ਪੰਨਾ:ਹੀਰ ਵਾਰਸਸ਼ਾਹ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੪)

ਭੜਥੂ ਮਾਰਕੇ ਫੁਮਣੀਆਂ ਘਤਦੀਆਂ ਨੇ ਇਕ ਆਉਂਦੀਆਂ ਤੇ ਇਕ ਜਾਂਦੀਆਂ ਨੇ
ਵਾਰਸਸ਼ਾਹ ਦਾ ਚੂਰਮਾ ਕੁੱਟ ਕੇ ਤੇ ਦੇਹ ਫ਼ਾਤਿਆ ਵੰਡ ਵੰਡਾਂਦੀਆਂ ਨੇ

ਜੰਝ ਦਾ ਆਉਣਾ

ਢਾਡੀ ਭਗਤੀਏ ਕੰਜਰੀਆਂ ਨਕਲੀਏ ਸਨ ਅਤੇ ਡੂਮ ਸਰੋਜ ਵਜਾਇਕੇ ਜੀ
ਕਸ਼ਮੀਰੀ ਤੇ ਦੱਖਣੀ ਨਾਲ ਵਾਜੇ ਭੇਰਾਂ ਤੁਰ੍ਰੀਆਂ ਛੰਨਾਂ ਛਨਾਇਕੇ ਜੀ
ਪਿਆ ਆਣ ਹਿਣਕਾਰ ਸੀ ਘੋੜਿਆਂ ਦਾ ਉੱਡੀ ਧਰਤ ਤੋਂ ਧੂੜ ਧਮਾਇਕੇ ਜੀ
ਨੀਲੀ ਸ਼ਰਬਤੀ ਪੰਜ ਕਲਿਆਨ ਕੁੱਲੇ ਛੱਬੇ ਫੁੰਮਣਾਂ ਨਾਲ ਸਜਾਇਕੇ ਜੀ
ਮੁਸ਼ਕੀ ਚੰਬੇ ਕੁਮੈਤ ਅਰਾਕੀਏ ਸਨ ਸਬਜੀ ਚੀਨੀਆਂ ਰੰਗ ਚਮਕਾਇਕੇ ਜੀ
ਨੁਕਰੇ ਤੇਲੀਏ ਕਕੇ ਸਮੁੰਦ ਚੂਹੇ ਚਲਣ ਚਾਲ ਕਨੌਤੀਆਂ ਚਾਇਕੇ ਜੀ
ਗਾਵਣ ਕੰਜਰੀਆਂ ਖੂਬ ਅਵਾਜ਼ ਕਰਕੇ ਅਤੇ ਦਸਦੀਆਂ ਦਸਤ ਬਣਾਇਕੇ ਜੀ
ਵਾਂਗ ਮੋਰ ਦੇ ਪਾਇਲਾਂ ਪਾਂਦੀਆਂ ਨੇ ਨਾਚ ਨਚਦੀਆਂ ਪੈਰ ਨਚਾਇਕੇ ਜੀ
ਚੜ੍ਹਤ ਦਾਰ ਕਬਿੱਤ ਸਨ ਬਹੁਤ ਪੜ੍ਹਦੇ ਦੇਂਦੇ ਨੇਕ ਜਬਾਨ ਸੁਣਾਇਕੇ ਜੀ
ਸੋਨੇ ਰੁਪੇ ਬਲੌਰ ਦੀਆਂ ਠੂਠੀਆਂ ਲਾ ਪੋਸਤ ਪੀਂਵਦੇ ਭੰਗ ਛਨਾਇਕੇ ਜੀ
ਕੇਸਰ ਭਿੰਨੜੇ ਪਗਾਂ ਦੇ ਪੇਚ ਆਹੇ ਘੋੜੇ ਲੂਲ੍ਹ ਹਮੇਲ ਛਨਕਾਇਕੇ ਜੀ
ਕਾਠੀਆਂ ਸੁਰਖ ਬਨਾਤ ਦੀਆਂ ਹੱਥ ਨੇਜੇ ਦਾਰੂ ਪੀਵਦੇ ਧ੍ਰੱਗਾਂ ਵਜਾਇਕੇ ਜੀ
ਫੁਲਾਂ ਸੇਹਰਿਆਂ ਤੁਰ੍ਰਿਆਂ ਨਾਲ ਲਟਕਣ ਟਕੇ ਦਿਤੋ ਨੇ ਲੱਖ ਲੁਟਾਇਕੇ ਜੀ
ਵਿਚ ਚੌਂਕ ਦੇ ਜੰਵ ਉਤਾਰ ਕੀਤਾ ਸਫਾਂ ਬੋਰੀਆਂ ਦੇਣ ਵਛਾਇਕੇ ਜੀ
ਮਜਲਸ ਲਾ ਬੈਠੇ ਵਿਚ ਦਾਇਰੇ ਦੇ ਪਿਆਵਣ ਸ਼ਰਬਤ ਸਾਫ਼ ਛਕਾਇਕੇ ਜੀ
ਸੋਨੇ ਰੁਪੇ ਤੇ ਚਰਮ ਦੇ ਲਾ ਹੁੱਕੇ ਬਦਰੇ ਭਰਥ ਦੇ ਚਮਕ ਚਮਕਾਇਕੇ ਜੀ
ਪੇਚ ਵਾਲੇ ਚੁਗਾਨੀਏ ਖੂਬ ਨੇਚੇ ਸੁਚੇ ਤਿਲੇ ਦੇ ਬੰਦ ਪਵਾਇਕੇ ਜੀ
ਵਾਰਸਸ਼ਾਹ ਦੇ ਮੁਖ ਤੇ ਬੰਨ੍ਹ ਮੁਕਟ ਸੋਇਨ ਸੇਹਰੇ ਬੰਨ੍ਹ ਬੰਨਾਇਕੇ ਜੀ

ਜਾਂਞੀਆਂ ਨੂੰ ਕੁੜੀਆਂ ਨੇ ਗਾਲ੍ਹੀਆਂ ਦੇਣੀਆਂ

ਦੇਖੋ ਝੰਗ ਸਿਆਲ ਬਹਿਸ਼ਤ ਬਣਿਆ ਕੁੜੀਆਂ ਮੇਲ ਦੀਆਂ ਖੂਬ ਸੁਹਾਇਆ ਈ
ਫੁਲਾਂ ਛੁੱਟੀਆਂ ਸੋਹਣੀਆਂ ਗੁੰਦਕੇ ਤੇ ਇਕੋ ਜੇਡੀਆਂ ਮਤਾ ਪਕਾਇਆ ਈ
ਕਾਈ ਆਖਦੀ ਅੰਮਾਂ ਚੁਦਾਵਿਆ ਵੇ ਮੇਰੀ ਭੈਣ ਨੂੰ ਭੈਣ ਬਣਾਇਆ ਈ
ਅੰਮਾਂ ਤੇਰੀ ਦਾ ਸੈਦਿਆ ਖੇੜਿਆ ਵੇ ਨਾਲ ਚਾਕ ਦੇ ਅਕਦ ਬੰਨ੍ਹਾਇਆ ਈ
ਅਵੇ ਲਾੜਿਆ ਚੀਕ ਮਚੀਕ ਕੇਹੀ ਏਥੇ ਦਮਾਂ ਦਾ ਚੁਕ ਚੁਕਾਇਆ ਈ
ਭਾਵੇਂ ਭੈਣ ਭਨੇਵੀਂ ਨੂੰ ਵੇਚ ਖਾ ਵੇ ਲੇਖਾ ਏਹੋ ਅਸਾਂ ਵਲ ਪਾਇਆ ਈ
ਕਾਈ ਦੇ ਗਾਲ੍ਹੀ ਕਾਈ ਪਾਇ ਕਾਮਣ ਆਪੋ ਆਪਣਾ ਢੋਲ ਵਜਾਇਆ ਈ