ਪੰਨਾ:Aaj Bhi Khare Hain Talaab (Punjabi).pdf/9

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪੰਜ ਨਦੀਆਂ ਦੇ ਵਾਰਿਸ
ਹੁਣ ਬੀਆਬਾਨਾਂ ਦੇ ਸ਼ਾਹ

ਇਹ ਗੱਲ 1993 ਦੀ ਹੈ। ਉਦੋਂ ਹਿੰਦੀ ਅਖ਼ਬਾਰ 'ਜਨਸੱਤਾ' ਚੰਡੀਗੜ੍ਹ ਤੋਂ ਵੀ ਨਿੱਕਲਦਾ ਸੀ ਅਤੇ ਉਸਦੇ ਸੰਪਾਦਕ ਸ਼੍ਰੀ ਪ੍ਰਭਾਸ਼ ਜੋਸ਼ੀ ਆਪਣੇ ਪ੍ਰਸਿੱਧ ਐਤਵਾਰੀ ਕਾਲਮ 'ਕਾਗਦ ਕਾਰੇ' ਵਿੱਚ ਭਾਰਤੀ ਲੋਕ ਜੀਵਨ ਦੀਆਂ ਨਿੱਘੀਆਂ ਪ੍ਰੰਪਰਾਵਾਂ ਬਾਰੇ ਬੜੀ ਸ਼ਿੱਦਤ ਨਾਲ਼ ਲਿਖਿਆ ਕਰਦੇ ਸਨ। 17 ਅਕਤੂਬਰ, 1993 ਦੇ 'ਕਾਗਦ ਕਾਰੇ' ਕਾਲਮ ਵਿੱਚ ਉਨ੍ਹਾਂ ਨੇ 'ਆਜ ਭੀ ਖਰੇ ਹੈਂ ਤਾਲਾਬ' ਪੁਸਤਕ ਦੀ ਸਮੀਖਿਆ ਅਤੇ ਪੁਸਤਕ ਦੇ ਲੇਖਕ ਸ਼੍ਰੀ ਅਨੁਪਮ ਮਿਸ਼ਰ ਬਾਰੇ ਇੱਕ ਲੇਖ 'ਪਰਿਆਵਰਣ ਕਾ ਯਹ ਅਨੁਪਮ ਆਦਮੀ' ਲਿਖਿਆ। ਲੇਖ ਮਨ ਦੀ ਨਿੱਕੀ ਜਿਹੀ ਖੂਹੀ ਵਿੱਚ ਨਿਰਮਲ ਜਲ ਵਾਂਗ ਠਹਿਰ ਗਿਆ। ਅਨੁਪਮ ਜੀ ਨੂੰ ਚਿੱਠੀ ਲਿਖੀ। ਉਸੇ ਹਫ਼ਤੇ ਉੱਤਰ ਸਹਿਤ ਪੁਸਤਕ ਘਰ ਪਹੁੰਚ ਗਈ। ਜਿਵੇਂ-ਜਿਵੇਂ ਪੁਸਤਕ ਪੜ੍ਹਦਾ ਗਿਆ, ਕੋਈ ਦੈਵੀ ਬਾਣੀ ਨਾ ਸਿਰਫ਼ ਮਨ ਦੀਆਂ ਸੁੱਤੀਆਂ ਕਲਾਂ ਜਗਾਉਂਦੀ ਗਈ, ਬਲਕਿ ਜ਼ਿੰਦਗੀ ਦੇ ਕਰਮ ਅਤੇ ਸ੍ਵੈਧਰਮ ਨੂੰ ਵੀ ਸਮਝਾਉਂਦੀ ਚਲੀ ਗਈ। ਇੱਕ ਵਾਰ ਤਾਂ ਅੰਦਰੋਂ-ਬਾਹਰੋਂ ਸਭ ਕੁੱਝ ਹੇਠ-ਉੱਤੇ ਹੋ ਗਿਆ। ਰੋਜ਼ੀ-ਰੋਟੀ ਦਾ ਸੰਘਰਸ਼ ਤਾਂ ਵੱਖਰਾ ਸੀ ਹੀ। ਅਜਿਹੀ ਉਥਲ-ਪੁਥਲ ਦੇ ਸਮੇਂ ਵਿੱਚ ਹੀ ਦਿੱਲੀ ਜਾਣ ਅਤੇ ਅਨੁਪਮ ਜੀ ਨੂੰ ਮਿਲਣ ਦਾ ਮੌਕਾ ਮਿਲਿਆ। ਬੱਸ! ਜਿਵੇਂ ਬੇ-ਅਰਥੇ ਜੀਵਨ ਨੂੰ ਤੁਰਨ ਲਈ ਪਗਡੰਡੀ ਮਿਲ ਗਈ। ਵਾਪਿਸ ਮਾਲੇਰ-ਕੋਟਲਾ ਆਉਂਦਿਆਂ (ਉਨ੍ਹੀਂ ਦਿਨੀਂ ਅਸੀਂ ਆਪਣੇ ਜੱਦੀ ਸ਼ਹਿਰ ਮਾਲੇਰ-ਕੋਟਲਾ ਰਹਿੰਦੇ ਸੀ) ਬਸ ਵਿੱਚ ਬੈਠੇ-ਬੈਠੇ ਪਾਣੀ ਨਾਲ ਜੁੜੀਆਂ ਯਾਦਾਂ ਦੇ ਅਨੇਕ ਸਫ਼ੇ ਖੁੱਲ੍ਹਦੇ ਚਲੇ ਗਏ....

ਪਿਤਾ ਜੀ ਕਿਉਂ ਨਹਾਉਂਦੇ ਸਮੇਂ 'ਜਲ ਮਿਲਿਆ ਪਰਮੇਸ਼ਰ ਮਿਲਿਆ, ਮਨ ਦੀ ਟਲੀ ਬਲਾ' ਕਹਿੰਦੇ ਸਨ, ਬੀਜੀ ਕਿਉਂ ਤਿਉਹਾਰਾਂ ਦੇ ਦਿਨੀਂ ਪਾਣੀ ਵਿੱਚ ਬਲਦੇ ਦੀਵੇ ਛੱਡਣ ਲਈ ਆਖਦੇ ਸਨ, ਕਿਉਂ ਜਮਾਲਪੁਰਾ ਵਿਖੇ, ਸਾਡੇ ਘਰ ਦੇ ਕੋਲ ਪੁਰਾਣੇ ਟੋਭੇ ਵਿੱਚ ਮੱਛੀਆਂ ਲਈ ਆਟੇ ਦੀਆਂ ਗੋਲੀਆਂ ਪਾਉਣ ਲਈ ਕਹਿੰਦੇ ਸਨ, ਕਿਉਂ ਦੁਸਹਿਰੇ ਦੀ ਪੂਜਾ ਦੇ ਦਿਨ ਵਗਦੇ ਪਾਣੀ ਵਿੱਚ ਜੌਂ ਤਾਰਨ ਲਈ ਆਖਦੇ ਸਨ, ਕਿਉਂ ਰੋਜ਼ ਸਵੇਰੇ ਮੈਨੂੰ ਸਕੂਲੇ ਜਾਣ ਤੋਂ ਪਹਿਲਾਂ ਛੱਤ 'ਤੇ ਪੰਛੀਆਂ ਲਈ ਰੱਖੇ ਠੂਠੇ ਦਾ ਪਾਣੀ

5
ਅੱਜ ਵੀ ਖਰੇ ਹਨ
ਤਾਲਾਬ