ਪੰਨਾ:ਅੱਗ ਦੇ ਆਸ਼ਿਕ.pdf/17

ਵਿਕੀਸਰੋਤ ਤੋਂ
(ਪੰਨਾ:Agg te ashik.pdf/17 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਕਾਫੀ ਚਿਰ ਮਗਜ਼-ਮਾਰੀ ਬਾਅਦ, ਉਸ ਇਕ ਕਵਿਤਾ ਲਿਖੀ-'ਬੇਵਫਾ'। ਇਕ ਵਾਰ, ਦੋ ਵਾਰ ਆਪਣੀਆਂ ਲਿਖੀਆਂ ਪਾਲਾਂ ਨੂੰ ਪੜ੍ਹਿਆ ਅਤੇ ਫਿਰ ਕਿੰਨਾ ਚਿਰ ਉਹੀ ਸਤਰਾਂ ਗੁਣ-ਗੁਣਾਉਂਦਾ ਰਿਹਾ। ਪਤਾ ਨਹੀਂ, ਉਹਦੇ ਚਿੱਤ ਵਿਚ ਕੀ ਆਇਆ, ਉਹਨੇ ਲਿਖੀ ਹੋਈ ਕਵਿਤਾ ਨੂੰ ਟੁਕੜੇ ਟੁਕੜੇ ਕਰ ਦਿੱਤਾ। ਆਪਣੀ ਹੀ ਧੌਣ ਦੁਆਲੇ ਹੱਥਾਂ ਦੀ ਕੜਿੰਗੜੀ ਪਾ ਕੇ ਉਹ ਫਿਰ ਸੋਚੀਂ ਪੈ ਗਿਆ। ਕੁਝ ਚਿਰ ਸੋਚਕੇ ਉਹਨੇ ਇਕ ਹੋਰ ਕਵਿਤਾ ਸ਼ੁਰੂ ਕੀਤੀ-'ਇਨਕਲਾਬ' ਉਹ ਕਾਫੀ ਚਿਰ, ਇਸ ਕਵਿਤਾ ਦੇ ਅੱਖਰਾਂ ਨੂੰ ਸ਼ੰਗਾਰਦਾ, ਤਰਾਸ਼ਦਾ ਰਿਹਾ, ਕਿੰਨਾ ਚਿਰ ਕਵਿਤਾ ਨੂੰ ਪੜ੍ਹ ਪੜ੍ਹ ਖੁਸ਼ ਹੁੰਦਾ ਰਿਹਾ। ਪਰ ਇਸ ਕਵਿਤਾ ਦੇ ਟੁਕੜੇ ਕਰਦਿਆਂ ਵੀ ਉਹਨੂੰ ਜ਼ਰਾ ਦਰੇਗ ਨਾ ਆਇਆ। 'ਪਿਆਰ' ਤੇ 'ਇਨਕਲਾਬ'- ਦੋਵਾਂ ਵਿਸ਼ਿਆਂ ਨਾਲ ਉਹਨੂੰ ਨਫਰਤ ਜਿਹੀ ਹੁੰਦੀ ਲੱਗੀ। ਪਰ ਉਹਦੇ ਦਿਲ ਦਾ ਇਕ ਭਾਰ ਹਲਕਾ ਹੋ ਗਿਆ ਸੀ। ਨੀਂਦ ਦਾ ਝੋਕਾ ਕਦ ਆ ਗਿਆ, ਇਹਦਾ ਸਰਵਣ ਨੂੰ ਕੁਝ ਪਤਾ ਨਾ ਲਗਾ। ਹਾਂ, ਅਮਰੋ ਅਤੇ ਪਵਿਤਰ ਨੇ ਢਲੇ ਪਰਛਾਵੀਂ ਉਹਨੂੰ ਆਣ ਜਗਾਇਆ ਸੀ।

੧੮