ਸਮੱਗਰੀ 'ਤੇ ਜਾਓ

ਪੰਨਾ:Aaj Bhi Khare Hain Talaab (Punjabi).pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਅਮਰ ਬਣਾਉਂਦਾ ਸੀ ਅਤੇ ਲੋਕੀ ਵੀ ਤਾਲਾਬ ਬਣਾ ਕੇ ਸਮਾਜ ਦਾ ਅਹਿਸਾਨ ਚੁਕਾਉਂਦੇ ਸਨ।

ਸਮਾਜ ਅਤੇ ਉਸਦੇ ਹੀ ਅੰਗਾਂ ਵਿਚਕਾਰ ਇਸ ਵਿਸ਼ੇ ਸੰਬੰਧੀ ਠੀਕ ਤਾਲਮੇਲ ਦਾ ਦੌਰ ਕੋਈ ਛੋਟਾ ਦੌਰ ਨਹੀਂ ਸੀ, ਜੇਕਰ ਮਹਾਂਭਾਰਤ ਅਤੇ ਰਮਾਇਣ ਕਾਲ ਦੇ ਤਾਲਬਾਂ ਨੂੰ ਛੱਡ ਵੀ ਦਈਏ ਤਾਂ ਵੀ ਪੰਜਵੀਂ ਸਦੀ ਤੋਂ ਪੰਦਰਵੀਂ ਸਦੀ ਤੱਕ ਦੇਸ਼ ਦੇ ਕੋਣੇ-ਕੋਣੇ ਵਿੱਚ ਤਾਲਾਬ ਬਣਦੇ ਰਹੇ ਕੋਈ ਇੱਕ ਹਜਾਰ ਸਾਲ ਤੱਕ ਬਿਨਾਂ ਰੋਕ-ਟੋਕ ਦੇ ਇਹ ਪਰੰਪਰਾ ਚੱਲਦੀ ਰਹੀ, ਪਰ ਪੰਦਰਵੀਂ ਸਦੀ ਤੋਂ ਬਾਅਦ ਇਸ ਪਰੰਪਰਾ ਵਿੱਚ ਕੁਝ ਰੁਕਾਵਟਾਂ ਆਉਣ ਲੱਗੀਆਂ।ਫਿਰ ਵੀ ਉਸ ਦੌਰ ਵਿੱਚ ਇਹ ਪਰੰਪਰਾ ਪੂਰੀ ਨਾ ਤਾਂ ਰੁਕੀ ਅਤੇ ਨਾ ਹੀ ਸੁੱਕੀ।ਸਮਾਜ ਨੇ ਜਿਸ ਕੰਮ ਨੂੰ ਇੰਨੇ ਸੁਚੱਜੇ ਢੰਗ ਨਾਲ ਲੰਮੇ ਸਮੇਂ ਤੱਕ ਕੀਤਾ ਸੀ, ਉਸਨੂੰ ਉਥਲ-ਪੁਥਲ ਦਾ ਦੌਰ ਵੀ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕਿਆ।ਅਠਾਰਵੀਂ ਅਤੇ ਉਨੀਵੀਂ ਸਦੀ ਦੇ ਅੰਤ ਤੱਕ ਵੀ ਜਗ੍ਹਾ-ਜਗ੍ਹਾ ਤਾਲਾਬ ਬਣਦੇ ਰਹੇ।

ਪਰ ਫੇਰ ਤਾਲਾਬ ਬਣਾਉਣ ਵਾਲੇ ਲੋਕ ਹੌਲੀ-ਹੌਲੀ ਘਟਦੇ ਗਏ, ਗਿਣਨ ਵਾਲੇ ਕੁੱਝ ਜ਼ਰੂਰ ਆ ਗਏ, ਜਿੰਨਾ ਵੱਡਾ ਕੰਮ ਸੀ, ਉਸ ਹਿਸਾਬ ਨਾਲ ਗਿਣਨ ਵਾਲੇ ਬਹੁਤ ਘੱਟ ਸਨ ਅਤੇ ਕਮਜੋਰ ਵੀ।ਇਸੇ ਲਈ ਗਿਣਤੀ ਕਦੇ ਵੀ ਠੀਕ ਨਹੀਂ ਹੋ ਸਕੀ।ਬੱਸ ਸਿਰਫ਼ ਟੁਕੜਿਆਂ ਵਿੱਚ ਹੀ ਤਾਲਾਬ ਗਿਣੇ ਗਏ, ਜੋੜ ਕੇ ਨਹੀਂ ਵੇਖੇ ਗਏ, ਪਰ ਫੇਰ ਵੀ ਇਨ੍ਹਾਂ ਟੁਕੜਿਆਂ ਦੀ ਚਮਕ ਹੀ ਪੂਰੇ ਚਿੱਤਰ ਦੀ ਚਮਕ-ਦਮਕ ਵਿਖਾ ਸਕਦੀ ਹੈ।

ਨੱਕੋ-ਨੱਕ ਭਰੇ ਤਾਲਾਬਾਂ ਨੂੰ ਸੁੱਕੇ ਅੰਕੜਿਆਂ ਵਿੱਚ ਇਕੱਠੇ ਕਰਨ ਦੀ ਕੋਸ਼ਿਸ਼, ਕਿਸ ਕੌਣੇ ਤੋਂ ਸ਼ੁਰੂ ਕਰੀਏ?ਆਓ ਫਿਰ ਤੋਂ ਦੇਸ਼ ਦੇ ਵਿਚਕਾਰਲੇ ਹਿੱਸੇ ਵਿੱਚ ਚੱਲੀਏ।

ਅੱਜ ਦੇ ਰੀਵਾ ਜ਼ਿਲ੍ਹੇ ਦਾ ਪਿੰਡ ਜੋਡੌਰੀ, ਕਰੀਬ2500 ਦੀ ਆਬਾਦੀ ਵਾਲਾ ਪਿੰਡ ਹੈ, ਪਰ ਇਸ ਵਿੱਚ 12 ਤਾਲਾਬ ਹਨ।ਇਸੇ ਦੇ ਕੋਲ ਹੈ ਤਾਲ (ਤਾਲਾਬ) ਮੁਕੇਦਾਨ, ਆਬਾਦੀ ਸਿਰਫ 1500,ਪਰ 10 ਤਾਲਾਬ ਹਨ।ਹਰ ਚੀਜ਼ ਦਾ ਔਸਤ ਕੱਢਣ ਵਾਲਿਆਂ ਲਈ ਇਹ ਛੋਟਾ ਜਿਹਾ ਪਿੰਡ ਅੱਜ ਵੀ150 ਲੋਕਾਂ ਲਈ ਇੱਕ ਤਾਲਾਬ ਦੀ ਸਹੂਲਤ ਜੁਟਾਅ ਰਿਹਾ ਹੈ।ਮਜ਼ੇ ਦੀ ਗੱਲ ਇਹ ਹੈ ਕਿ ਜਿਸ ਦੌਰ ਵਿੱਚ ਇਹ ਤਾਲਾਬ ਬਣੇ, ਉਸ ਦੌਰ ਵਿਚ ਆਬਾਦੀ ਹੋਰ ਵੀ ਘੱਟ ਸੀ।ਜ਼ੋਰ ਸਿਰਫ ਇਸ ਗੱਲ ਤੇ ਸੀ ਕਿ ਆਪਣੇ ਹਿੱਸੇ ਚ ਵਰ੍ਹਨ ਵਾਲੀ ਹਰੇਕ ਕਣੀ(ਬੂੰਦ) ਇਕੱਠੀ ਕਰ ਲਈ ਜਾਵੇ ਅਤੇ ਸੰਕਟ ਦੀ ਘੜੀ ਵਿੱਚ ਆਲੇ-ਦੁਆਲੇ ਦੇ ਖੇਤਰਾਂ ਵਿੱਚ ਉਸ ਨੂੰ ਵੰਡ ਦਿੱਤਾ ਜਾਵੇ।ਵਰਣ ਦੇਵਤਾ ਦਾ ਪ੍ਰਸ਼ਾਦ ਪਿੰਡ ਆਪਣੀ ਬੁੱਕ ਵਿੱਚ ਭਰ ਲੈਂਦਾ ਸੀ ਅਤੇ ਜਿੱਥੇ ਪ੍ਰਸ਼ਾਦ ਘੱਟ ਮਿਲਦਾ, ਉੱਥੇ ਉਸਦੀ ਇੱਕ-ਇੱਕ ਕਣੀ, ਇੱਕ-ਇੱਕ ਬੂੰਦ ਵੀ ਭਲਾ ਕਿਵੇਂ ਅਜਾਈਂ ਜਾਣ ਦਿੱਤੀ ਜਾ ਸਕਦੀ ਹੈ।ਦੇਸ਼ ਦੇ ਸਭ ਤੋਂ ਘੱਟ ਮੀਂਹ ਵਾਲੇ ਖੇਤਰ ਰਾਜਸਥਾਨ ਦੇ ਸਭ ਤੋਂ ਖੁਸ਼ਕ ਮੰਨੇ ਗਏ ਥਾਰ ਇਲਾਕੇ ਦੇ ਰੇਗਿਸਤਾਨ