ਪੰਨਾ:ਹੀਰ ਵਾਰਸਸ਼ਾਹ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੯)

ਭੁਲ ਜਾਂ ਜੇ ਦਿਲੋਂ ਰੰਝੇਟੜੇ ਨੂੰ ਕਿਤੇ ਢੂੰਡੜੇ ਆਬ ਨਾ ਲੱਧੀਆਂ ਗੀ
ਅੱਜ ਮੁੱਖ ਮੋੜਾਂ ਭਲਕੇ ਹਸ਼ਰ ਨੂੰ ਮੈਂ ਸਭਾ ਆਸ਼ਕਾਂ ਦੀ ਵਿਚੋਂ ਰੱਦੀਆਂ ਗੀ
ਸ਼ੁਹਰਤ ਜੱਗ ਜਹਾਨ ਦੀ ਖੁਸ਼ੀ ਮੈਨੂੰ ਜੇ ਤਾਂ ਰਾਂਝਣੇ ਦੇ ਇਸ਼ਕ ਵੱਢੀਆ ਗੀ
ਮਜਲਸ ਫਾਤਮਾਂ ਦੀ ਵਿਚ ਮੀਆਂ ਵਾਰਸ ਰਾਂਝੇ ਚਾਕ ਵਾਲੀ ਹੀਰ ਸੱਦੀਆਂ ਗੀ

ਸਾਰਿਆਂ ਨੇ ਹੀਰ ਪਾਸੋਂ ਨਾ ਉਮੈਦ ਹੋਣਾ

ਕਾਜੀ ਦੇ ਜਵਾਬ ਇਹ ਉੱਠ ਟੁਰਿਆ ਖਹਿੜੇ ਪੌ ਨਹੀਂ ਕਾਰੇ ਹਾਰਨੀ ਦੇ
ਮਾਂ ਬਾਪ ਕਾਜ਼ੀ ਬੜਾ ਜ਼ੋਰ ਲਾਵਣ ਪਏ ਮਗਰ ਉਹਦੇ ਲੋਹੜੇ ਮਾਰਨੀ ਦੇ
ਝੱਬ ਏਸ ਨੂੰ ਕਿਤੇ ਪਰਨਾ ਦੇਵੋ ਵੇਖੋ ਅਮਲ ਨਾ ਏਸ ਗਵਾਰਨੀ ਦੇ
ਇਹਦਾ ਮਗਜ਼ ਨਾ ਪਾਯਾ ਜਾਉਂਦਾ ਏ ਬੈਠੀ ਪਲੰਘ ਤੇ ਵਾਂਗ ਸਿਕਦਾਰਨੀ ਦੇ
ਮਾਂਉਂ ਕਹੇ ਅੰਧੇਰ ਖੁਦਾ ਦਾ ਜੇ ਦੇਖੋ ਬੁਰੇ ਚਾਲੇ ਏਸ ਯਾਰਨੀ ਦੇ
ਵਾਰਸਸ਼ਾਹ ਸਭੇ ਉਠ ਘਰੀਂ ਗਏ ਕਿੱਸੇ ਸੁਣ ਸੁਣ ਖੂਨ ਗੁਜਾਰਨੀ ਦੇ

ਕਲਾਮ ਸ਼ਾਇਰ

ਮਸਤਾਂ ਕੰਨ ਸਰੋਦ ਸੁਣਾਨ ਕਿਹਾਂ ਤਿਵੇਂ ਸ਼ਰਹ ਤੇ ਇਸ਼ਕ ਤਮਸੀਲ ਯਾਰੋ
ਇਸ਼ਕ ਬਾਦਸ਼ਾਹੀ ਅਗੇ ਸ਼ਰਹ ਹੋਈ ਥਾਨਾ ਕੋਤਵਾਲੀ ਇਉਂ ਤਸੀਲ ਯਾਰੋ
ਆਸ਼ਕ ਇਸ਼ਕ ਦੇ ਜਾ ਹਜ਼ੂਰ ਹੋਏ ਝੇੜੇ ਛੱਡ ਕੇ ਤੁਲ ਤਵੀਲ ਯਾਰੋ
ਲੰਘੇ ਮਾਰ ਛਾਲੀਂ ਜਦੋਂ ਪਾਰ ਹੋਏ ਕੋਟ ਟਪ ਗਏ ਜਾਨਾਂ ਹੀਲ ਯਾਰੋ
ਸਿਰ ਤੇ ਸੂਲੀਆਂ ਝੱਲੀਆਂ ਇਸ਼ਕ ਪਿੱਛੇ ਚੜ੍ਹੇ ਚਿਖਾ ਤੇ ਨਬੀ ਖ਼ਲੀਲ ਯਾਰੋ
ਆਸ਼ਕ ਕੁੱਠੜੇ ਨੀ ਕਾਤੀ ਇਸ਼ਕ ਦੀ ਦੇ ਹੋਏ ਜ਼ਿਬ੍ਹਾ ਵਾਂਗੂ ਇਸਮਾਈਲ ਯਾਰੋ
ਕੀਤੀ ਸ਼ਰਹ ਸਬੂਤ ਹੈ ਆਸ਼ਕਾਂ ਨੇ ਬਾਜ਼ੀ ਗਫ਼ਲਤਾਂ ਵਿੱਚ ਦਲੀਲ ਯਾਰੋ
ਆਸ਼ਕ ਬਾਜ ਨਾ ਆਉਂਦੇ ਇਸ਼ਕ ਵਲੋਂ ਭਾਵੇਂ ਲੱਖ ਹੋਵੇ ਕਾਲ ਕੀਲ ਯਾਰੋ
ਕਾਰਨ ਯਾਰ ਦੇ ਪਾਕ ਦੀਦਾਰ ਪਿੱਛੋਂ ਮੰਗ ਖਾਉਂਦੇ ਪਕੜ ਜ਼ੰਬੀਲ ਯਾਰੋ
ਵਕਤ ਹਸ਼ਰ ਦੇ ਭੀ ਆਸ਼ਕ ਦੀਦ ਮੰਗਣ ਕਢੇ ਜਾਨ ਜਦੋਂ ਅਜਰਾਈਲ ਯਾਰੋ
ਰੋਜ਼ ਹਸ਼ਰ ਨੂੰ ਭੀ ਉਸੇ ਹਾਲ ਉੱਠਣ ਜਦੋਂ ਸੂਰ ਫੂਕੇ ਅਸਰਾਫੀਲ ਯਾਰੋ
ਵਾਰਸ ਪੰਥ ਨਿਆਰਾ ਇਨ੍ਹਾਂ ਆਸ਼ਕਾਂ ਦਾ ਕਾਇਮ ਜਿਨ੍ਹਾਂ ਦੀ ਠੀਕ ਦਲੀਲ ਯਾਰੋ

ਹੀਰ ਨੇ ਸਹੇਲੀ ਨੂੰ ਰਾਂਝੇ ਪਾਸ ਭੇਜਣਾ

ਹੀਰ ਸੱਦ ਕੇ ਇੱਕ ਸਹੇਲੜੀ ਨੂੰ ਮੀਏਂ ਰਾਂਝੇ ਵਲ ਤੁਰਤ ਭਜਾਉਂਦੀ ਏ
ਮੇਰੇ ਮਾਹੀ ਨੂੰ ਅੱਖਣਾ ਜਾ ਅੜੀਏ ਤੈਨੂੰ ਹੀਰ ਇਹ ਅਰਜ਼ ਸੁਣਾਉਂਦੀ ਏ
ਮਾਉਂ ਬਾਪ ਕਾਜ਼ੀ ਸਾਨੂੰ ਤੰਗ ਕੀਤਾ ਜਾਨ ਵਿੱਚ ਸਕੰਜਿਆਂ ਆਉਂਦੀ ਏ
ਤੁਸੀਂ ਬੈਠੇ ਹੋ ਖ਼ੁਸ਼ੀ ਦੇ ਨਾਲ ਮਾਹੀਆ ਫੌਜ ਗਮਾਂ ਦੀ ਅਸਾਂ ਤੇ ਧਾਉਂਦੀ ਏ