ਪੰਨਾ:Aaj Bhi Khare Hain Talaab (Punjabi).pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੌਣ ਸਨ ਬੇਨਾਮ ਲੋਕ ?

ਸੈਂਕੜੇ ਹਜ਼ਾਰਾਂ ਤਾਲਾਬ ਅਚਾਨਕ ਖਲਾਅ ਚੋਂ ਪੈਦਾ ਨਹੀਂ ਸਨ ਹੋਏ।ਉਨ੍ਹਾਂ ਦੇ ਪਿੱਛੇ ਇੱਕ ਇਕਾਈ ਸੀ ਬਣਾਉਣ ਵਾਲਿਆਂ ਦੀ, ਅਤੇ ਦਹਾਈ ਸੀ ਬਣਵਾਉਣ ਵਾਲਿਆਂ ਦੀ।ਇਹ ਇਕਾਈ- ਦਹਾਈ ਮਿਲ ਕੇ ਸੈਂਕੜੇ ਹਜ਼ਾਰ ਬਣਦੀ ਸੀ, ਪਰ ਪਿਛਲੇ ਦੋ ਸੌ ਸਾਲਾਂ ਵਿੱਚ ਨਵੀਂ ਕਿਸਮ ਦੀ ਥੋੜ੍ਹੀ ਜਿਹੀ ਪੜ੍ਹਾਈ ਪੜ੍ਹ ਗਏ ਸਮਾਜ ਨੇ ਇਸ ਇਕਾਈ- ਦਹਾਈ,ਸੈਂਕੜੇ - ਹਜ਼ਾਰ ਨੂੰ ਬਿਲਕੁਲ ਸਿਫ਼ਰ ਹੀ ਬਣਾ ਦਿੱਤਾ। ਇਸ ਨਵੇਂ ਸਮਾਜ ਵਿੱਚ ਇਹ ਜਾਨਣ ਦੀ ਵੀ ਉਤਸੁਕਤਾ ਨਹੀਂ ਬਚੀ ਕਿ ਉਨ੍ਹਾਂ ਤੋਂ ਪਹਿਲਾਂ ਵਾਲੇ ਦੌਰ ਵਿੱਚ ਤਾਲਾਬ ਭਲਾ ਕੌਣ ਬਣਾਉਂਦਾ ਸੀ।ਉਸ ਨੇ ਅਜਿਹੇ ਕੰਮ ਕਰਨ ਲਈ ਕਿਸ ਤਰ੍ਹਾਂ ਦਾ ਢਾਂਚਾ ਖੜ੍ਹਾ ਕੀਤਾ ਸੀ , ਆਈ. ਆਈ.ਟੀ. ਦਾ ਸਿਵਲ ਇੰਜੀਨੀਅਰਿੰਗ ਦਾ, ਉਸ ਪੈਮਾਨੇ ਨਾਲ, ਉਸ ਗਜ ਨਾਲ ਵੀ ਇਸ ਤੋਂ ਪਹਿਲਾਂ ਹੋ ਚੁੱਕੇ ਕੰਮ ਨੂੰ ਨਾਪਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ।

ਜੇਕਰ ਉਹ ਆਪਣੀ ਗਜ਼ ਨਾਲ ਵੀ ਉਸ ਕੰਮ ਨੂੰ ਨਾਪਦਾ ਤਾਂ ਘੱਟੋ - ਘੱਟ ਉਸਦੇ ਮਨ ਵਿੱਚ ਰਹੇ ਸਵਾਲ ਤਾਂ ਉੱਠਦੇ ਹੀ ਕਿ ਉਸ ਦੌਰ ਦੀ ਆਈ.ਆਈ.ਟੀ. ਕਿੱਥੇ ਸੀ!ਕੌਣ ਸਨ ਉਸਦੇ ਨਿਰਦੇਸ਼ਕ ? ਕਿੰਨਾ ਬਜਟ ਸੀ ਉਸਦਾ? ਕਿੰਨੇ ਸਿਵਲ ਇੰਜੀਨੀਅਰ ਨਿਕਲਦੇ ਸਨ? ਪਰ ਉਸ ਨੇ ਇਸ ਸਭ ਨੂੰ ਗੁਜ਼ਰੇ ਵਕਤ ਦਾ ਹੋਇਆ ਬੀਤਿਆ ਕੰਮ ਮੰਨਿਆ ਅਤੇ ਪਾਣੀ ਦੇ ਪ੍ਰਸ਼ਨ ਨੂੰ ਨਵੇਂ ਢੰਗ ਨਾਲ ਹੱਲ ਕਰਨ ਦਾ ਵਾਅਦਾ ਵੀ ਕੀਤਾ ਅਤੇ ਦਾਅਵਾ ਵੀ ।

ਪਿੰਡਾਂ, ਕਸਬਿਆਂ ਦੀ ਤਾਂ ਗੱਲ ਹੀ ਛੱਡੋ, ਵੱਡੇ ਸ਼ਹਿਰਾਂ ਦੇ ਸਾਂ - ਸਾਂ ਕਰਦੇ ਨਲਕਿਆਂ ਵਿੱਚ ਮਰਜ਼ੀ ਨਾਲ ਆਉਂਦਾ ਪਾਣੀ ਇਸ ਵਾਅਦੇ ਅਤੇ ਦਾਅਵੇ ਨੂੰ ਮੂੰਹ ਚਿੜ੍ਹਾਉਂਦਾ ਹੈ।ਜੇਕਰ ਇਸ ਸਮੇਂ ਦੇ ਸਮਾਜ ਦੇ ਦਾਅਵੇ ਨੂੰ ਉਸੇ ਦੇ ਹੀ ਗਜ ਨਾਲ ਨਾਪੀਏ ਤਾਂ ਕਦੇ ਦਾਅਵੇ ਛੋਟੇ ਹੋ ਜਾਂਦੇ ਹਨ ਤਾਂ ਕਦੇ ਗਜ਼ ਹੀ ਛੋਟਾ ਰਹਿ ਜਾਂਦਾ ਹੈ।