ਪੰਨਾ:ਹੀਰ ਵਾਰਸਸ਼ਾਹ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੯)

ਪਰ੍ਹੇ ਵਿਚ ਕੈਦੋ ਆਣ ਪੱਗ ਮਾਰੇ ਚਲੋ ਵੇਖ ਲੋ ਗਲਾਂ ਅਵੱਲੀਆਂ ਨੇ
ਲੰਙੇ ਰਿੱਛ ਬਲਾ ਬਦਫ਼ੇਲੀਏ ਨੇ ਦੇਖੋ ਸੱਤੀਆਂ ਕਲਾਂ ਉਥੱਲੀਆਂ ਨੇ
ਵਾਰਸਸ਼ਾਹ ਮੀਆਂ ਜਿਨ੍ਹਾਂ ਨੀਤ ਮੰਦੀ ਗਲਾਂ ਤਿਨ੍ਹਾਂ ਦੀਆਂ ਸਦਾ ਨਗੱਲੀਆਂ ਨੇ

ਚੂਚਕ ਨੇ ਬੇਲੇ ਵਿਚ ਹੀਰ ਤੇ ਰਾਂਝੇ ਨੂੰ ਵੇਖਣਾ

ਪਰ੍ਹੇ ਵਿਚ ਬੇਇਜ਼ਤੀ ਕਲ੍ਹ ਹੋਈ ਚੋਭ ਵਿਚ ਕਲੇਜੇ ਦੇ ਚਸਕਦੀ ਏ
ਬੇਸ਼ਰਮ ਹੈ ਟੱਪ ਕੇ ਸਿਰੀਂ ਚੜ੍ਹਦਾ ਭਲੇ ਆਦਮੀ ਦੀ ਜਾਨ ਧਸਕਦੀ ਏ
ਚੂਚਕ ਘੋੜੇ ਤੇ ਤੁਰਤ ਸਵਾਰ ਹੋਯਾ ਹੱਥ ਸਾਂਗ ਜਿਉਂ ਬਿਜਲੀ ਲਿਸ਼ਕਦੀ ਏ
ਸੁੰਬ ਘੋੜੇ ਦੇ ਕਾੜ ਹੀ ਕਾੜ ਵੱਜਣ ਹੀਰ ਸੁਣਦਿਆਂ ਰਾਂਝੇ ਤੋਂ ਖਿਸਕਦੀ ਏ
ਉੱਠ ਰਾਂਝਿਆ ਬਾਬਲਾ ਆਉਂਦਾ ਈ ਨਾਲੇ ਗੱਲ ਕਰਦੀ ਨਾਲੇ ਫੁਸਕਦੀ ਏ
ਮੈਨੂੰ ਛੱਡ ਸਹੇਲੀਆਂ ਨੱਸ ਗਈਆਂ ਮਕਰ ਨਾਲ ਹੌਲੀ ਹੌਲੀ ਰਿਸਕਦੀ ਏ
ਮੈਂ ਫੇਰ ਨਾ ਆਵਸਾਂ ਕਦੀ ਏਥੇ ਬਖਸ਼ੋ ਤੁਸੀਂ ਮੈਨੂੰ ਪਈ ਡੁਸਕਦੀ ਏ
ਵਾਰਸਸ਼ਾਹ ਜਿਉਂ ਮੋਰਚੇ ਬੈਠ ਬਿਲੀ ਸਾਹ ਘੁੱਟ ਜਾਂਦੀ ਨਹੀਂ ਕੁਸਕਦੀ ਏ

ਚੂਚਕ ਨੇ ਹੀਰ ਤੇ ਰਾਂਝੇ ਨੂੰ ਦੇਖਣਾ

ਮਹਿਰ ਦੇਖਕੇ ਦੋਹਾਂ ਇਕੱਲਿਆਂ ਨੂੰ ਗੁਸਾ ਖਾਇਕੇ ਹੋਇਆ ਈ ਰੱਤ ਵੰਨਾ
ਇਹ ਦੇਖੋ ਅਪਰਾਧ ਖੁਦਾਇ ਦਾ ਏ ਬੇਲੇ ਵਿਚ ਇਕੱਲੀਆਂ ਫਿਰਨ ਰੰਨਾਂ
ਅਖੀਂ ਨੀਵੀਆਂ ਰੱਖਕੇ ਠੁਮਕ ਚੱਲੀ ਕੱਛੇ ਮਾਰਕੇ ਚੂਰੀ ਦਾ ਥਾਲ ਛੰਨਾ
ਚੂਚਕ ਆਖਿਆ ਰੱਖ ਤੂੰ ਜਮ੍ਹਾ ਖਾਤਰ ਤੇਰੇ ਸੋਟਿਆਂ ਦੇ ਨਾਲ ਲਿੰਗ ਭੰਨਾਂ
ਗੈਰਤ ਗਈ ਸੂ ਖਾ ਕਲੇਜੜੇ ਨੂੰ ਨਾਲ ਗਜ਼ਬ ਦੇ ਕੰਬਣੇ ਵਿਚ ਸੰਨਾਂ
ਸਿਰ ਵੱਢ ਤੇਰਾ ਖ਼ੂਨ ਕਰ ਦੇਸਾਂ ਏਸ ਸ਼ੋਰ ਦਾ ਪਵੇਗਾ ਤੱਦ ਬੰਨਾ
ਮਾਰ ਕਰਾਂਗਾ ਚਾਲਕਾਂ ਰੱਸਿਆਂ ਦੀ ਮੁਸ਼ਕਾਂ ਜੋੜਕੇ ਥੰਮੀਂ ਦੇ ਨਾਲ ਬੰਨ੍ਹਾਂ
ਵਾਰਸਸ਼ਾਹ ਤੇਰੇ ਨਾਲ ਕਰਾਂ ਐਸੀ ਨਿਤ ਰੋਂਦੜੀ ਕਰੇਂਗੀ ਯਾਦ ਅੰਮਾਂ

ਹੀਰ ਨੇ ਬਾਪ ਅਗੇ ਉਜਰ ਕਰਨਾ

ਮਹੀਂ ਛੱਡ ਮਾਹੀ ਉੱਠ ਜਾਗ ਘਰੀਂ ਉਹਦੇ ਖਾਣੇ ਦੀ ਖ਼ਬਰ ਨਾ ਕਿਸੇ ਲੀਤੀ
ਭੱਤਾ ਫੇਰ ਨਾ ਕਿਸੇ ਲਿਆਉਣਾ ਏਂ ਏਦੂੰ ਪਿਛਲੀ ਬਾਬਲਾ ਹੋ ਬੀਤੀ
ਹੋਈ ਹੋਈ ਤੂੰ ਕਰ ਮੁਆਫ਼ ਮੈਨੂੰ ਤੇਰੀ ਜਾਈ ਹਾਂ ਬਾਬਲਾ ਸਮਝ ਨੀਤੀ
ਮੂੰਹੋਂ ਕਢਕੇ ਆਪ ਬਦਨਾਮ ਹੋਣਾ ਨਹੀਂ ਮਹਿਰ ਜੀ ਸਾਊਆਂ ਵਿਚ ਰੀਤੀ
ਮਸਤ ਹੋਇਕੇ ਮਹਿਰ ਬੇਹੋਸ਼ ਖੜਾ ਜਿਵੇਂ ਕਿਸੇ ਅਬਦਾਲ ਨੇ ਭੰਗ ਪੀਤੀ
ਕਿਤੇ ਏਸ ਨੂੰ ਝੱਬ ਵਿਆਹ ਦੇਈਏ ਇਹੋ ਮਹਿਰ ਦੇ ਜੀਊ ਦੇ ਵਿਚ ਸੀਤੀ
ਕਰ ਚੁੱਪ ਨਾ ਬੋਲ ਤੂੰ ਬਾਬਲਾ ਵੇ ਜਾਏ ਖਿੰਡ ਜਹਾਨ ਵਿਚ ਗੱਲ ਕੀਤੀ