ਪੰਨਾ:ਹੀਰ ਵਾਰਸਸ਼ਾਹ.pdf/8

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੬)

ਕਲਾਮ ਭਾਬੀਆਂ

ਭਾਬੀ ਆਖਦੀ ਗੁੰਡਿਆ ਮੁੰਡਿਆ ਵੇ ਸਾਡੇ ਨਾਲ ਕੀ ਰਿਕਤਾਂ ਚਾਈਆਂ ਨੀ
ਅਸੀਂ ਸ਼ਰਮ ਦੀਆਂ ਮਾਰੀਆਂ ਡੁਬ ਮਰੀਏ ਸਾਡੇ ਭਾ ਤੂੰ ਕਿਹੀਆਂ ਬਣਾਈਆਂ ਨੀ
ਵਲੀ ਜੇਠ ਤੇ ਜਿਨ੍ਹਾਂ ਦੇ ਫਤੂ ਦੇਵਰ ਡੁੱਬ ਮੋਈਆਂ ਓਹ ਭਰਜਾਈਆਂ ਨੀ,
ਲੱਟਕੰਦੜਾ ਵਿਹੜਿਆਂ ਵਿੱਚ ਫਿਰਨੈਂ ਰੰਨਾਂ ਪਿੰਡ ਦੀਆਂ ਤੁੱਧ ਭਰਮਾਈਆਂ ਨੀ
ਘਰੋ ਘਰੀ ਵਿਚਾਰਦੇ ਲੋਕ ਸਾਰੇ ਸਾਨੂੰ ਕੈਸੀਆਂ ਫਾਹੀਆਂ ਪਾਈਆਂ ਨੀ
ਸਾਨੂੰ ਛੱਡਿਆ ਕਿਤੇ ਨਾ ਬਹਿਣ ਜੋਗਾ ਲੀਕਾਂ ਪੁੱਜ ਕੇ ਅਸਾਂ ਨੂੰ ਲਾਈਆਂ ਨੀ
ਤੇਰੀ ਗੱਲ ਨਾ ਬਣੇਗੀ ਨਾਲ ਸਾਡੇ ਪਰਣਾ ਲਿਆ ਸ੍ਯਾਲਾਂ ਦੀਆਂ ਜਾਈਆਂ ਨੀ
ਵਾਰਸਸ਼ਾਹ ਅਮੋੜੀ ਨੂੰ ਮੋੜ ਨਾਹੀਂ ਜਿਨ੍ਹਾਂ ਵਾਦੀਆਂ ਤੋੜ ਨਿਬਾਹੀਆਂ ਨੀ

ਕਲਾਮ ਰਾਂਝਾ

ਮੂੰਹ ਬੁਰਾ ਦਿਸੰਦੜਾ ਭਾਬੀਏ ਨੀ ਸੜੀ ਹੋਈ ਪਤੰਗ ਕਿਉਂ ਸਾੜਨੀ ਏਂ
ਤੇਰੇ ਗੋਚਰਾ ਕੰਮ ਕੀ ਪਿਆ ਮੇਰਾ ਸਾਨੂੰ ਬੋਲੀਆਂ ਨਾਲ ਕਿਉਂ ਮਾਰਨੀ ਏਂ
ਉੱਤੇ ਚਾੜ੍ਹ ਕੇ ਪੌੜੀਆਂ ਲਾਹ ਲਵੇਂ ਕਿਹੇ ਗੱਲਾਂ ਦੇ ਮਹਿਲ ਉਸਾਰਨੀ ਏਂ
ਏਥੇ ਆਣ ਬਣ ਗਈ ਸਰਦਾਰਨੀ ਤੂੰ ਪਰ ਪੇਕਿਆਂ ਵਲੋਂ ਗਵਾਰਨੀ ਏਂ
ਪਈ ਆਕੜੇਂ ਵੱਸ ਕਰ ਭਾਈ ਮੇਰਾ ਮਾਸ ਨਵ੍ਹਾਂ ਤੋਂ ਪਈ ਉਤਾਰਨੀ ਏਂ
ਬੋਲ ਬੋਲ ਅਵੱਲੜੇ ਬੋਲਕੇ ਤੇ ਪਾੜੇ ਜ਼ਿਮੀਂ ਅਸਮਾਨ ਦੇ ਪਾੜਨੀ ਏਂ
ਐਵੇਂ ਗੈਬ ਦੀਆਂ ਤੁਹਮਤਾਂ ਜੋੜ ਕੇ ਤੇ ਕੁੱਝ ਸੱਚ ਨਾ ਝੂਠ ਨਿਤਾਰਨੀ ਏਂ
ਵਾਰਸਸ਼ਾਹ ਬੇਫ਼ਾਇਦਾ ਉਮਰ ਬਾਜ਼ੀ ਜਾ ਕੇ ਰੋਜ਼ ਕਿਆਮਤੇ ਹਾਰਨੀ ਏਂ

ਕਲਾਮ ਭਾਬੀਆਂ

ਸਿੱਧਾ ਹੋ ਕੇ ਰੋਟੀਆਂ ਖਾਹ ਜੱਟਾ ਅੱਤਾਂ ਕਾਸ ਨੂੰ ਐਡੀਆਂ ਚਾਈਆਂ ਨੀ
ਹੋਵੇ ਜ਼ਿਕਰ ਤੇਰਾ ਪੱਨਘਾਟ ਉੱਤੇ ਧੁੰਮਾਂ ਵਿੱਚ ਤ੍ਰਿਞਣਾਂ ਪਾਈਆਂ ਨੀ
ਦਿਹੇਂ ਰਾਤ ਖਰਾਬ ਉਹ ਮਗਰ ਤੇਰੇ, ਤੇਰੇ ਇਸ਼ਕ ਨੇ ਬਹੁਤ ਅਕਾਈਆਂ ਨੀ
ਘਰ ਬਾਰ ਵਸਾਰ ਖ੍ਵਾਰ ਹੋਈਆਂ ਝੋਕਾਂ ਪ੍ਰੇਮ ਦੀਆਂ ਜਿਨ੍ਹਾਂ ਨੂੰ ਲਾਈਆਂ ਨੀ
ਜੁਲਫ਼ਾਂ ਕਾਲੀਆਂ ਕੁੰਢੀਆਂ ਨਾਗ ਕਾਲੇ ਜੋਕਾਂ ਹਿੱਕ ਤੇ ਆਣ ਬਹਾਈਆਂ ਨੀ
ਵਾਰਸਸ਼ਾਹ ਇਹ ਜਿਨ੍ਹਾਂ ਦਾ ਚੰਦ ਦੇਵਰ ਡੁੱਬ ਮੋਈਆਂ ਉਹ ਭਰਜਾਈਆਂ ਨੀ

ਕਲਾਮ ਰਾਂਝਾ

ਰਾਂਝੇ ਆਖਿਆ ਭਾਈਓ ਵੈਰਨੋ ਨੀ ਬੋਲੇ ਸੁਖ਼ਨ ਹਯਾ ਤੇ ਸ਼ਰਮ ਦੇ ਨੀ
ਦੁਨੀਆ ਖ਼ਾਬ ਖ਼ਿਆਲ ਦੀ ਬਾਤ ਸਾਰੀ ਕੁੱਝ ਨਹੀਂ ਵਸਾਹ ਇਸ ਦੰਮ ਦੇ ਨੀ
ਝੂਠ ਗੀਬਤਾਂ ਵਿੱਚ ਗ਼ਲਤਾਨ ਹੋਏ ਹੁਕਮ ਨਹੀਂ ਹੋਏ ਏਸ ਕੰਮ ਦੇ ਨੀ
ਵਾਰਸ ਫੇਲ੍ਹਾਂ ਦੇ ਨਾਲ ਖ਼ਰਾਬ ਹੁੰਦੇ ਬੰਦੇ ਪਾਪ ਗੁਨਾਹ ਥੀਂ ਜੰਮਦੇ ਨੀ