ਪੰਨਾ:Aaj Bhi Khare Hain Talaab (Punjabi).pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕੁੱਖ ਵਿੱਚ ਸਰਬੱਤ ਦਾ ਭਲਾ ਚਾਹੁਣ ਦੇ ਬਾਵਜੂਦ ਸ਼ਹੀਦ ਕਰ ਦਿੱਤੇ ਗਏ ਸਾਡੇ ਗੁਰੂਜਨਾਂ ਦੀਆਂ ਯਾਦਾਂ ਲੁਕਾ ਕੇ ਬੈਠੀ ਹੈ। ਪੰਡੋਰੀ-ਗੁਰਦਾਸਪੁਰ, ਬੱਦਾ ਝੀਲ-ਫ਼ਾਜ਼ਿਲਕਾ ਦੇ ਤਾਲਾਬ ਲਗਭਗ ਸਵਾ ਦੋ ਏਕੜ ਰਕ+ਬੇ ਵਿੱਚ ਬਣੇ ਵਿਸ਼ਾਲ ਤਾਲਾਬ ਹਨ। ਫ਼ਿਰੋਜ਼ਪੁਰ ਵਿਖੇ ਲਗਭਗ 1000 ਹੈਕਟੇਅਰ 'ਚ ਛਾਂਗਲੀ ਢਾਬ ਹੈ।

ਕਸ਼ਮੀਰੀ ਸ਼ਰਨਾਰਥੀਆਂ ਦੀ ਤਰ੍ਹਾਂ ਅੱਜ ਵੀ ਅਨੇਕ ਵੰਨ-ਸੁਵੰਨੇ ਤਾਲਾਬ ਇੱਧਰ-ਉੱਧਰ ਖਿੰਡੇ ਪਏ ਹਨ ਜਿਨ੍ਹਾਂ ਵਿਚੋਂ ਧਰਮਕੋਟ ਧਾਮ-ਡੇਰਾ ਬਾਬਾ ਨਾਨਕ, ਜਸਤਰਵਾਲ ਝੀਲ, ਬਰੇਟਾ ਝੀਲ-ਮਾਨਸਾ, ਕਾਹਨਵਾਲ ਛੰਬ-ਗੁਰਦਾਸਪੁਰ, ਕੇਸ਼ਵਪੁਰ ਮਧਾਨੀ-ਗੁਰਦਾਸਪੁਰ, ਨਾਰਾਇਣਗੜ੍ਹ-ਹੁਸ਼ਿਆਰਪੁਰ, ਸ਼ੀਤਲਸਾਗਰ-ਹੁਸ਼ਿਆਰਪੁਰ, ਲੁਬਾਣਾ ਝੀਲ-ਨਾਭਾ, ਭੁਪਿੰਦਰ ਸਾਗਰ-ਪਟਿਆਲਾ, ਜੰਗਰ-ਫ਼ਿਰੋਜ਼ਪੁਰ, ਗੰਗ ਬਾਕਿਸ-ਫ਼ਿਰੋਜ਼ਪੁਰ, ਗੌਂਸਪੁਰ ਛੰਬ-ਹੁਸ਼ਿਆਰਪੁਰ, ਮਾਛੀਵਾੜਾ ਵਿਖੇ ਅੱਜ ਵੀ ਕਈ ਬਾਓਲੀਆਂ ਸ਼ਰਧਾਲੂਆਂ ਦੁਆਰਾ ਕੀਤੀ ਜਾਣ ਵਾਲੀ ਕਾਰ ਸੇਵਾ ਦੀ ਉਡੀਕ ਵਿੱਚ ਹਨ। ਰਬਾਬਸਰ-ਕਪੂਰਥਲਾ ਵਿਖੇ ਸੈਂਕੜੇ ਹੈਕਟੇਅਰ ਵਿੱਚ ਬਣਿਆ ਉਹ ਤਾਲਾਬ ਹੈ, ਜਿਸ ਨਾਲ ਭਾਈ ਮਰਦਾਨੇ ਦੀਆਂ ਅਨੇਕ ਯਾਦਾਂ ਜੁੜੀਆਂ ਹਨ। ਰਬਾਬਸਰ ਬਾਰੇ ਕਿਹਾ ਜਾਂਦਾ ਹੈ ਇੱਥੇ ਭਾਈ ਮਰਦਾਨੇ ਨੂੰ ਰਬਾਬ ਮਿਲੀ ਸੀ। ਇਨ੍ਹਾਂ ਵਿੱਚੋਂ ਬਹੁਤ ਸਾਰੇ ਤਾਲਾਬ ਉਹ ਹਨ ਜਿਹੜੇ ਬਾਅਦ ਵਿੱਚ ਮਹਾਨ ਤੀਰਥ ਸਥਾਨ ਬਣੇ ਜਿਵੇਂ ਸ਼੍ਰੀ ਕੌਲਸਰ, ਸ਼੍ਰੀ ਅੰਮ੍ਰਿਤਸਰ, ਸੰਤੋਖਸਰ, ਬਿਬੇਕਸਰ, ਰਾਮਸਰ ਅਤੇ ਲਛਮਣਸਰ।

ਅਜਿਹੇ ਹੀ ਸੋਹਣੇ ਤਾਲਾਬਾਂ ਨੂੰ ਵੇਖਦੇ ਹੋਏ 11ਵੀਂ ਸਦੀ ਵਿੱਚ ਆਏ ਅਲਬਰੂਨੀ (ਵਿਦੇਸ਼ੀ ਯਾਤਰੀ) ਨੇ ਆਪਣੀ ਪੁਸਤਕ 'ਅਲਹਿੰਦ' ਵਿੱਚ ਲਿਖਿਆ,.... ਜਦੋਂ ਸਾਡੇ ਲੋਕ ਹਿੰਦ ਦੇ ਤਾਲਾਬਾਂ ਨੂੰ ਵੇਖਦੇ ਹਨ ਤਾਂ ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ। ਅਜਿਹੇ ਤਾਲਾਬਾਂ ਦਾ ਨਿਰਮਾਣ ਤਾਂ ਦੂਰ, ਉਹ ਉਨ੍ਹਾਂ ਬਾਰੇ ਠੀਕ ਢੰਗ ਨਾਲ ਗੱਲ ਵੀ ਨਹੀਂ ਕਰ ਸਕਦੇ।

ਛੱਪੜ ਪਿੰਡਾਂ ਦੇ ਨੇੜੇ ਹੀ ਬਣਾਏ ਜਾਂਦੇ ਸਨ, ਤਾਂ ਜੋ ਪਾਣੀ ਤੋਂ ਇਲਾਵਾ ਛੱਪੜਾਂ ਦੀ ਮਿੱਟੀ ਦਾ ਇਸਤੇਮਾਲ ਵੀ ਲਿੱਪਣ-ਪੋਚਣ ਵਾਸਤੇ ਕੀਤਾ ਜਾ ਸਕੇ। ਗਰਮੀਆਂ ਦੇ ਮੌਸਮ ਵਿੱਚ ਜਦੋਂ ਛੱਪੜਾਂ ਦਾ ਪਾਣੀ ਉੱਡਣ ਲਗਦਾ ਤਾਂ ਹੋਰਨਾਂ ਸਰੋਤਾਂ ਰਾਹੀਂ ਇਨ੍ਹਾਂ ਨੂੰ ਫੇਰ ਭਰ ਦਿੱਤਾ ਜਾਂਦਾ। ਪਰ ਤਪਦੀਆਂ ਲੂਆਂ ਵਿੱਚ ਛੱਪੜ ਫੇਰ ਖ਼ਾਲੀ ਹੋਣ ਲੱਗ ਜਾਂਦੇ। ਫੇਰ ਮੀਂਹ ਨੂੰ ਛੇਤੀ ਬੁਲਾਉਣ ਵਾਲੇ ਗੀਤ ਗਾਏ ਜਾਂਦੇ। ਛੱਪੜਾਂ ਦੇ ਕੰਢਿਆਂ ਉੱਤੇ ਚੌਲਾਂ ਦੀਆਂ ਦੇਗਾਂ ਉਤਾਰੀਆਂ ਜਾਂਦੀਆਂ। ਨਿੱਕੇ-ਬੱਚੇ ਗਲੀਆਂ ਵਿੱਚ ਗੀਤ ਗਾਉਂਦੇ ਫਿਰਦੇ, 'ਰੱਬਾ-ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ', 'ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਰਸਾ ਦੇ ਜ਼ੋਰੋ ਜ਼ੋਰ।' ਛੱਪੜ ਪਿੰਡ ਦੀ ਧੜਕਣ ਹੁੰਦਾ। ਅਕਸਰ ਇਨ੍ਹਾਂ ਛੱਪੜਾਂ ਦੇ ਕੋਲ ਮਾਤਾ ਦੇ ਥਾਨ ਹੁੰਦੇ, ਜਿੱਥੇ ਬੱਚਿਆਂ ਦੇ ਚੇਚਕ ਨਿੱਕਲਣ ਤੋਂ ਬਾਅਦ ਮੱਥੇ ਟਿਕਾਏ ਜਾਂਦੇ। ਛੱਪੜਾਂ ਦੇ ਚਾਰੋ ਪਾਸੇ ਸੰਘਣੇ ਦਰੱਖ਼ਤ ਹੁੰਦੇ ਜਿੱਥੇ ਪਾਲੀ ਆਪਣੇ ਡੰਗਰਾਂ ਨੂੰ ਖੁੱਲ੍ਹਾ ਛੱਡ ਕੁੱਝ ਨਾ ਕੁੱਝ ਖੇਡਾਂ ਖੇਡਦੇ ਰਹਿੰਦੇ।