ਪੰਨਾ:ਹੀਰ ਵਾਰਸਸ਼ਾਹ.pdf/57

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੫੧)

ਖਰਜ ਰਿਖਬ ਗੰਧਾਰ ਮੱਧਮ ਪੰਚਮ ਦਾਯੂਮ ਅਤੇ ਨਿਖਾਧ ਅਲਾਉਂਦਾ ਏ
ਔਰਬ ਖੌਰਬ ਸੰਪੂਰ ਤੇ ਤੇਉਰਾਂ ਨੂੰ ਆਪੋ ਆਪਣੇ ਪੈਂਠ ਤੇ ਲਾਉਂਦਾ ਏ
ਫਗ ਮੋਧ ਬਿਹਾਰ ਦਾ ਪੱਤਰਾਂ ਦਾ ਵਖੋ ਵਖ ਕਰ ਸ਼ਕਲ ਵਿਖਾਉਂਦਾ ਏ
ਬਰਜ਼ਤ ਲਗਤ ਸਮ੍ਹਾਲ ਅਲਾਪ ਕਰੇ ਵਧ ਘਟ ਨਾ ਮਾਤਰੇ ਲਾਉਂਦਾ ਏ
ਠਾਵੋਂ ਵਿਚ ਹੈ ਤੌੜੀਆਂ ਨਾਲ ਚਲੇ ਨਿਗਾਹ ਤਾਲ ਤੇ ਖੂਬ ਲਗਾਉਂਦਾ ਏ
ਚੰਚਲ ਤਾਲ ਧਮਾਰ ਕਵਾਲ ਢੱਈਆਂ ਰਧੀ ਦੂੰਬ ਦੀ ਚਾਲ ਸਿਖਾਉਂਦਾ ਏ
ਸ਼ੌਕ ਨਾਲ ਵਜਾਇਕੇ ਵੰਝਲੀ ਨੂੰ ਪੰਜਾਂ ਪੀਰਾਂ ਅਗੇ ਖੜਾ ਗਾਉਂਦਾ ਏ
ਕਦੀ ਊਪੋ ਤੇ ਕਾਹਨ ਦੇ ਬਿਸ਼ਨ ਪਦੇ ਕਈ ਮਾਝ ਪਹਾੜੀ ਤੇ ਲਾਉਂਦਾ ਏ
ਕਦੀ ਢੋਲਅ ਤੇ ਮਾਰਵਾੜ ਛੋਂਹਦਾ ਕਦੀ ਬੂਬਨਾ ਚਾ ਸੁਣਾਉਂਦਾ ਏ
ਮਲਕੀ ਨਾਲ ਜਲਾਲੀ ਦੇ ਖੂਬ ਗਾਵੇ ਵਿੱਚ ਝੀਉਰੀ ਦੀ ਕਲੀ ਲਾਉਂਦਾ ਏ
ਕਦੀ ਸੋਹਣੀ ਤੇ ਮਹੀਂਵਾਲ ਵਾਲੇ ਨਾਲ ਸ਼ੌਕ ਦੇ ਸੱਦ ਸੁਣਾਉਂਦਾ ਏ
ਸਾਰੰਗ ਨਾਲ ਤਿਲੰਗ ਸ਼ਹਾਨੀਆਂ ਦੇ ਰਾਗ ਸੋਹਣੀ ਦਾ ਭੋਗ ਪਾਉਂਦਾ ਏ
ਸੋਰਠ ਗੂਜਰੀ ਪੂਰਬੀ ਲਲਤ ਭੈਰੋਂ ਦੀਪਕ ਰਾਗ ਦੀ ਜ਼ੀਲ ਬਤਾਉਂਦਾ ਏ
ਗਾਵੇ ਭੈਰਵੀ ਨਾਲ ਧਨਾਸਰੀ ਜੀ ਰੂਪ ਜੋਗ ਦੇ ਵਿਚ ਅਲਾਉਂਦਾ ਏ
ਮਾਲਕੌਂਸ ਦੇ ਵਿਚ ਫਿਰ ਗੀਤ ਛੋਹੇ ਕਦੀ ਵਿਚ ਅਸਾਵਰੀ ਆਉਂਦਾ ਏ
ਟੋਡੀ ਮੇਘ ਮਲਹਾਰ ਤੇ ਗੋਂਡ ਸੋਰਠਿ ਜੈਤਸਰੀ ਹੀ ਨਾਲ ਰਲਾਉਂਦਾ ਏ
ਮਾਲਸਿਰੀ ਤੇ ਪਰਜ ਦਾ ਰਾਗ ਬੋਲੇ ਅਤੇ ਮਾਲਵਾ ਵਿੱਚ ਵਜਾਉਂਦਾ ਏ
ਕਿਦਾਰਾ ਅਤੇ ਬਿਹਾਗੜਾ ਰਾਗ ਮਾਰੂ ਨਾਲੇ ਕਾਨੜੇ ਚੀ ਸੁਰ ਲਾਉਂਦਾ ਏ
ਭੈਰੋਂ ਨਾਲ ਬਲਾਸੀਆਂ ਭੀਮ ਬੋਲੇ ਅਤੇ ਜੰਗਲਾ ਪਿਆ ਸੁਣਾਉਂਦਾ ਏ
ਕਲਿਆਨ ਦੇ ਨਾਲ ਵਡਹੰਸ ਬੋਲੇ ਨਿਤ ਰਾਗ ਦੀ ਜ਼ੀਲ ਬਤਾਉਂਦਾ ਏ
ਬਰਵਾ ਨਾਲ ਪਹਾੜ ਝੰਜੋਟੀਆਂ ਦੇ ਹੋਰੀ ਨਾਲ ਆਸਾ ਖੜਾ ਗਾਉਂਦਾ ਏ
ਬੋਲੇ ਰਾਗ ਬਸੰਤ ਹਿੰਡੋਲ ਗੋਪੀ ਰਾਮਕਲੀ ਦੀਆਂ ਸੁਰਾਂ ਲਾਉਂਦਾ ਏ
ਉਹ ਪਲਾਸੀਆਂ ਨਾਲ ਤਰਾਨਿਆਂ ਦੇ ਵਾਰਸਸ਼ਾਹ ਨੂੰ ਖੜਾ ਸੁਣਾਉਂਦਾ ਏ

ਰਾਂਝੇ ਉਤੇ ਪੀਰਾਂ ਨੇ ਖੁਸ਼ੀ ਹੋਣਾ

ਰਾਜੀ ਹੋ ਪੰਜਾਂ ਪੀਰਾਂ ਹੁਕਮ ਕੀਤਾ ਬੱਚਾ ਮੰਗ ਦੁਆ ਜੋ ਮੰਗਣੀ ਹੈ
ਅੱਜ ਹੀਰ ਜੱਟੀ ਮੈਨੂੰ ਬਖਸ਼ ਉਠੋ ਰੰਗਣ ਸ਼ੌਕ ਦੇ ਨਾਲ ਜੇ ਰੰਗਣੀ ਹੈ
ਮੈਨੂੰ ਕਰੋ ਮਲੰਗ ਬਭੂਤ ਲਾਓ ਬੱਚਾ ਓਹ ਭੀ ਤੇਰੀ ਮਲੰਗਣੀ ਹੈ
ਨਾ ਸਵੀਂ ਨਾਂ ਛੱਡ ਉਧਾਲ ਜਾਵੀਂ ਘਰ ਮਾਪਿਆਂ ਦੇ ਨਹੀਂ ਸੰਗਣੀ ਹੈ