ਪੰਨਾ:Aaj Bhi Khare Hain Talaab (Punjabi).pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀਂਹ ਤੋਂ

ਸਿਖ਼ਰ ਤੱਕ

ਅੱਜ ਅਣ-ਪੁੱਛੀ ਗਿਆਰਸ ਹੈ, ਦੇਵਤੇ ਉੱਠ ਗਏ ਹਨ, ਹੁਣ ਚੰਗੇ-ਚੰਗੇ ਕੰਮ ਕਰਨ ਲਈ ਕਿਸੇ ਤੋਂ ਪੁੱਛਣ ਦੀ, ਮਹੂਰਤ ਕਢਵਾਉਣ ਦੀ ਲੋੜ ਨਹੀਂ ।ਫੇਰ ਵੀ ਸਭ ਲੋਕ ਇਕੱਠੇ ਹੋ ਕੇ ਆਪਸ ਵਿੱਚ ਸਲਾਹ ਮਸ਼ਵਰਾ ਕਰ ਰਹੇ ਹਨ । ਨਵਾਂ ਤਾਲਾਬ ਜੁ ਬਣਾਉਣਾ ਹੋਇਆ।

ਪਾਠਕਾਂ ਨੂੰ ਲੱਗੇਗਾ ਕਿ ਹੁਣ ਉਨ੍ਹਾਂ ਨੂੰ ਤਾਲਾਬ ਬਣਾਉਣ ਦਾ- ਵੱਟ ਬਣਾਉਣ ਤੋਂ ਲੈ ਕੇ ਪਾਣੀ ਭਰਨ ਤੱਕ ਦਾ ਪੂਰਾ ਵੇਰਵਾ ਦਿੱਤਾ ਜਾਵੇਗਾ , ਪਰ ਅਸੀਂ ਖ਼ੁਦ ਵੀ ਇਹ ਵੇਰਵਾ ਲੱਭਦੇ ਰਹੇ, ਸਾਨੂੰ ਵੀ ਉਹ ਕਿਤੋਂ ਨਹੀਂ ਲੱਭਿਆ । ਜਿੱਥੇ ਸਦੀਆਂ ਤੱਕ ਹਜ਼ਾਰਾਂ ਤਾਲਾਬ ਬਣਦੇ ਰਹੇ, ਉੱਥੇ ਤਾਲਾਬ ਬਣਾਉਣ ਦਾ ਪੂਰਾ ਵੇਰਵਾ ਨਾ ਮਿਲਣਾ ਆਪਣੇ ਆਪ ਵਿੱਚ ਬੜਾ ਅਜੀਬ ਜਿਹਾ ਲੱਗਦਾ ਹੈ,ਪਰ ਇਹ ਗੱਲ ਬਹੁਤੀ ਅਜੀਬ ਵੀ ਨਹੀਂ ਹੈ। 'ਤਾਲਾਬ ਕਿਵੇਂ ਬਣਾਈਏ' ਦੀ ਥਾਂ ਚਾਰੇ ਪਾਸੇ 'ਤਾਲਾਬ ਇੰਝ ਬਣਾਈਏ' ਦਾ ਰਿਵਾਜ ਸੀ।ਫਿਰ ਵੀ ਜੇਕਰ ਛੋਟੇ- ਛੋਟੇ ਟੁਕੜੇ ਜੋੜੀਏ ਤਾਂ ਤਾਲਾਬ ਬਣਾਉਣ ਦੀ ਸੁੰਦਰ ਨਾ ਸਹੀ, ਕੰਮ ਚਲਾਊ ਤਸਵੀਰ ਤਾਂ ਸਾਹਮਣੇ ਆ ਹੀ ਸਕਦੀ ਹੈ।

.....ਆਣ ਪੁੱਛੀ ਗਿਆਰਸ ਹੈ, ਹੁਣ ਪੁੱਛਣਾ ਕੀ । ਸਾਰੀ ਗੱਲਬਾਤ ਤਾਂ ਪਹਿਲਾਂ ਹੋ ਹੀ ਚੁੱਕੀ ਹੈ। ਤਾਲਾਬ ਦੀ ਥਾਂ ਵੀ ਤੈਅ ਹੋ ਚੁੱਕੀ ਹੈ । ਤੈਅ ਕਰਨ ਵਾਲਿਆਂ ਦੀਆਂ ਅੱਖਾਂ ਵਿੱਚ ਪਤਾ ਨਹੀਂ ਕਿੰਨੀਆਂ ਕੁ ਬਰਸਾਤਾਂ ਉਤਰ ਚੁੱਕੀਆਂ ਹਨ । ਇਸ ਲਈ ਉੱਥੇ ਅਜਿਹੇ ਸਵਾਲ ਨਹੀਂ ਉੱਠਦੇ ਕਿ ਪਾਣੀ ਕਿੱਥੋਂ ਆਉਂਦਾ ਹੈ,ਕਿੰਨਾ ਪਾਣੀ ਆਉਂਦਾ ਹੈ, ਉਸਦਾ ਕਿੰਨਾ ਹਿੱਸਾ ਕਿੱਥੇ ਰੋਕਿਆ ਜਾ ਸਕਦਾ ਹੈ। ਇਹ ਸਵਾਲ ਨਹੀਂ ਹਨ, ਗੱਲਾਂ ਬਿਲਕੁਲ ਸਿੱਧੀਆਂ, ਉਨ੍ਹਾਂ ਦੀਆਂ ਉਂਗਲਾਂ ਤੇ ਗਿਣੀਆਂ - ਮਿਣੀਆਂ। ਇਨ੍ਹਾਂ ਵਿੱਚੋਂ ਹੀ ਕੁਝ ਅੱਖਾਂ ਨੇ ਇਨ੍ਹਾਂ ਤੋਂ ਪਹਿਲਾਂ ਵੀ ਕਈ ਤਲਾਬ ਪੁੱਟੇ ਹਨ ਅਤੇ ਇਨ੍ਹਾਂ ਵਿੱਚੋਂ ਹੀ ਕੁਝ ਅੱਖਾਂ ਅਜਿਹੀਆਂ ਹਨ ,ਜਿਹੜੀਆਂ ਪੀੜੀਆਂ ਤੋਂ ਇਹੋ ਕੰਮ ਕਰਦੀਆਂ ਆ ਰਹੀਆਂ ਹਨ ।

ਉਂਜ ਤਾਂ ਦਸ ਦੀਆਂ ਦਸ ਦਿਸ਼ਾਵਾਂ ਹੀ ਖੁੱਲ੍ਹੀਆਂ ਹਨ । ਤਾਲਾਬ ਬਣਾਉਣ ਲਈ ਫੇਰ ਵੀ ਥਾਂ ਦੀ ਚੋਣ ਕਰਦਿਆਂ ਕਈ ਗੱਲਾਂ ਦਾ ਧਿਆਨ ਰੱਖਿਆ ਗਿਆ ਹੈ ।