ਪੰਨਾ:Aaj Bhi Khare Hain Talaab (Punjabi).pdf/72

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆਗਰ ਦੇ ਪਾਣੀ ਦੀ ਸਾਫ-ਸਫਾਈ ਅਤੇ ਸ਼ੁੱਧਤਾ ਦਾ ਖਿਆਲ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦਾ ਸੀ।ਨਵੇਂ ਤਾਲਾਬ ਵਿੱਚ ਜਿਸ ਦਿਨ ਵੀ ਪਾਣੀ ਭਰਦਾ, ਉਸੇ ਦਿਨ ਵਿਸ਼ੇਸ਼ ਸਮਾਗਮ ਕਰਕੇ ਉਸ ਵਿੱਚ ਜੀਵ-ਜੰਤੂ ਲਿਆ ਕੇ ਛੱਡ ਦਿੱਤੇ ਜਾਂਦੇ ਸਨ।ਮੱਛੀਆਂ, ਕੱਛੂ, ਕੇਕੜੇ ਤਾਂ ਛੱਡੇ ਹੀ ਜਾਂਦੇ ਸਨ, ਪਰ ਜੇਕਰ ਤਾਲਾਬ ਵੱਡਾ ਹੁੰਦਾ ਤਾਂ ਮਗਰਮੱਛ ਵੀ ਛੱਡ ਦਿੱਤੇ ਜਾਂਦੇ ਸਨ।ਕੁੱਝ ਥਾਵਾਂ ਤੇ ਜੀਵ-ਜੰਤੂਆਂ ਦੇ ਨਾਲ-ਨਾਲ ਸਮਰੱਥਾ ਦੇ ਅਨੁਸਾਰ ਸੋਨੇ-ਚਾਂਦੀ ਦੇ ਜੀਵ-ਜੰਤੂ ਵੀ ਛੱਡੇ ਜਾਂਦੇ ਸਨ।ਮੱਧ ਪ੍ਰਦੇਸ਼ ਦੇ ਰਾਏਪੁਰ ਸ਼ਹਿਰ ਵਿੱਚ ਕੋਈ ਪੰਜਾਹ-ਪਚਵੰਜਾ ਵਰ੍ਹੇ ਪਹਿਲਾਂ ਸੋਨੇ ਦੀਆਂ ਨੱਥਾਂ ਪੁਆ ਕੇ ਕੱਛੂ ਛੱਡੇ ਗਏ ਸਨ।

ਪਹਿਲੇ ਸਾਲ ਪਾਣੀ ਵਿੱਚ ਕੁੱਝ ਖਾਸ ਕਿਸਮ ਦੀ ਵਨਸਪਤੀ ਵੀ ਪਾਈ ਜਾਂਦੀ ਸੀ।ਵੱਖ-ਵੱਖ ਖੇਤਰਾਂ ਵਿੱਚ ਇਨ੍ਹਾਂ ਦੀ ਕਿਸਮ ਬਦਲਦੀ ਸੀ,ਪਰ ਕੰਮ ਇਕੋ ਸੀ, ਪਾਣੀ ਨੂੰ ਸਾਫ ਰੱਖਣਾ।ਮੱਧ ਪ੍ਰਦੇਸ਼ ਵਿੱਚ ਜੇ ਇਹ ਗਦੀਆਂ ਜਾਂ ਚੀਲਾ ਸੀ ਤਾਂ ਰਾਜਸਥਾਨ ਵਿੱਚ ਕਮਦਿਨੀ, ਨਿਰਮਲੀ ਜਾਂ ਚਾਸ਼ੁਸ਼।ਚਾਸ਼ੁਸ਼ ਤੋਂ ਚਾਕੁਸ਼ ਸ਼ਬਦ ਬਣਿਆ ਹੈ।ਕੋਈ ਅਜਿਹਾ ਦੌਰ ਵੀ ਆਇਆ ਹੋਵੇਗਾ ਜਦੋਂ ਤਾਲਾਬ ਦੀ ਸਾਫ-ਸਫਾਈ ਲਈ ਚਾਕੁਸ਼ ਪੌਦੇ ਦੀ ਵਰਤੋਂ ਵਧ ਗਈ ਹੋਵੇਗੀ।ਅੱਜ ਜੈਪੁਰ ਦੇ ਕੋਲ ਇੱਕ ਵੱਡੇ ਕ਼ਸਬੇ ਦਾ ਨਾ ਚਾਕਸੂ ਹੈ।ਇਹ ਨਾਂ ਸ਼ਾਇਦ ਚਾਕਸੂ ਪੌਦੇ ਪ੍ਰਤੀ ਧੰਨਵਾਦ ਵਜੋਂ ਰੱਖਿਆ ਗਿਆ ਹੋਵੇਗਾ।

ਪਾਲ ਉੱਤੇ ਪਿੱਪਲ, ਬਰੋਟੇ ਅਤੇ ਗੂਲਰ ਦੇ ਦਰੱਖਤ ਲਾਏ ਜਾਂਦੇ ਹਨ।ਤਾਲਾਬ ਅਤੇ ਇਨ੍ਹਾਂ ਦਰੱਖਤਾਂ ਵਿਚਕਾਰ ਉਮਰ ਦੀ ਹਮੇਸ਼ਾ ਦੌੜ ਜਿਹੀ ਲੱਗੀ ਦਿਸਦੀ ਹੈ।ਕਿਹੜਾ ਜਿਆਦਾ ਟਿਕਦਾ ਹੈ।ਦਰੱਖਤ ਜਾਂ ਤਾਲਾਬ?ਪਰ ਇਸ ਪ੍ਰਸ਼ਨ ਦਾ ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ।ਦੋਹਾਂ ਨੂੰ ਇੱਕ-ਦੂਜੇ ਦਾ ਸਾਥ ਇੰਨਾ ਚੰਗਾ ਲੱਗਾ ਹੈ ਕਿ ਅਣਦੇਖੀ ਦੇ ਇਸ ਦੌਰ ਵਿੱਚ ਜਿਹੜਾ ਵੀ ਪਹਿਲਾਂ ਗਿਆ, ਦੂਜਾ ਸੋਗ ਵਿੱਚ ਉਸਦੇ ਪਿੱਛੇ-ਪਿੱਛੇ ਚਲਾ ਗਿਆ।ਦਰੱਖਤ ਕੱਟੇ ਗਏ ਤਾਂ ਕੁੱਝ ਸਮੇਂ ਬਾਅਦ ਤਾਲਾਬ ਵੀ ਸੁੱਕ ਗਿਆ।ਜੇਕਰ ਪਹਿਲਾਂ ਤਾਲਾਬ ਸੁੱਕਿਆ ਤਾਂ ਦਰੱਖਤ ਵੀ ਵੈਰਾਗ ਗਏ।

ਤਾਲਾਬਾਂ ਉੱਤੇ ਅਕਸਰ ਅੰਬ ਵੀ ਖੂਬ ਲਾਇਆ ਜਾਂਦਾ ਸੀ, ਪਰ ਇਹ ਪਾਲ ਉੱਤੇ ਘੱਟ, ਹੇਠਲੀ ਜ਼ਮੀਨ ਦੇ ਥੱਲੇ ਜ਼ਿਆਦਾ ਲਾਇਆ ਜਾਂਦਾ ਹੈ।ਛੱਤੀਸਗੜ੍ਹ ਖੇਤਰ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਸ਼ੀਤਲਾ ਮਾਤਾ ਦਾ ਵਾਸ ਮੰਨਿਆ ਜਾਂਦਾ ਹੈ।ਇਸ ਲਈ ਅਜਿਹੇ ਤਾਲਾਬਾਂ ਦੀ ਪਾਲ ਉੱਤੇ ਨਿੰਮ ਦੇ ਦਰੱਖਤ ਜ਼ਰੂਰ ਲਾਏ ਜਾਂਦੇ ਸਨ।ਦਰੱਖਤ ਤੋਂ ਬਿਨਾਂ ਪਾਲ ਦੀ ਤੁਲਨਾ ਬਿਨਾਂ ਮੂਰਤੀ ਦੇ ਮੰਦਰ ਨਾਲ ਕੀਤੀ ਗਈ ਹੈ।

ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਪਾਲ ਉੱਤੇ ਅਰਹਰ ਦੇ ਦਰੱਖਤ ਵੀ ਲਾਏ ਜਾਂਦੇ ਸਨ।ਇਨ੍ਹਾਂ ਇਲਾਕਿਆਂ ਵਿੱਚ ਹੀ ਬਣੇ ਨਵੇਂ ਤਾਲਾਬ ਦੀ ਪਾਲ ਉੱਤੇ ਕੁੱਝ ਸਮੇਂ ਤੱਕ ਸਰੋਂ ਜੀ ਖਲ ਦਾ ਧੂੰਆਂ ਕੀਤਾ ਜਾਂਦਾ ਸੀ, ਤਾਂ ਜੋ ਨਵੀਂ ਬਣੀ ਪਾਲ ਵਿੱਚ ਚੂਹੇ ਖੁੱਡਾਂ ਬਣਾ ਕੇ ਉਸਨੂੰ ਕਮਜ਼ੋਰ ਨਾ ਕਰ ਦੇਣ।