ਪੰਨਾ:ਅੱਗ ਦੇ ਆਸ਼ਿਕ.pdf/140

ਵਿਕੀਸਰੋਤ ਤੋਂ
(ਪੰਨਾ:Agg te ashik.pdf/140 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਕੱਚੇ ਇਰਾਦੇ ਦੇ ਬੰਦੇ ਹੋਰ ਹੁੰਦੇ ਨੂਰਾਂ।'

'ਕੀ ਉਹ ਤੇਰਾ ਕੌਲ ਸੱਚ ਏ......ਕੀ ਤੂੰ ਮੇਰੇ ਨਾਲ...।'

'ਹਾਂ ਨੂਰੀ, ਖੁਦਾ ਦੇ ਯਥਾਰਥ ਵਰਗਾ ਸੱਚ!'

ਖੁਸ਼ੀ ਵਿਚ ਨੂਰ ਨੇ ਉਪਰ ਹੁੰਦਿਆਂ, ਸਰਵਣ ਦੀ ਛਾਤੀ ਦੁਆਲੇ ਗਲਵਕੜੀ ਪਾ ਲਈ। ਪਵਿੱਤਰ ਦੇ ਸ਼ਗਨ ਦੇ ਦਿਨ ਪਾਈਆਂ ਦੇ ਚੂੜੀਆਂ ਕੜੱਚ ਕੜੱਚ ਕਰਕੇ ਟੁੱਟ ਗਈਆਂ। ਜ਼ਮੀਨ ਨੂੰ ਛੋਂਹਦੇ ਪੱਬਾਂ ਤੱਕ ਉਹਦਾ ਸਰੀਰ ਕੰਬ ਉਠਿਆ। ਸਰਵਣ ਦਾ ਗਰਮ ਸਾਹ ਨੂਰਾਂ ਦੀ ਹੱਕ ਵਿਚ ਵਜ ਰਿਹਾ ਸੀ ਅਤੇ ਨੂਰਾਂ ਦੇ ਕੰਨ ਨੂੰ ਸਰਵਣ ਦੇ ਦਿਲ ਦੀ ਧੜਕਣ ਸੁਣਾਈ ਦੇ ਰਹੀ ਸੀ।

'ਹੈ! ਐਨੀ ਲੋਅ?' ਨੂਰਾਂ ਦੀ ਕੜਿੰਗੜੀ ਨੂੰ ਛਾਤੀ ਦੁਆਲਿਓਂ ਖੋਹਲਦਿਆਂ ਸਰਵਣ ਤ੍ਰਬਕ ਉਠਿਆ। ਕਾਹਲੀ ਕਾਹਲੀ ਵੰਗਾਂ ਦੇ ਟੋਟੇ ਚੁਕ ਨੂਰਾਂ ਅੰਦਰ ਚਲੇ ਗਈ। ਉਹਦਾ ਸਰੀਰ ਇੰਜ ਠਰ ਗਿਆ ਜਿਵੇਂ ਦੁੱਧ ਦੇ ਉਬਾਲ ਨੂੰ ਕਿਸੇ ਨੇ ਪਾਣੀ ਦਾ ਛੱਟਾ ਮਾਰ ਦਿੱਤਾ ਹੋਵੇ।

ਸਰਵਣ ਨੇ ਜਦ ਡਉੜੀ ਦਾ ਬੂਹਾ ਖੋਹਲਿਆ ਤਾਂ ਸਾਹਮਣੇ ਅਮਰੋ ਅਤੇ ਪਵਿੱਤਰ ਖੜੀਆਂ ਸਨ।

'ਅੱਗ ਕਿੱਥੇ ਲਗੀ?' ਸਰਵਣ ਨੇ ਹਫੀ ਅਵਾਜ਼ ਵਿਚ ਪੁਛਿਆ।

'ਪਨਾਹ ਗੀਰਾਂ ਦੇ ਖਲਵਾੜੇ ਨੂੰ।'

ਸਰਵਣ ਲੰਮੀਆਂ ਪਲਾਂਘ ਪੁੱਟਦਾ, ਅੱਗ ਲਗੇ ਖਲਵਾੜੇ ਵਲ ਤੁਰ ਪਿਆ।

'ਇਹ ਕਾਰਾ ਕਿਸਦਾ ਹੋ ਸਕਦਾ, ਦਸਣ ਦੀ ਜ਼ਰੂਰਤ ਨਹੀਂ। ਹਾਰਿਆ ਦੁਸ਼ਮਣ, ਕਮੀਨੇ ਹਥਿਆਰਾਂ 'ਤੇ ਉਤਰ ਆਉਂਦਾ। ਇਹ ਤੁਹਾਡੀ ਹਿੰਮਤ ਅਤੇ ਏਕਾ ਏ ਕਿ ਜਲਦੀ ਅੱਗ ਬੁਝਾ ਲਈ ਏ......ਹੋ ਸਕਦਾ ਸੀ ਜੇ ਦੁਸ਼ਮਣ ਕਾਮਯਾਬ ਹੋ ਜਾਂਦਾ ਤਾਂ ਸਾਡੇ ਭਰਾਵਾਂ ਨੂੰ 'ਦਾਣੇ ਦਾਣੇ ਲਈ ਆਤਰ ਹੋਣਾ ਪੈਂਦਾ। ਸਾਨੂੰ ਦੁਸ਼ਮਣ ਵਲੋਂ ਕਿਸੇ ਤਰ੍ਹਾਂ ਅਵੇਸਲੇ ਨਹੀਂ ਹੋਣਾ ਚਾਹੀਦਾ।'

੧੩੫