ਪੰਨਾ:ਹੀਰ ਵਾਰਸਸ਼ਾਹ.pdf/68

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੬o)

ਅਦ ਬੰਗਨੇ ਤੇ ਮਾਲਜ਼ਾਦੀਏ ਨੀ ਗੁਸੇ ਮਾਰੀਏ ਜ਼ਹਿਰ ਦੀਏ ਜ਼ਹਿਰੀਏ ਨੀ
ਬੜਬੋਲੀਏ ਗੋਬੀਏ ਬੇ-ਹਯਾਏ ਖੰਡੋਟੀਏ ਕਲ ਟਪਹਿਰੀਏ ਨੀ
ਉਧਲਾਕਨੇ ਟੋਹਨੀਏਂ ਗਹਿਰੀਏ ਨੀ ਛੈਲ ਛਿਦਰੇ ਛੰਨੀਏਂ ਛਹਿਰੀਏ ਨੀ
ਤੂੰ ਆਇਕੇ ਸਾੜਕੇ ਲੋਹੜ ਦਿੱਤਾ ਲਿੰਗ ਘੜੂੰਗੀ ਨਾਲ ਮੁਤਹਿਰੀਏ ਨੀ
ਹੁਣ ਆਖਨੀ ਹਾਂ ਟੱਲ ਜਾ ਹੀਰੇ ਮਹਿਰ ਰਾਂਝੇ ਦੇ ਨਾਲ ਦੀਏ ਮਹਿਰੀਏ ਨੀ
ਚਾਕ ਨਾਲ ਬੇਲੇ ਜਾ ਹਸੇਂ ਖੇਡੇਂ ਅਤੇ ਮੁਸ਼ਕ ਘੱਤੇਂ ਕੁੱਤੇ ਵਹਿਰੀਏ ਨੀ
ਝਖੜ ਝੁਲੀਏ ਤੇ ਸੁਰਗ ਬਿਲੀਏ ਨੀ ਗਲੋਂ ਸਾਡਿਓਂ ਲਹੁ ਗੁਲਹਿਰੀਏ ਨੀ
ਕੰਨ ਗਿਲਟੀਏ ਤੇ ਚਕਰ ਫੇਰਨੇ ਨੀ ਚਿਤੜ ਮੋਟੀਏ ਤੇ ਵਗ ਵਹਿੜੀਏ ਨੀ
ਅਖੀ ਗਹਿਰੀਏ ਸੰਘ ਸੁਰੇੜੀਏ ਨੀ ਖਬਲ ਗਲ੍ਹੀਏ ਤੇ ਡੋਹਲ ਵਹਿੜੀਏ ਨੀ
ਮੌਤ ਪਿਟੀਏ ਤੇ ਮੰਬਰ ਮਟੀਏ ਨੀ ਮੂੰਹ ਪਾਟੀਏ ਤੇ ਨਾਸਾਂ ਚੀਰੀਏ ਨੀ
ਯਾਰਾਂ ਵਾਲੀਏ ਲੁੰਡੀਏ ਗੁੰਡੀਏ ਨੀ ਆ ਸਾਹਮਣੇ ਚਾਕ ਖੁਦੇੜੀਏ ਨੀ
ਨੀ ਮਮੋਲੀਏ ਸ਼ੋਖ ਪਟਾਕੀਏ ਨੀ ਇਸ਼ਕ ਬਾਜਨੇ ਖਾਨਗੀ ਸ਼ਹਿਰੀਏ ਨੀ
ਅਣ-ਨਥੀਏ ਵਗਦੀਏ ਮੋਹਰੀਏ ਨੀ ਝਗੜ ਟਹਿਲੀਏ ਝੋਟੀਏ ਨਹਿਰੀਏ ਨੀ
ਕੌੜ ਗੰਦਲੇ ਜ਼ਹਿਰ ਦੀਏ ਰੀਂਗਣੇ ਨੀ ਧਰ ਮੋਟੀਏ ਕਟਖ ਕੁਰੇੜੀਏ ਨੀ
ਭੈੜੇ ਬਹਿਨੀਏ ਤੇ ਕੋੜ ਕਿਰਲੀਏ ਨੀ ਸਿਰ ਭੰਨਸਾਂ ਨਾਲ ਕਟਹਿਰੀਏ ਨੀ
ਕਰੇਂ ਖੁਆਰ ਸੰਸਾਰ ਤੇ ਨਿੱਜ ਹੋਈਏਂ ਨਾ ਸ਼ਰਮ ਹਯਾ ਤੇ ਠਹਿਰੀਏ ਨੀ
ਚੁੰਘ ਢਾਬ ਦੀ ਆਡ ਬੁਲਾਈਏ ਨੀ ਘਰਲਵਾਹ ਤੇ ਡੂੰਘੀਏ ਗਹਿਰੀਏ ਨੀ
ਸਾਨ੍ਹਾਂ ਨਾਲ ਰਹੇਂ ਦਿਨ ਰਾਤ ਖਹਿੰਦੀ ਆਂ ਟਲੀ ਕੁਪੱਤੀਏ ਰਹਿੜੀਏ ਨੀ
ਅਜ ਰਾਤ ਤੈਨੂੰ ਮੱਜੂ ਵਾਹ ਡੋਬਾਂ ਤੇਰੀ ਸਾਇਤ ਹੈ ਆਂਵਦੀ ਕਹਿਰੀਏ ਨੀ
ਏਸ ਕੰਮ ਥੀ ਬਾਜ਼ ਜੇ ਨਾਂਹ ਆਵੇ ਤੇਰੀ ਬੁਰੀ ਸ਼ਾਮਤ ਆਸੀ ਕਹਿਰੀਏ ਨੀ
ਵਾਰਸਸ਼ਾਹ ਜਦੋਂ ਕਪੜ-ਛੜੀ ਹੋਸੀ ਵੇਖੀ ਨਾਲ ਡਾਂਢਾਂ ਉਤੇ ਲਹਿਰੀਏ ਨੀ

ਕਲਾਮ ਹੀਰ

ਗੰਦਾ ਬਹੁਤ ਮਲੂਕ ਮੂੰਹ ਝੂਠ ਤੇਰਾ ਐਡਾ ਝੂਠ ਪਹਾੜ ਕਿਉਂ ਤੋਲਣੀ ਏਂ
ਅੰਮਾਂ ਚਾਕ ਬੇਲੇ ਅਸੀਂ ਪੀਂਘ ਝੂਟਾਂ ਕਹੇ ਗੈਬ ਦੇ ਤੋੜਨੇ ਬੋਲਣੀ ਏਂ
ਸ਼ੋਲ੍ਹਾ ਨਾਲ ਗੁਲਾਬ ਦੇ ਤਿਆਰ ਕੀਤਾ ਵਿਚ ਪਿਆਜ਼ ਕਿਉਂ ਝੂਠ ਦਾ ਘੋਲਣੀ ਏਂ
ਗੱਦਾਂ ਕਿਸੇ ਦੀ ਨਹੀਂ ਚੁਰਾ ਆਂਦੀ ਦਾਨੀ ਹੋਇਕੇ ਗੈਬ ਕਿਉਂ ਤੋਲਣੀ ਏ
ਅਣ-ਸੁਣਿਆਂ ਨੂੰ ਚਾ ਸੁਣਾਇਆ ਈ ਮੋਏ ਨਾਗ ਵਾਂਗੂੰ ਵਿੱਸ ਘੋਲਣੀ ਏਂ
ਵਾਰਸਸ਼ਾਹ ਗੁਨਾਹ ਕੀ ਅਸਾਂ ਕੀਤਾ ਐਡੇ ਗੈਬ ਦੇ ਕੁੜ ਕਿਉਂ ਫੋਲਨੀ ਏਂ