ਪੰਨਾ:ਹੀਰ ਵਾਰਸਸ਼ਾਹ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੨)

ਲਾਗ ਲਾਗੀਆਂ ਦੇ ਜਿਹੜੇ ਨਗਦ ਆਹੇ ਗਿਣ ਗੱਟ ਕੇ ਚਾ ਵਸਾਰਿਆ ਨੇ
ਦਾਜ ਘੁੱਟ ਕੇ ਚੌਂਕ ਸੰਦੁਕ ਬੱਧੇ ਸੁਣੋ ਕੀ ਕੀ ਦਾਜ ਰੰਗਾਰਿਆ ਨੇ
ਵੰਗਾਂ ਚੂੜੀਆਂ ਵਿਚ ਦੰਦਾਨੀਆਂ ਸੀ ਨਾਲ ਮੱਛਲੀ ਵਾਲੜੇ ਸਾਰਿਆ ਨੇ
ਬੰਦੇ ਆਰਸੀ ਨਾਲ ਅੰਗੂਠੜੀਆਂ ਦੇ ਮਹਿਲ ਬਿੱਛੂਏ ਨਾਲ ਨਤਾਰਿਆ ਨੇ
ਜਿਹੜੇ ਜ਼ੇਵਰ ਸਭ ਤਿਆਰ ਹੋਏ ਅੰਗ ਲਾਵਣੇ ਹਾਰ ਸ਼ਿੰਗਾਰਿਆ ਨੇ
ਵਾਰਸਸ਼ਾਹ ਮੀਆਂ ਅਸਲ ਦਾਜ ਰਾਂਝਾ ਇਕ ਉਹ ਬਦਰੰਗ ਕਰ ਮਾਰਿਆ ਨੇ

ਹੀਰ ਦੇ ਦਾਜ ਦੇ ਕਪੜਿਆਂ ਦੀ ਗਿਣਤੀ

ਲਾਲ ਲੁੰਗੀਆਂ ਅਤੇ ਮਤਾਅ ਲਾਚੇ ਕਈ ਖੇਸ ਤੇ ਰੇਸ਼ਮ ਸਲਾਰੀਆਂ ਨੇ
ਮਾਂਗ ਚੁੰਗ ਪਟਾਂਕਲਾਂ ਡੋਰੀਏ ਸਨ ਬੂੰਦਾਂ ਹੋਰ ਪੰਜਤਾਨੀਆਂ ਸਾਰੀਆਂ ਨੇ
ਚੋਬ ਛਾਇਲਾਂ ਤੇ ਨਾਲੇ ਚਾਸਕੂੰ ਭੀ ਚੰਦਾਂ ਮੋਰਾਂ ਦੇ ਬਾਨ੍ਹਣੂ ਝਾਰੀਆਂ ਨੇ
ਰੰਗ ਰੰਗ ਦੇ ਦਾਜ ਤਿਆਰ ਹੋਏ ਸਭ ਜੋੜ ਕੇ ਚਾ ਸਵਾਰੀਆਂ ਨੇ
ਸਾਲੂ ਬੰਦੜੇ ਚਾਦਰਾਂ ਬਾਫ਼ਤੇ ਦੀਆਂ ਨਾਲ ਭੋਸ਼ਨਾਂ ਦੇ ਫੁਲਕਾਰੀਆਂ ਨੇ
ਵਾਰਸਸ਼ਾਹ ਚੁਣਕੇ ਸਿਰੋਪਾ ਖਾਸੇ ਪੋਸ਼ਾਕੀਆਂ ਮਿਲਦੀਆਂ ਭਾਰੀਆਂ ਨੇ
ਨਾਲ ਘੱਗਰੇ ਕਾਢਵੇਂ ਨਾਲ ਮਸਰੂ ਮੁਸ਼ਕੀ ਪਗਾਂ ਦੇ ਨਾਲ ਤਸੀਲੜੇ ਨੇ
ਬੋਕਬੰਦ ਤੇ ਅੰਬਰੀ ਬਾਦਲਾ ਸੀ ਜ਼ਰੀ ਖਾਸੇ ਜੋ ਤਾਰ ਰਸੀਲੜੇ ਨੇ
ਦਰਿਆਈ ਦੀਆਂ ਚੋਲੀਆਂ ਨਾਲ ਫੁੰਮਣ ਕੀਮਖਾਬ ਤੇ ਚੁੰਨੀਆਂ ਪੀਲੜੇ ਨੇ
ਚਾਰ ਖਾਨੀਏਂ ਡੋਰੀਏ ਮਲਮਲਾਂ ਸਨ ਚੋਪ ਛਾਇਲਾਂ ਬਣਤ ਸੁਖੀਲੜੇ ਨੇ
ਅਲਾਹ ਤੇ ਜਾਲੀਆਂ ਝਿੰਮੀਆਂ ਸਨ ਸ਼ੀਰ ਸ਼ਕਰ ਗੁਲਬਦਨ ਰਸੀਲੜੇ ਨੇ
ਦਾਜ ਸੁਰਖ ਸੁਫੈਦ ਤੇ ਜ਼ਰਦ ਪੀਲੇ ਹਰੇ ਅਤਲਸੀ ਤੇ ਲਾਲ ਨੀਲੜੇ ਨੇ
ਨੈਣੂੰ ਖਾਸ ਤੇ ਕਮਰਖਾ ਥਾਨ ਸਾਰੇ ਇਕ ਗੂਹੜੇ ਇੱਕ ਪਤੀਲੜੇ ਨੇ
ਵਾਰਸਸ਼ਾਹ ਦੇ ਓਢਣੇ ਹੀਰ ਰਾਂਝਾ ਸੁਕ ਤੀਲੜੇ ਤੇ ਬੁਰੇ ਹੀਲੜੇ ਨੇ

ਦਾਜ ਦੇ ਭਾਂਡਿਆਂ ਦੀ ਗਿਣਤੀ

ਸੁਰਮੇ ਦਾਣੀਆਂ ਬਾਲੀਆਂ ਥਾਲ ਛੰਨੇ ਲੋਹ ਕੜਛ ਤੇ ਨਾਲ ਕੜਾਹੀਆਂ ਦੇ
ਕੌਲ ਗੜਵੇ ਪਤੀਲੇ ਤੇ ਤਬਲ ਬਾਜਾਂ ਰਕਾਬ ਅਤੇ ਪਰਾਤ ਪਰਵਾਹੀਆਂ ਦੇ
ਚਮਚੇ ਬੇਲੂਚੇ ਦੋਹਨੀ ਦੇਗਚੇ ਸਨ ਨਾਲ ਖੂਨਚੇ ਤਾਸ ਬਾਦਸ਼ਾਹੀਆਂ ਦੇ
ਬੇਹਿਸਾਬ ਬੇਅੰਤ ਸਨ ਦਾਜ ਬਣੇ ਜਿਗਰ ਪਾਟ ਗਏ ਵੇਖਕੇ ਰਾਹੀਆਂ ਦੇ
ਘੁਮਿਆਰਾਂ ਨੇ ਮਟਾਂ ਦੇ ਢੇਰ ਲਾਏ ਢੁੱਕੇ ਬਹੁਤ ਬਾਲਣ ਨਾਲ ਆਹੀਆਂ ਦੇ
ਮਸ਼ਕਾਂ ਮਾਸ਼ਕੀ ਭਰਨ ਉਤਾਵਲੇ ਹੋ ਬੋਕੇ ਸੈਂਕੜੇ ਖੂਹ ਵਿਚ ਪਾਈਆਂ ਦੇ
ਖਲਕਤ ਜੁੜੀ ਹੈ ਰੋਟੀਆਂ ਖਾਣ ਵਾਲੀ ਕੋਈ ਵਾਰ ਨਾ ਆਂਵਦੇ ਨਾਈਆਂ ਦੇ