੧੪੬
ਦੁਆਬੇ ਸਿੰਧ ਸਾਗਰ ਦੇ ਨਗਰ
ਮਿਲਦਾ ਹੈ,ਅਤੇ ਛੱਛ ਅਰ ਹਜਾਂਰੇ ਅਰ ਅਟਕ ਦੇ ਵਸਨੀਕਾਂ ਦਾ ਭਗਵਾ ਬਲਾਇਤ ਅਰ ਪਸੌਰ ਦੇ ਲੋਕਾਂ ਨਾਲ ਰਲਦਾ ਹੈ;ਅਤੇ ਜਿਹੜੇ ਲੋਕ ਦਰਿਆਓਂ ਬਹਿਤ(ਜਿਹਲਮ) ਦੇ ਕੰਢੇ ਅਤੇ ਥਲਾਂ ਅਰ ਬਲੋਚਿਸਤਾਨ ਦੇ ਮੁਲਕ ਵਿੱਚ ਵਸਦੇ ਹਨ,ਤਿੰਨਾਂ ਦਾ ਭਗਵਾ ਹੋਰ ਡੌਲ ਦਾ ਹੈ;ਅਰਥਾਤ ਓਹ ਸਾਰੇ ਸਿਰ ਉੱਪਰ ਬਾਲ ਰੱਖਦੇ ਹਨ,ਅਤੇ ਤੰਬੇ ਨਹੀ ਪਹਿਨਦੇ;ਬਲਕਿ ਤੰਬੇ ਦੇ ਬਦਲੇ ਚਾਦਰ ਲੱਕ ਬੰਨਦੇ ਹਨ;ਅਤੇ ਇਸੀ ਪ੍ਰਕਾਰ ਓਹਨਾ ਦੀ ਬੋਲੀ ਵਿਚ ਵੀ ਥੋੜਾ ਬਹੁਤ ਫਰਕ ਹੈ|ਬਾਜਿਆਂ ਦੀ ਲਾਹੌਰੀ ਬੋਲੀ ਨਾਲ ਮਿਲਦੀ ਹੈ,ਅਤੇ ਥੋੜਿਆਂ ਕੁ ਦੀ ਪਸਤੋ ਨਾਲ,ਅਤੇ ਕਈਆਂ ਦੀ ਮੁਲਤਾਨੀ ਅਰ ਸਿੰਧੀ ਬੋਲੀ ਨਾਲ ਰਲਦੀ ਹੈ|ਅਤੇ ਓਹਨਾ ਦੇ ਖੇਤ ਸਿੰਜਣ ਦਾ ਰਾਹ ਬੀ ਆਪੋ ਆਪਣਾ ਅੱਡੋ ਅੱਡ ਹੈ|ਕਿਧਰੇ ਚਰਖੀ,ਅਰ ਕਿਧਰੇ ਨਹਿਰਾਂ ਨਾਲ ਸਿੰਜਦੇ ਹਨ,ਅਤੇ ਥਲਾਂ ਅਰ ਬਲੋਚਾਂ ਦੇ ਮੁਲਖ ਵਿਚ ਮੀਂਹ ਪੁਰ ਖੇਤੀ ਹੁੰਦੀ ਹੈ|ਇਸ ਦੁਆਬੇ ਵਿਚ ਮਨਕੇਰੇ ਦੇ ਬੰਨੇ ਤੀਕੁਰ,ਸਿੱਖਾਂ ਦਾ ਰਾਜ ਹੈ;ਅਤੇ ਜਿੱਥੇ ਦੋਨੋਂ ਦਰਿਆ ਜਾ ਕੇ ਕੱਠੇ ਹੁੰਦੇ ਹਨ,ਤਿਥੇ ਨਬਾਬ ਬਹਾਉਲਪੁਰੀਏ ਅਰ ਸਿੰਧੀਆਂ ਦਾ ਰਾਜ ਹੈ|ਅਤੇ ਇਸ ਦੁਆਬੇ ਦੇ ਛਿਤਾਲੀ ਮਹਾਲ ਹਨ,ਜਿਹਨਾ ਵਿਚੋਂ ਬੈਤਾਲੀ ਲਹੌਰ ਦੇ ਤਾਬੇ,ਅਤੇ ਚਾਰ ਮੁਲਤਾਨ ਨੂੰ ਲੱਗਦੇ ਹਨ|