ਪੰਨਾ:ਹੀਰ ਵਾਰਸਸ਼ਾਹ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫)

ਵਾਰਸ ਸ਼ਾਹ ਮੀਆਂ ਫੇਲ੍ਹ ਬੰਦਿਆਂ ਦੇ ਰੱਬ ਕੁਦਰਤਾਂ ਨਾਲ ਅਜਮਾਇਆ ਏ

ਝੇਰਾਂ ਦਾ ਗੁੱਸੇ ਹੋਣਾ ਭਾਬੀਆਂ ਨਾਲ

ਰਾਂਝਾ ਆਖਦਾ ਭਾਬੀਓ ਵੈਰਨੋ ਨੀ ਤੁਸਾਂ ਭਾਈਆਂ ਨਾਲੋਂ ਵਿਛੋੜਿਆ ਜੇ
ਖੁਸ਼ੀ ਰੂਹ ਨੂੰ ਬਹੁਤ ਦਿਲਗੀਰ ਕਰ ਕੇ ਤੁਸਾਂ ਫੁਲ ਗੁਲਾਬ ਦਾ ਤੋੜਿਆ ਜੇ
ਸਕਿਆਂ ਭਾਈਆਂ ਨਾਲੋਂ ਵਿਛੋੜ ਮੈਨੂੰ ਕੰਡਾ ਵਿੱਚ ਕਲੇਜੇ ਦੇ ਪੋੜਿਆ ਜੇ
ਭਾਈ ਜਿਗਰ ਤੇ ਜਾਨ ਸਾਂ ਅਸੀਂ ਅੱਠੇ ਵਖੋ ਵਖ ਨੀ ਚਾ ਵਿਛੋੜਿਆ ਜੇ
ਤੁਸਾਂ ਫ਼ਿਕਰ ਕੀਤਾ ਸਾਨੂੰ ਕੱਢਣੇ ਦਾ ਭਾਈਆਂ ਨਾਲੋਂ ਵਿਛੋੜ ਕੇ ਮੋੜਿਆ ਜੇ
ਨਾਲ ਕਹਿਰ ਦੇ ਅੱਖੀਆਂ ਕੱਢ ਭਾਬੀ ਵੇਖੋ ਮਿਹਣਾ ਹੋਰ ਕੀ ਜੋੜਿਆ ਜੇ
ਦਿਨੇਂ ਰਾਤ ਸਾਂ ਮਸਤ ਮੈਂ ਵਿੱਚ ਯਾਰਾਂ ਮਾਰ ਬੋਲੀਆਂ ਦਾ ਅਜੋੜਿਆ ਜੇ
ਜਦੋਂ ਸਾਫ ਹੋ ਟੁਰਾਂਗੇ ਤਰਫ਼ ਜੰਨਤ ਵਾਰਸਸ਼ਾਹ ਦੇ ਵਾਂਗ ਨ ਮੋੜਿਆ ਜੇ

ਰਾਂਝੇ ਨਾਲ ਭਾਬੀਆਂ ਦੀ ਮਸਖਰੀ ਕਰਨੀ

ਕਰੇਂ ਖਾ ਕੇ ਆਕੜਾਂ ਦੁੱਧ ਚਾਵਲ ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੀ
ਘਰੋਂ ਨਿਕਲੇਂ ਤਾਂ ਮਰੇਂ ਪਿਆ ਭੁੱਖਾ ਸਭੇ ਭੁੱਲ ਜਾਣੀ ਖਰ-ਮਸਤੀਆਂ ਨੀ
ਆਖਣ ਦੇਵਰੇ ਨਾਲ ਨਿਹਾਲ ਹੋਈਆਂ ਸਾਨੂੰ ਸਭੇ ਸ਼ਰੀਕਣਾਂ ਹੱਸਦੀਆਂ ਨੀ
ਇਹ ਰਾਂਝੇ ਦੇ ਨਾਲ ਹਨ ਘਿਉ ਸ਼ੱਕਰ ਪਰ ਜੀਉ ਦਾ ਭੇਤ ਨ ਦਸਦੀਆਂ ਨੀ
ਰੰਨਾਂ ਡਿਗਦੀਆਂ ਨੀ ਦੇਖ ਛੈਲ ਮੁੰਡਾ ਜਿਵੇਂ ਸ਼ਹਿਦ ਵਿੱਚ ਮੱਖੀਆਂ ਫਸਦੀਆਂ ਨੀ
ਇਕ ਤੂੰ ਕਲੰਕ ਹੈਂ ਅਸਾਂ ਲੱਗਾ ਹੋਰ ਸਭ ਸੁਖਾਲੀਆਂ ਵਸਦੀਆਂ ਨੀ
ਹੱਥ ਪਕੜ ਕਮਾਨ ਤੁਫ਼ਾਨ ਵਾਲੀ ਤੀਰ ਮਿਹਣਿਆਂ ਦੇ ਸਾਨੂੰ ਕੱਸਦੀਆਂ ਨੀ
ਵਿੱਚ ਵੇਹੜਿਆਂ ਬਹਿੰਦੀਆਂ ਡਾਹ ਚਰਖੇ ਨਿੱਤ ਸਾਡੀਆਂ ਗੱਲਾਂ ਨੂੰ ਧਸਦੀਆਂ ਨੀ
ਮੰਨ ਭਾਉਂਦਾ ਖਾਈਏ ਜੱਗ ਆਖੇ ਗੱਲਾਂ ਮੁਲਕ ਨੂੰ ਭਾਂਦੀਆਂ ਰਸਦੀਆਂ ਨੀ
ਵਾਰਸ ਜਿਨ੍ਹਾਂ ਨੂੰ ਆਦਤਾਂ ਭੈੜੀਆਂ ਨੀ ਸਭ ਖਲਕਤਾਂ ਉਨ੍ਹਾਂ ਤੋਂ ਨੱਸਦੀਆਂ ਨੀ

ਜਵਾਬ ਰਾਂਝਾ

ਤੁਸਾਂ ਛੱਤਰੇ ਮਰਦ ਬਣਾ ਦਿੱਤੇ ਸੱਪ ਰੱਸੀਆਂ ਦੇ ਕਰੋ ਡਾਰੀਓ ਨੀ
ਰਾਜੇ ਭੋਜ ਦੇ ਮੁੱਖ ਲਗਾਮ ਦੇ ਕੇ ਚੜ੍ਹ ਦੌੜੀਆਂ ਹੋ ਟੂਣੇਹਾਰੀਓ ਨੀ
ਕੈਰੋਂ ਪਾਂਡਵਾਂ ਦੀ ਸਭਾ ਗਾਲ ਸੁੱਟੀ ਜ਼ਰਾ ਗੱਲ ਦੇ ਨਾਲ ਬੁਰਿਆਰੀਓ ਨੀ
ਰਾਵਣ ਲੰਕ ਲੁਟਾਇਕੇ ਗ਼ਰਕ ਹੋਯਾ ਕਾਰਨ ਤੁਸਾਂ ਦੇ ਹੀ ਹੈਂਸਿਆਰੀਓ ਨੀ
ਤੁਸਾਂ ਪੀਰ ਵਲੀ ਗ਼ੌਸ ਕੁਤਬ ਮਾਰੇ ਨਾਲ ਮੱਕਰਾਂ ਸਭੇ ਹਤਿਆਰੀਓ ਨੀ
ਵਾਰਸ ਰੰਨ ਸਦਾ ਬੇਵਫਾ ਹੁੰਦੀ ਪੂਰੀ ਨਾਲ ਨਾ ਕਿਸੇ ਉਤਾਰੀਓ ਨੀ