ਪੰਨਾ:ਹੀਰ ਵਾਰਸਸ਼ਾਹ.pdf/85

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੭)

ਹੀਰੇ ਕਹਿਰ ਕੀਤੋ ਰੱਲ ਨਾਲ ਭਾਈਆਂ ਘੋਲ ਘਾਲ ਕੇ ਚਾ ਗਵਾਈਆਂ ਨੇ
ਜੇ ਤੂੰ ਅੰਤ ਏਹੋ ਪਿਛਾ ਦੇਣਾ ਸੀ ਐਡ ਮਿਹਨਤਾਂ ਕਾਹੇ ਕਰਾਈਆਂ ਨੇ
ਇਹਾ ਹਦ ਹੀਰੇ ਤੇਰੇ ਨਾਲ ਸਾਡੀ ਮਹਿਲ ਚਾੜ੍ਹਕੇ ਪੌੜੀਆਂ ਚਾਈਆਂ ਨੇ
ਤੈਨੂੰ ਵਿਆਹ ਦੇ ਹਾਰ ਸ਼ਿੰਗਾਰ ਹੋਏ ਅਤੇ ਖੇੜਿਆਂ ਘਰੀਂ ਵਧਾਈਆਂ ਨੇ।
ਖਾਹ ਕਸਮ ਸੌਗੰਧ ਤੈਂ ਘੋਲ ਪੀਤੀ ਡੋਬ ਸੁੱਟੀਆਂ ਪੂਰੀਆਂ ਪਾਈਆਂ ਨੇ
ਇਤਬਾਰ ਕਰਨਾ ਕੌਲ ਰੰਨ ਦੇ ਤੇ ਨਹੀਂ ਕੁਝ ਵਿਸਾਹ ਜਿਨ੍ਹਾਂ ਜਾਈਆਂ ਨੇ
ਮਾਨੂੰ ਠੱਗਿਓਈ ਹੀਰੇ ਦਗ਼ਾ ਦੇ ਕੇ ਜਿਹੀਆਂ ਕੀਤੀਆਂ ਸੋ ਅਸਾਂ ਪਾਈਆਂ ਨੇ
ਰਾਂਝੇ ਸੱਦ ਕੇ ਹੀਰ ਨੂੰ ਬੈਠ ਗੋਸ਼ੇ ਗਲਾਂ ਸੱਚ ਦੀਆਂ ਚਾ ਸੁਣਾਈਆਂ ਨੇ
ਕੁੜੀਆਂ ਬੋਲੀਆਂ ਫੇਰ ਇਕੱਠ ਕਰਕੇ ਜਿਹੀਆਂ ਸਾਣ ਤੇ ਪਕੜ ਚੜ੍ਹਾਈਆਂ ਨੇ
ਅਸਾਂ ਗੱਲ ਤੇਰੀ ਅੜੀਏ ਲੱਭ ਲਈ ਪੱਟ ਸੱਟੀਆਂ ਸਭ ਕਮਾਈਆਂ ਨੇ
ਤੇਰੀਆਂ ਨੀਯਤਾਂ ਹੋਰ ਦੀਆਂ ਹੋਰ ਹੋਈਆਂ ਗਲਾਂ ਆਸ ਉਮੈਦ ਮੁਕਾਈਆਂ ਨੇ
ਬਾਹੋਂ ਪਕੜ ਕੇ ਟੋਰ ਚਾ ਕੱਢ ਦੇਸੋਂ ਏਵੇਂ ਤੋੜ ਨੈਣਾਂ ਜਿਵੇਂ ਲਾਈਆਂ ਨੇ
ਯਾਰ ਯਾਰ ਥੀਂ ਜੁਦਾ ਕਰ ਦੂਰ ਹੋਏ ਮੇਰੇ ਬਾਬ ਤਕਦੀਰ ਲਿਖਾਈਆਂ ਨੇ
ਅਸਾਂ ਆਸ ਕੇਹੀ ਹੁਣ ਨੱਢੀਏ ਨੀ ਜਿਥੇ ਖੇੜਿਆਂ ਜ਼ਰਾਂ ਵਿਖਾਈਆਂ ਨੇ
ਵਾਰਸਸ਼ਾਹ ਵਿਆਹ ਦੀ ਖੁਸ਼ੀ ਚੜ੍ਹੀ ਅਖੀਂ ਉਸਦੀਆਂ ਲਾਲ ਸਵਾਈਆਂ ਨੇ

ਜਵਾਬ ਰਾਂਝਾ

ਰਾਂਝੇ ਆਖਿਆ ਮੂੰਹੋਂ ਕੀ ਬੋਲਣਾ ਏ ਘੁੱਟ ਵੱਟ ਕੇ ਦੁੱਖੜਾਂ ਪੀਉਣਾ ਏਂ
ਮੇਰੇ ਸਬਰ ਦੀ ਦਾਦ ਜੇ ਰੱਬ ਦਿੱਤੀ ਖੇੜੇ ਹੀਰ ਸਿਆਲ ਨਾ ਜੀਉਣਾ ਏਂ
ਯੋਮਿਤੇ ਤਸ਼ੱਕਕ ਅਸਮਾਂ ਬਿਲਗਮ ਸਾਰੇ ਦੇਸ ਦੇ ਵਿਚ ਇਹ ਤੀਉਣਾ ਏਂ
ਯੋਮਿ ਤੇ ਤਬੱਦਲ ਉਲ ਅਰਜ਼ ਮੋਈਏ ਅੰਬਰ ਪਾਟੜੇ ਨੂੰ ਕਿਸ ਸੀਉਣਾ ਏਂ
ਸਬਰ ਦਿਲਾਂ ਦੇ ਮਾਰ ਜਹਾਨ ਪਟਨ ਉੱਚੀ ਕਾਸਨੂੰ ਅਸਾਂ ਬਕੀਉਣਾ ਏਂ
ਤੁਸੀਂ ਕਮਲੀਆਂ ਇਸ਼ਕ ਥੀਂ ਨਹੀਂ ਵਾਕਫ਼ ਨਿਹੁੰਲਾਵਣਾ ਨਿੰਮਦਾ ਪੀਉਣਾ ਏਂ
ਅਸਾਂ ਸਬਰ ਥੀਂ ਕੰਮ ਨੂੰ ਪਾਉਣਾ ਏਂ ਅੰਬਰ ਪਾਟ ਪਵੇ ਸਬਰ ਸੀਉਣਾ ਏਂ
ਵਾਰਸਸ਼ਾਹ ਚੁਪ ਕੀਤਿਆਂ ਕੰਮ ਪਾਈਏ ਉੱਚਾ ਬੋਲਕੇ ਕਾਹੇ ਬਕੀਉਣਾ ਏਂ

ਸਹੇਲੀਆਂ ਦਾ ਹੀਰ ਪਾਸ ਆਉਣਾ

ਰੱਲ ਹੀਰ ਤੇ ਆਈਆਂ ਫੇਰ ਸਭੇ ਰਾਂਝੇ ਯਾਰ ਤੇਰੇ ਸਾਨੂੰ ਘੱਲਿਆ ਈ
ਸੋਟਾ ਕਮਲੀ ਵੰਝਲੀ ਸੱਟ ਕੇ ਤੇ ਉੱਠ ਦੇਸ ਪਰਦੇਸ ਨੂੰ ਚੱਲਿਆ ਈ
ਜੇ ਤੈਂ ਅੰਤ ਉਹਨੂੰ ਪਿਛਾ ਦੇਵਣਾ ਸੀ ਉਹਦਾ ਕਾਲਜਾ ਕਾਸਨੂੰ ਸੱਲਿਆ ਈ
ਅਸਾਂ ਏਨੀ ਗੱਲ ਮਾਲੂਮ ਕੀਤੀ ਤੇਰਾ ਨਿਕਲ ਈਮਾਨ ਹੁਣ ਚੱਲਿਆ ਈ