ਸ਼ਹਿਰ ਨੂੰ ਅਜਿਹੀ ਕੋਈ ਮੌਤ ਯਾਦ ਨਹੀਂ।ਸਾਰਾ ਸ਼ਹਿਰ ਸ਼ਾਮਿਲ ਸੀ,ਉਨ੍ਹਾਂ ਦੇ ਆਖਰੀ ਸਫ਼ਰ ਵਿੱਚ।ਇੱਕ ਤਾਲਾਬ ਦੇ ਥੱਲੇ ਹੀ ਬਣੇ ਘਾਟ ਉੱਤੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ।ਬਾਅਦ ਵਿੱਚ ਉੱਥੇ ਹੀ ਉਨ੍ਹਾਂ ਦੀ ਸਮਾਧੀ ਬਣੀ।
ਜਿਹੜੇ ਲੋਕ ਤਾਲਾਬ ਬਣਾਉਂਦੇ ਸਨ,ਸਮਾਜ ਉਨ੍ਹਾਂ ਨੂੰ ਸੰਤ ਬਣਾ ਦਿੰਦਾ ਸੀ।ਗੈਂਗਜੀ ਨੇ ਤਾਲਾਬ ਤਾਂ ਨਹੀਂ ਬਣਾਏ ਸਨ ,ਪੁਰਾਣੇ ਤਾਲਾਬਾਂ ਦੀ ਸਿਰਫ਼ ਰਾਖੀ ਕੀਤੀ ਸੀ, ਉਹ ਵੀ ਸੰਤ ਬਣ ਗਏ।ਫ਼ਲੌਦੀ ਵਿੱਚ ਤਾਲਾਬਾਂ ਦੀ ਸਫ਼ਾਈ ਦੀ ਖੇਡ ਸੰਤ ਖਿਡਾਉਂਦੇ ਸਨ ਤਾਂ ਜੈਸਲਮੇਰ ਵਿੱਚ ਇਹ ਖੇਡ ਖ਼ੁਦ ਰਾਜਾ ਵੀ ਖੇਡਦਾ ਸੀ।
ਸਾਰਿਆਂ ਨੂੰ ਪਹਿਲਾਂ ਪਤਾ ਸੀ, ਫਿਰ ਵੀ ਸਾਰੇ ਸ਼ਹਿਰ ਵਿੱਚ ਨਗਾਰਾ ਵੱਜਦਾ ਸੀ।ਰਾਜੇ ਵੱਲੋਂ ਸਾਲ ਦੇ ਆਖ਼ਰੀ ਦਿਨ, ਫੱਗਣ ਕ੍ਰਿਸ਼ਨ ਚੌਦਸ ਨੂੰ ਸ਼ਹਿਰ ਦੇ ਸਭ ਤੋਂ ਵੱਡੇ ਤਾਲਾਬ ਘੜਸੀਸਰ ਉੱਤੇ ਲਹਾਸ (ਇੱਕ ਖੇਡ) ਖੇਡਣ ਦਾ ਸੱਦਾ ਹੁੰਦਾ ਸੀ।ਉਸ ਦਿਨ ਰਾਜਾ, ਉਸਦਾ ਪਰਿਵਾਰ, ਦਰਬਾਰੀ, ਫੌਜ ਅਤੇ ਸਾਰੀ ਪਰਜਾ ਕਹੀਆਂ, ਤਸਲੇ, ਫਹੁੜੇ ਅਤੇ ਤਗਾਰੀਆਂ ਲੈ ਕੇ ਘੜਸੀਸਰ ਵਿਖੇ ਇਕੱਠੇ ਹੁੰਦੇ।ਰਾਜਾ ਤਾਲਾਬ ਦੀ ਮਿੱਟੀ ਪੁੱਟ ਕੇ ਪਹਿਲਾ ਤਸਲਾ ਭਰਦਾ ਅਤੇ ਆਪਣੇ-ਆਪ ਚੁੱਕ ਕੇ ਵੱਟ ਉੱਤੇ ਪਾਉਂਦਾ।ਫੇਰ ਕੀ, ਗਾਜੇ - ਵਾਜੇ ਨਾਲ ਲਹਾਸ ਸ਼ੁਰੂ।ਸਾਰੀ ਪਰਜਾ ਦਾ ਭੋਜਨ - ਪਾਣੀ ਦਰਬਾਰ ਵੱਲੋਂ ਹੁੰਦਾ।ਰਾਜੇ ਅਤੇ ਪਰਜਾ ਦੇ ਹੱਥ ਮਿੱਟੀ ਨਾਲ ਭਰ ਜਾਂਦੇ।ਰਾਜਾ ਇਸ ਕੰਮ ਵਿੱਚ ਇੰਨਾ ਲੀਨ ਹੋ ਜਾਂਦਾ ਕਿ ਉਸ ਦਿਨ ਉਸਦੇ ਮੋਢੇ ਨਾਲ ਕਿਸੇ ਦਾ ਵੀ ਮੋਢਾ ਟਕਰਾ ਸਕਦਾ ਸੀ।ਜਿਸ ਰਾਜੇ ਨੂੰ ਦਰਬਾਰ ਵਿੱਚ ਮਿਲਣਾ ਵੀ ਮੁਸ਼ਕਲ ਸੀ,ਉਹ ਤਾਲਾਬ ਦੇ ਦਰਵਾਜ਼ੇ ਉੱਤੇ ਮਿੱਟੀ ਢੋ ਰਿਹਾ ਹੁੰਦਾ।ਰਾਜੇ ਦੀ ਸੁਰੱਖਿਆ ਲਈ ਤਾਇਨਾਤ ਸਿਪਾਹੀ ਵੀ ਮਿੱਟੀ ਢੋ ਰਹੇ ਹੁੰਦੇ।
ਅਜਿਹੇ ਹੀ ਇੱਕ ਲਹਾਸ ਵਿੱਚ ਜੈਸਲਮੇਰ ਦੇ ਰਾਜੇ ਤੇਜਾ ਸਿੰਘ ਉੱਤੇ ਹਮਲਾ ਹੋਇਆ ਸੀ।ਉਹ ਵੱਟ ਉੱਤੇ ਮਾਰੇ ਗਏ, ਪਰ ਲਹਾਸ ਖੇਡਣਾ ਬੰਦ ਨਹੀਂ ਹੋਇਆ, ਇਹ ਚਲਦਾ ਰਿਹਾ ਹੈ।ਗੁਜਰਾਤ ਵਿੱਚ ਵੀ ਲਹਾਸ ਦਾ ਪ੍ਰਚਲਣ ਰਿਹਾ ਹੈ।ਉੱਥੇ ਇਹ ਪ੍ਰੰਪਰਾ ਤਾਲਾਬ ਤੋਂ ਵੀ ਅੱਗੇ ਵੱਧ ਕੇ ਸਮਾਜ ਦੇ ਅਜਿਹੇ ਕਿਸੇ ਕੰਮ ਨਾਲ ਜੁੜ ਗਈ, ਜਿਸ ਲਈ ਸਭ ਦੀ ਮਦਦ ਚਾਹੀਦੀ ਹੁੰਦੀ ਸੀ।ਸਭ ਲਈ ਸਭ ਦੀ ਮਦਦ।ਇਸੇ ਪ੍ਰੰਪਰਾ ਦੇ ਤਹਿਤ ਤਾਲਾਬ ਬਣਦੇ ਸਨ।ਇਸੇ 'ਚੋਂ ਉਨਾਂ ਦੀ ਦੇਖਭਾਲ ਹੁੰਦੀ ਸੀ।ਮਿੱਟੀ ਪੁੱਟੀ ਜਾਂਦੀ ਸੀ, ਮਿੱਟੀ ਪਾਈ ਜਾਂਦੀ ਸੀ।ਸਮਾਜ ਦੀ ਖੇਡ ਲਹਾਸ ਦੇ ਹੁਲਾਸ ਅਤੇ ਜੋਸ਼ ਨਾਲ ਚੱਲਦੀ ਸੀ।