ਪੰਨਾ:ਅੱਗ ਦੇ ਆਸ਼ਿਕ.pdf/16

ਵਿਕੀਸਰੋਤ ਤੋਂ
(ਪੰਨਾ:Agg te ashik.pdf/16 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

'ਇਹ ਤਾਂ ਠੀਕ ਆ ਚਾਚੀ ਜੀ, ਪਰ ਕਰਮਾਂ ਦੇ ਗੇੜ ਵੀ ਕੁਝ ਹੁੰਦੇ। ਅੱਜ ਕਿਧਰ ਤਿਆਰ ਹੋਈਆਂ ਜੇ?'
'ਮਸਿਆ ਚਲੀਆਂ, ਚਲ ਲੈ ਚਲੀਏ।' ਪਵਿਤਰ ਨੇ ਮੁਸਕਰਾਉਂਦਿਆਂ ਕਿਹਾ।
'ਕੌਣ ਜਾਵੇ ਲੱਤਾਂ ਮਾਰਦਾ? ਅਸੀਂ ਤਾਂ ਛੁੱਟੀ ਨੂੰ ਉਡੀਕਦੇ ਰਹਿਨੇ ਆਂ.....ਕਦੋਂ ਐਤਵਾਰ ਆਵੇ ਤੇ ਕਦੋਂ ਸ਼ਹਿਰ ਦੇ ਖੱਪ-ਖਾਨੇ ਤੋਂ ਜਾਨ ਛੁੱਟੇ।'
'ਮੈਂ ਵੀ ਸੁੱਖ ਬੈਠੀ ਸਾਂ ਬਾਰਾਂ......ਸੋਚਿਆ, ਬਾਬਾ ਮਿਹਰ ਕਰ ਤੇ ਆਪ ਸੁਖੀਂ ਮਿਹਰੀ ਘਰ ਪਰਤਣ।' ਅਮਰੋ ਨੇ ਆਪਣੀ ਮਜ਼ਬੂਰੀ ਦਸਦਿਆਂ ਆਖਿਆ।
'ਮੈਂ ਤਾਂ ਕਿਹਾ ਚਲ ਲੈ ਚਲੀਏ।' ਪਵਿਤਰ ਨੇ ਫਿਰ ਸੁਲਾਹ ਮਾਰੀ।
'ਮਿਹਰਬਾਨੀ ਜੀ, ਮੈਥੋਂ ਧੁੱਪੇ ਤੁਰਿਆ ਈ ਨਹੀਂ ਜਾਂਦਾ।'
'ਹਾਂ, ਹਾਂ, ਜੀਪ ਹੋਵੇ ਥੱਲੇ ਤੇ ਫਿਰ ਭਾਵੇਂ ਸਿਖਰ ਦੁਪਹਿਰ ਹੋਵੇ, ਹੈ ਨਾਂ? ਕਹਿੰਦਿਆਂ ਪਵਿਤਰ ਦੇ ਨੱਕ ਦੀਆਂ ਕੋਂਪਲਾਂ ਕੁਝ ਚੌੜੀਆਂ ਹੋ ਗਈਆਂ। ਪ੍ਰੀਪਾਲ ਵੀ ਇਸ ਹੋਏ ਵਿਅੰਗ ਨੂੰ ਸਮਝ ਗਈ। ਅਤੇ ਫਿਰ ਉਹ ਆਪੋ ਆਪਣੇ ਰਾਹੇ ਪੈ ਗਈਆਂ।
ਪ੍ਰੀਪਾਲ ਦੇ ਆ ਜਾਣ ਪਿਛੋਂ ਸਰਵਣ ਨੂੰ ਇਕ ਪਲ ਵੀ ਹੋਰ ਬਹਿਣਾ ਮੁਹਾਲ ਹੋ ਗਿਆ। ਉਹ ਇਕ ਦਮ ਉਦਾਸ ਬਹੁਤ ਉਦਾਸ ਹੋ ਗਿਆ ਅਤੇ ਕਿਤਾਬਾਂ ਨੂੰ ਕੱਛੇ ਮਾਰ ਉਹ ਵੀ ਪਿੰਡ ਆਣ ਵੜਿਆ। ਡਿਓੜੀ ਦੇ ਢੁਕੇ ਦਰਵਾਜ਼ੇ ਨੂੰ ਖੋਹਲ ਕੇ, ਪਈ ਮੰਜੀ ਉਤੇ ਕਿਤਾਬਾਂ ਸੁਟ ਕੇ, ਇੰਜ ਬੈਠਾ, ਮਾਨੋ ਮੰਜੀ ਉਤੇ ਡਿੱਗ ਪਿਆ ਹੋਵੇ। 'ਘਾਹੀਆਂ ਦੇ ਪੁੱਤਾਂ ਘਾਹ ਈ ਖੋਤਣਾ ਅਤੇ ਰਾਜਿਆਂ ਰਾਜ ਈ ਕਰਨਾ'-ਪ੍ਰੀਪਾਲ ਦੇ ਸ਼ਬਦ ਹਥੌੜਿਆਂ ਵਾਂਗ ਉਹਦੇ ਦਿਮਾਗ ’ਤੇ ਵਜੇ। ਉਹਨੇ ਸਿਰ ਨੂੰ ਛੰਡਦਿਆਂ, ਕੁਝ ਗੁਣ-ਗੁਣਾਉਣਾ ਚਾਹਿਆ। ਪਰ ਉਹਦੇ ਭਰੇ ਮਨ ਨੂੰ ਕੁਝ ਵੀ ਚੰਗਾ ਨਾ ਲੱਗਾ। ਉਹਨੇ ਅੱਖਾਂ ਮੀਟ ਕੇ ਸੌਣ ਦਾ ਯਤਨ ਕੀਤਾ ਪਰ ਨੀਂਦ ਨਾ ਆਈ। ਉਹ ਉਠਕੇ ਬਹਿ ਗਿਆਂ, ਕਾਗਜ਼ ਅਤੇ ਪੈਨਸਿਲ ਲੈ ਕੁਝ ਲਿਖ ਕੇ ਮਨ ਦਾ ਭਾਰ ਹਲਕਾ ਕਰਨ ਦੀ ਸੋਚੀ।

੧੭