ ਆਖਦਾ ਮਲਕੀਏ ਜੰਮਦੀ ਨੂੰ ਗੱਲ ਘੁੱਟ ਕੇ ਫਾਹ ਨਾ ਮਾਰਿਓ ਈ
ਗੁੜ੍ਹਤੀ ਜ਼ਹਿਰ ਦੀ ਘੋਲ ਨਾ ਦਿੱਤੀਓ ਈ ਉਹ ਅੱਜ ਸਵਾਬ ਨਿਤਾਰਿਓ ਈ
ਕਰਕੇ ਲਾਡ ਅਨੋਖੜੇ ਪਾਲ ਕੇ ਤੇ ਕੁਆਰੀ ਧੀ ਦਾ ਚੱਜ ਵਿਗਾੜਿਓ ਈ
ਮੱਝ ਡੂੰਘੜੇ ਧੀ ਨਾ ਰੋੜ੍ਹੀਓ ਈ ਮਾਸਾ ਜ਼ਹਿਰ ਦਾ ਸੰਘ ਨਾ ਚਾੜ੍ਹਿਓ ਈ
ਇਹ ਧੀ ਨਾ ਡੂੰਘੜੇ ਬੋੜੀਓਈ ਵਹਿਣ ਬੋੜ ਕੇ ਮਾਰ ਨਾ ਡਾਰਿਓ ਈ
ਵਾਰਸਸ਼ਾਹ ਖ਼ੁਦਾ ਦਾ ਖੌਫ ਕੀਤਾ ਕਾਰੂੰ ਵਾਂਗ ਨਾ ਜ਼ਿਮੀਂ ਨਿਘਾਰਿਓ ਈ

ਜਵਾਬ ਹੀਰ ਦਾ ਕਾਜੀ ਚੂਚਕ ਅਤੇ ਮਾਂ ਨਾਲ

ਬਣੀ ਕੱਟਨੀ ਬੰਦਿਆਂ ਸਮਝ ਮਾਏ ! ਲਗੀ ਦਰਦ ਜੇ ਏਸ ਵਜੂਦ ਹੈ ਨੀ
ਜਿਨ੍ਹਾਂ ਗੱਲਾਂ ਦਾ ਤੂੰ ਹੈਂ ਨਾਮ ਲੈਂਦੀ ਇਨ੍ਹੀਂ ਗਲੀਂ ਨਾ ਕੁਝ ਮਹਿਬੂਦ ਹੈ ਨੀ
ਰਾਂਝੇ ਨਾਲ ਹੈ ਕੌਲ ਇਕਰਾਰ ਮੇਰਾ ਕੌਲੋਂ ਫਿਰਾਂ ਤੇ ਹੋਵਾਂ ਮਰਦੂਦ ਹੈ ਨੀ
ਹੀਰ ਖੋਹ ਕੇ ਰਾਂਝੇ ਤੋਂ ਦੇਣ ਖੇੜੇ ਕਾਜ਼ੀ ਤੁਧ ਦੇ ਸੁਣੇ ਖੁਸ਼ਨੂਦ ਹੈ ਨੀ
ਮੈਂ ਤਾਂ ਰਾਂਝੇ ਨੂੰ ਛਡਾਂ ਨਾ ਮੂਲ ਮਾਏ ਜਿਚਰ ਤੱਨ ਵਿਚ ਜਾਨ ਮੌਜੂਦ ਹੈ ਨੀ
ਵਿੱਚ ਦੋਜ਼ਖਾਂ ਪਾਇਕੇ ਸਾੜਿਆ ਈ ਓਹ ਤਾਂ ਕਾਫ਼ਰ ਬੜਾ ਯਹੂਦ ਹੈ ਨੀ