ਪੰਨਾ:ਹੀਰ ਵਾਰਸਸ਼ਾਹ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੩)

ਜੋਗੀ ਲੋਕਾਂ ਨੂੰ ਮੁੰਨਕੇ ਕਰਨ ਚੇਲੇ ਅਸੀਂ ਏਸਦੇ ਇਸ਼ਕ ਨੇ ਮੁੰਨੀਆਂ ਹਾਂ
ਵਾਰਸਸ਼ਾਹ ਰਾਂਝੇ ਅਗੇ ਹੱਥ ਜੋੜੀਂ ਤੇਰੇ ਪਰੇਮ ਦੀ ਅੱਗ ਨੇ ਭੁੰਨੀਆਂ ਹਾਂ

ਹੀਰ ਨੇ ਜਵਾਬ ਲਿਖਣਾ

ਚੂਚਕ ਸਿਆਲ ਤੋਂ ਲਿੱਖਕੇ ਨਾਲ ਚੋਰੀ ਹੀਰ ਸਿਆਲ ਨੇ ਘੱਲੀ ਪਰੀਤ ਹੈ ਨੀ
ਸਾਡੀ ਖੈਰ ਹੈ ਚਾਹੁੰਦੀ ਖੈਰ ਤੁਸਾਂ ਜੇਹੀ ਖਤ ਤੇ ਲਿਖਣ ਦੀ ਰੀਤ ਹੈ ਨੀ
ਹੋਰ ਰਾਂਝੇ ਦੀ ਬਾਤ ਜੋ ਲਿਖੀਆ ਜੇ ਇਹ ਤਾਂ ਗਲ ਬੁਰੀ ਅਨਾਨੀਤ ਹੈ ਨੀ
ਅਸਾਂ ਰਖਿਆ ਚਾ ਕੁਰਾਨ ਜ਼ਾਮਨ ਕਸਮ ਖਾ ਕੇ ਵਿਚ ਮਸੀਤ ਹੈ ਨੀ
ਤੁਸੀਂ ਮਗਰ ਕਿਉਂ ਏਸ ਦੇ ਉੱਠ ਪਈਓ ਇਹਦੀ ਅਸਾਂ ਦੇ ਨਾਲ ਪ੍ਰੀਤ ਹੈ ਨੀ
ਅਸਾਂ ਜਾਂ ਤ੍ਰਿੰਵਣਾਂ ਵਿਚ ਬਹਿਣਾ ਅਸਾਂ ਗਾਉਣਾ ਏਸ ਦਾ ਗੀਤ ਹੈ ਨੀ
ਦਿਨੇ ਛੋੜ ਮੱਝੀਂ ਵੜੇ ਝੱਲ ਬੇਲੇ ਏਸ ਮੁੰਡੜੇ ਦੀ ਇਹਾ ਰੀਤ ਹੈ ਨੀ
ਰਾਤੀਂ ਆਇਕੇ ਅੱਲਾ ਨੂੰ ਯਾਦ ਕਰਦਾ ਵਾਰਸਸ਼ਾਹ ਦੇ ਨਾਲ ਮਸੀਤ ਹੈ ਨੀ

ਹੋਰ ਖਤ ਹੀਰ ਦਾ

ਨੀ ਮੈਂ ਘੋਲ ਘਤੀ ਇਹਦੇ ਮੁੱਖੜੇ ਤੋਂ ਪਾ ਦੁੱਧ ਚੂਰੀ ਇਹਦਾ ਕੂਤ ਹੈ ਨੀ
ਇਲਲਿਲਾ ਦੀਆਂ ਜੱਲੀਆਂ ਪਾਉਂਦਾ ਏ ਜ਼ਿਕਰ ਹਯੂ ਤੇ ਲਾਯਮੂਤ ਹੈ ਨੀ
ਨਹੀਂ ਭਾਬੀਆਂ ਤੇ ਕਰਤੂਤ ਕਾਈ ਸੱਭੇ ਲੜਨ ਨੂੰ ਹੋ ਮਜ਼ਬੂਤ ਹੈ ਨੀ
ਸੌਂਪ ਪੀਰਾਂ ਨੂੰ ਝੱਲ ਵਿਚ ਛੇੜਨੇ ਹਾਂ ਇਹਦੀ ਮਦਦ ਤੇ ਖਿਜਰ ਤੇ ਲੂਤ ਹੈ ਨੀ
ਮਾਰਿਆ ਤੁਸਾਂ ਦੇ ਮੇਹਣਿਆਂ ਗਾਲ੍ਹੀਆਂ ਦਾ ਇਹ ਤਾਂ ਸੁੱਕ ਕੇ ਹੋਯਾ ਤਬੂਤ ਹੈ ਨੀ
ਜਦੋਂ ਤੁਸੀਂ ਤੇ ਗਾਲੀ ਦੇਂਦੀਆਂ ਸਾਓ ਇਹ ਤਾਂ ਊਤਨੀ ਦਾ ਕੋਈ ਊਤ ਹੈ ਨੀ
ਰਾਂਝਾ ਬਖਸ਼ਿਆ ਰੱਬ ਬਹਿਸ਼ਤ-ਮੇਵਾ ਰੱਸ ਭਿੰਨੜਾ ਜਿਵੇਂ ਸ਼ਹਿਤੂਤ ਹੈ ਨੀ
ਬੇਲੇ ਵਿਚ ਮਝੀਂ ਨਿੱਤ ਚਾਰਦਾ ਏ ਰਾਂਝੇ ਯਾਰ ਦਾ ਥਾਂ ਲਾਹੂਤ ਹੈ ਨੀ
ਜਿਸ ਵਕਤ ਆਵੇ ਮੈਨੂੰ ਚੰਦ ਚੜ੍ਹਦਾ ਰਾਂਝਾ ਦਿਸਦਾ ਵਾਂਗ ਮਲਕੂਤ ਹੈ ਨੀ
ਵਾਰਸਸ਼ਾਹ ਫਿਰਾਂ ਉਦ੍ਹੇ ਮਗਰ ਲੱਗੀ ਅਜੇ ਤੀਕ ਉਹ ਰਿਹਾ ਅਣਛੂਤ ਹੈ ਨੀ

ਰਾਂਝੇਦੀਆਂ ਭਰਜਾਈਆਂ ਦਾ ਖਤ ਹੀਰ ਵਲ

ਸਾਡਾ ਮਾਲ ਸੀ ਸੋ ਤੇਰਾ ਹੋ ਗਿਆ ਜ਼ਰਾ ਦੇਖਣਾ ਬਰਾ ਖੁਦਾਈਆਂ ਦਾ
ਤੂੰ ਜੰਮਿਆ ਤੇ ਤੂੰ ਪਾਲਿਆ ਏ ਨਾ ਇਹ ਬਾਪ ਦਾ ਤੇ ਨਾ ਇਹ ਮਾਈਆਂ ਦਾ
ਸ਼ਾਹੂਕਾਰ ਹੋ ਬੈਠੀ ਹੈਂ ਮਾਰ ਥੈਲੀ ਖੋਹ ਲਿਆ ਈ ਮਾਲ ਤੂੰ ਸਾਈਆਂ ਦਾ
ਗੁੰਡਾ ਹੱਥ ਆਯਾ ਤੁਸਾਂ ਗੁੰਡੀਆਂ ਦੇ ਅੰਨ੍ਹਾ ਚੂਹਾ ਜਿਉਂ ਥੋਥਿਆਂ ਧਾਈਆਂ ਦਾ
ਅੱਗ ਲੈਣ ਆਈ ਘਰ ਸਾਂਭਿਓ ਈ ਇਹ ਤੇਰਾ ਸੀ ਵੀਰ ਨਾ ਭਾਈਆਂ ਦਾ
ਵਾਰਸਸ਼ਾਹ ਦੀ ਮਾਰ ਹੀ ਵਗੇ ਹੀਰੇ ਜੇਹਾ ਖੋਹਿਆ ਈ ਦੇਵਰ ਭਰਜਾਈਆਂ ਦਾ