ਪੰਨਾ:Aaj Bhi Khare Hain Talaab (Punjabi).pdf/110

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮਾੜਾ ਸਮਾਂ ਆ ਗਿਆ ਸੀ ।

ਪੋਪਾ ਹੁੰਦੇ ਤਾਂ ਜ਼ਰੂਰ ਦੱਸਦੇ ਕਿ ਤਾਲਾਬਾਂ ਲਈ ਮਾੜਾ ਸਮਾਂ ਆ ਗਿਆ ਹੈ। ਜਿਹੜੀਆਂ ਸਹਿਜ ,ਸਰਲ ,ਰਸਭਰੀਆਂ ਪਰੰਪਰਾਵਾਂ, ਮਾਨਤਾਵਾਂ ਤਾਲਾਬ ਬਣਾਉਂਦੀਆਂ ਸਨ, ਉਹ ਸਭ ਸੁੱਕਣ ਲੱਗ ਪਈਆਂ ਸਨ ।

ਦੂਰੀ ਭਾਵੇਂ ਇੱਕ ਛੋਟਾ ਜਿਹਾ ਸ਼ਬਦ ਹੈ ,ਪਰ ਰਾਜ ਅਤੇ ਸਮਾਜ ਦੇ ਵਿੱਚ ਇਸ ਸ਼ਬਦ ਦੇ ਆਉਣ ਤੋਂ ਬਾਅਦ ਸਮਾਜ ਦਾ ਕਸ਼ਟ ਕਿੰਨਾ  ਵਧ ਜਾਂਦਾ ਹੈ ,ਇਸ ਦਾ ਕੋਈ ਹਿਸਾਬ ਨਹੀਂ। ਫੇਰ ਜਦੋਂ ਇਹ ਦੂਰੀ ਇੱਕ ਤਾਲਾਬ ਦੀ ਨਾ ਹੋ ਕੇ ਸੱਤ ਸਮੁੰਦਰ ਪਾਰ ਦੀ ਹੋ ਜਾਵੇ ਤਾਂ ਕਹਿਣ ਵਾਲੀ ਗੱਲ ਭਲਾ ਕੀ ਰਹਿ ਜਾਂਦੀ ਹੈ !

ਅੰਗਰੇਜ਼ ਸੱਤ ਸਮੁੰਦਰ ਪਾਰੋਂ ਆਏ ਸਨ ਅਤੇ ਆਪਣੇ ਸਮਾਜ ਦੇ ਤਜਰਬੇ ਲੈ ਕੇ ਆਏ ਸਨ । ਉੱਥੇ ਵਰਗਾਂ ਵਿੱਚ ਟਿਕਿਆ ਸਮਾਜ ਸੀ, ਜਿੱਥੇ ਸੁਆਮੀ ਅਤੇ ਦਾਸ ਦੇ  ਸਬੰਧ ਸਨ।ਉੱਥੇ ਰਾਜ ਹੀ ਫੈਸਲਾ ਕਰਦਾ ਸੀ ਕਿ ਸਮਾਜ ਦਾ ਹਿੱਤ ਕਿਸ ਗੱਲ ਵਿੱਚ ਹੈ । ਇੱਥੇ ਜਾਤ ਦਾ ਸਮਾਜ ਸੀ । ਰਾਜਾ ਜ਼ਰੂਰ ਸਨ, ਪਰ ਰਾਜਾ ਅਤੇ ਪਰਜਾ ਦੇ ਸੰਬੰਧ ਅੰਗਰੇਜ਼ਾਂ ਨਾਲੋਂ ਵੱਖਰੇ ਸਨ।ਇੱਥੇ ਸਮਾਜ ਆਪਣਾ ਹਿੱਤ ਖ਼ੁਦ ਤੈਅ ਕਰਦਾ ਸੀ ਅਤੇ ਆਪਣੀ ਸ਼ਕਤੀ, ਤਾਕਤ ਨਾਲ ,ਆਪਣੇ ਏਕੇ ਨਾਲ ਪੂਰਾ ਕਰਦਾ ਸੀ । ਰਾਜਾ ਉਸ ਵਿੱਚ ਸਹਿਯੋਗੀ ਹੁੰਦਾ ਸੀ ।ਪਾਣੀ ਦਾ ਪ੍ਰਬੰਧ, ਉਸ ਦੀ ਚਿੰਤਾ ਸਾਡੇ ਸਮਾਜ ਦੀ ਜ਼ਿੰਮੇਦਾਰੀ ਦੇ ਵਿਸ਼ਾਲ ਸਾਗਰ ਦੀ ਇੱਕ ਛੋਟੀ ਜਿਹੀ ਬੂੰਦ ਸੀ । ਸਾਗਰ ਅਤੇ ਬੂੰਦ ਇੱਕ ਦੂਜੇ ਨਾਲ ਜੁੜੇ ਸਨ ।ਬੂੰਦਾਂ ਵੱਖ ਹੋ ਜਾਣ ਤਾਂ ਨਾ ਸਾਗਰ ਬਚਦਾ ਹੈ ਤੇ ਨਾਮ ਬੂੰਦਾਂ । ਅੰਗਰੇਜ਼ਾਂ ਨੂੰ ਨਾ ਸਾਗਰ ਦਿਸੇ ਨਾ ਉਸਦੀਆਂ  ਬੂੰਦਾਂ। ਉਨ੍ਹਾਂ ਨੂੰ ਇੱਥੇ ਕਾਗਜ਼ੀ ਰਿਕਾਰਡ ਨਹੀਂ ਦਿੱਸੇ ਜਿਨ੍ਹਾਂ ਦੀ ਉਨ੍ਹਾਂ ਨੂੰ ਆਦਤ ਸੀ ।ਇਸ ਲਈ ਉਨ੍ਹਾਂ ਇਹ ਮੰਨ ਹੀ ਲਿਆ ਕਿ ਜੋ ਕੁਝ ਵੀ ਕਰਨਾ ਹੈ ਉਨ੍ਹਾਂ ਨੇ ਹੀ ਕਰਨਾ ਹੈ। ਇੱਥੇ ਤਾਂ ਕੁਝ ਹੈ ਹੀ ਨਹੀਂ ।