ਪੰਨਾ:ਹੀਰ ਵਾਰਸਸ਼ਾਹ.pdf/93

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੫)

ਚੂਚਕ ਮਹਿਰ ਦੀਆਂ ਘਰਦੀਆਂ ਬਿਲੀਆਂ ਤੋਂ ਟਬਰ ਖੇੜਿਆਂ ਦਾ ਪੜਵਾਇਆ ਈ
ਜੰਞ ਖੇੜਿਆਂ ਦੀ ਜਦੋਂ ਆਣ ਢੁੱਕੀ ਕੁੜੀਆਂ ਕਾਮਣਾਂ ਤੇ ਜ਼ੋਰ ਪਾਇਆ ਈ
ਜੰਞ ਬੰਨ੍ਹਣ ਦੀਆਂ ਕਰਨ ਤਿਆਰੀਆਂ ਜੀ ਨਾਲ ਮੰਤਰਾਂ ਚਾ ਵਲਾਇਆ ਈ
ਸੈਦਿਆ ਸਣੇ ਸਰਬਾਹਲੜੇ ਚੁਤੂ ਆਵੇ ਕਿਉਂ ਗਾਂਡੂਆਂ ਨਾਮ ਧਰਾਇਆ ਈ
ਵਾਰਸਸ਼ਾਹ ਮੀਆਂ ਪਹਿਲੋਂ ਸਮਝਣਾ ਸੀ ਕਿਉਂ ਜਾਣਕੇ ਭਾਰ ਉਠਾਇਆ ਈ

ਜੰਵ ਨੇ ਆਉਣਾ ਅਤੇ ਰਾਂਝੇ ਨੇ ਉਦਾਸ ਹੋਣਾ

ਜੰਞ ਆਉਂਦੀ ਵੇਖ ਕੇ ਖੇੜਿਆਂ ਦੀ ਰਾਂਝਾ ਭੁੱਜਕੇ ਵਾਂਗ ਕਬਾਬ ਹੋਯਾ
ਖੁਸ਼ੀ ਹੀਰ ਦੇ ਵਿਆਹ ਦੀ ਸੈਦੜੇ ਨੂੰ ਮਸਤ ਪੀਤਿਆਂ ਬਾਝ ਸ਼ਰਾਬ ਹੋਯਾ
ਅਜ ਕੌਣ ਪੁਛੇ ਰਾਂਝੇ ਚਾਕ ਤਾਈਂ ਬੇਗਮ ਹੀਰ ਤੇ ਖੇੜਾ ਨਵਾਬ ਹੋਯਾ
ਭਲੀ ਮੌਤ ਆਖੇ ਰਾਂਝਾ ਜ਼ਿੰਦਗੀ ਤੋਂ ਜੀਉਣ ਯਾਰ ਦੇ ਬਾਝ ਅਜ਼ਾਬ ਹੋਯਾ
ਲੋਕ ਆਖਦੇ ਚੂਚਕ ਨੇ ਜ਼ੁਲਮ ਕੀਤਾ ਹਾਰੇ ਕੌਲ ਈਮਾਨ ਖ਼ਰਾਬ ਹੋਯਾ
ਰਾਂਝਾ ਹੀਰ ਪਿਛੇ ਮਹੀਂ ਚਾਰਦਾ ਸੀ ਮਸ਼ਹੂਰ ਸੀ ਵਿਚ ਪੰਜਾਬ ਹੋਯਾ
ਕੀਤਾ ਜਦੋਂ ਸਵਾਲ ਸੀ ਖੇੜਿਆਂ ਨੇ ਰਾਂਝੇ ਸਮਝਿਆ ਸਾਨੂੰ ਜਵਾਬ ਹੋਯਾ
ਵਾਰਸਸ਼ਾਹ ਮਲੂਮ ਕਰ ਲੈਣ ਆਪੇ ਰੋਜ਼ ਹਸ਼ਰ ਦੇ ਜਦੋਂ ਹਸਾਬ ਹੋਯਾ

ਜੰਟ ਨੇ ਝੰਗ ਵਿਚ ਆਉਣਾ

ਚੜ੍ਹੀ ਰੰਗ ਪੁਰੋਂ ਜੰਞ ਖੇੜਿਆਂ ਦੀ ਢੁੱਕੀ ਸ਼ਹਿਰ ਸਿਆਲਾਂ ਦੇ ਆ ਮੀਆਂ
ਲਾਗੇ ਲਾਗ ਖੁਸ਼ਾਮਦੀ ਆ ਖੜੇ ਹਥੀਂ ਦਿਤੇ ਨੇ ਸਿਹਰੇ ਫੜਾ ਮੀਆਂ
ਸ਼ਤਰੰਜੀਆਂ ਘੱਤ ਵਿਚ ਸੱਥ ਬੈਠ ਜੋੜੇ ਢਾਡੀਆਂ ਦੇ ਖਲੇ ਆ ਮੀਆਂ
ਵਾਰਸਸ਼ਾਹ ਢਾਡੀ ਖੜੇ ਗਾਂਵਦੇ ਨੇ ਕੀਤੀ ਖੇੜਿਆਂ ਨੇਕ ਅਦਾ ਮੀਆਂ

ਸਿਆਲਾਂ ਦੀ ਖੇੜਿਆਂ ਨਾਲ ਮਿਲਣੀ

ਜਾਂਞੀ ਕਮਰਾਂ ਕੱਸਕੇ ਆਣ ਖਲੇ ਤਦੋਂ ਤੇਲੀਆਂ ਆਨ ਮਸਾਲ ਫੜੀ
ਲੱਖ ਲੱਖ ਗੁਜ਼ਾਰ ਦੇ ਸ਼ੁਕਰਾਨਾ ਜਦੋਂ ਜੰਞ ਦਰਵਾਜੜੇ ਆਣ ਵੜੀ
ਸ਼ਾਨ ਸਿਆਲ ਦੀ ਵੇਖਕੇ ਖੁਸ਼ੀ ਹੋਏ ਕੰਨੀਂ ਬੁੰਦੇ ਤੇ ਸੋਂਹਦੇ ਹਸ ਕੁੜੀ
ਵਾਰਸਸ਼ਾਹ ਕੀ ਪੁਛਣਾ ਹੀਰ ਤਾਈਂ ਇਕ ਦੂਜੀ ਤੋਂ ਚੰਗੀ ਏ ਹੀਰ ਕੜੀ
ਨਾਈ ਚਾ ਕੇ ਥਾਲ ਪਤਾਸਿਆਂ ਦਾ ਧਰਿਆ ਖੇੜਿਆਂ ਦੇ ਅਗੇ ਆਂ ਮੀਆਂ
ਪੰਜ ਰੋਕ ਰੁਪੈ ਤੇ ਇਕ ਲੁੰਙੀ ਧਰਿਆ ਖੇੜਿਆਂ ਦਾ ਸਿਰੋਪਾ ਮੀਆਂ
ਮਿਲਣੀ ਕੁੜਮਾਂ ਦੀ ਹੋ ਗਈ ਪਿਛ੍ਹਾਂ ਚਲੇ ਲਾੜਾ ਘੋੜੀ ਤੇ ਲਿਆ ਚੜ੍ਹਾ ਮੀਆਂ
ਵਾਰਸਸ਼ਾਹ ਸਰਬਾਲ੍ਹੜਾ ਨਾਲ ਚੜ੍ਹਿਆ ਚੰਗੇ ਕਰੇਗਾ ਕੰਮ ਖੁਦਾ ਮੀਆਂ

ਜ਼ਿਕਰ ਆਤਸ਼ਬਾਜ਼ੀ

ਆਤਸ਼ਬਾਜ਼ੀਆਂ ਛੁੱਟੀਆਂ ਫੁੱਲ ਝੜੀਆਂ ਨਾਲੇ ਛੁੱਟੀਆਂ ਬਾਗ ਹਵਾ ਮੀਆਂ