ਪੰਨਾ:ਅੱਗ ਦੇ ਆਸ਼ਿਕ.pdf/20

ਵਿਕੀਸਰੋਤ ਤੋਂ
(ਪੰਨਾ:Agg te ashik.pdf/20 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਰੇਸ਼ਮਾਂ ਨੇ ਜਦ ਆਪਣੇ ਹੱਥ ਨੂੰ ਪਹਿਲਾਂ ਚੜ੍ਹਦੇ ਅਤੇ ਫਿਰ ਲਹਿੰਦੇ ਵਲ ਕੀਤਾ ਤਾਂ ਉਸ ਦੀਆਂ ਵੀਣੀਆਂ ਵਿਚ ਪਾਏ ਗਜ਼ਰਿਆਂ ਨੇ ਛਣਕ ਕੇ ਜਿਵੇਂ ਉਹਦੀ ਗਲ ਦੀ ਹਾਮੀ ਭਰ ਦਿਤੀ।
'ਨਹੀਂ ਰੇਸ਼ਮਾਂ; ਸੂਰਜ ਰੁਖ ਬਦਲੇ ਸੌ ਵਾਰ, ਪਰ ਸ਼ੁਮੀਰ ਦਾ ਪਿਆਰ ਨਾ ਬਦਲੂ।' ਨਿਧੜਕ ਦ੍ਰਿੜ੍ਹਤਾ ਅਤੇ ਸਵੈ-ਭਰੋਸੇ ਨਾਲ ਸ਼ੁਮੀਰ ਨੇ ਆਪਣੇ ਪਿਆਰ ਦੀ ਸ਼ਾਹਦੀ ਭਰ ਦਿੱਤੀ।
'ਮੈਂ ਤਾਂ ਹੜ ਦਾ ਕੱਖ ਆਂ-ਬੇ-ਥਾਂਵੀਂ ਤੇ ਮਾਂ-ਮਹਿਟਰ, ਨਾ ਜਾਣੇ ਕਿਧਰ ਦੀ ਕਿਧਰ ਰੁੜ੍ਹ ਜਾਵਾਂ.....!' ਰੇਸ਼ਮਾਂ ਦਾ ਗੱਚ ਭਰ ਆਇਆ।
'ਅਸੀਂ ਸਾਰੇ ਈ ਕੱਖਾਂ ਦੀ ਨਿਆਈਂ ਆਂ ਕੁਦਰਤ ਅਗੇ ......।' ਸ਼ੁਮੀਰ ਦਾ ਦਿਲ ਪਸੀਜ ਗਿਆ। ਦੋਵੀਂ ਪਾਸੀਂ ਚੁੱਪ ਛਾ ਗਈ। ਰੇਸ਼ਮਾਂ ਨੇ ਇਕ ਹੌਕਾ ਭਰਿਆ ਅਤੇ ਖਾਲੀ ਘੜਾ ਚੁੱਕ ਕੇ ਔਲੂ ਵਲ ਤੁਰ ਪਈ। ਜਦ ਉਸ ਘੜਾ ਭਰ ਕੇ ਔਲੂ ਦੀ ਬੰਨ੍ਹੀ 'ਤੇ ਧਰਿਆ ਤਾਂ ਸ਼ੁਮੀਰ ਆਪ-ਮੁਹਾਰੇ ਹੀ ਘੜੇ ਚੁਕਾਉਣ ਲਈ ਔਲੂ ਲਾਗੇ ਆ ਗਿਆ।
ਦੋਵਾਂ ਦੀਆਂ ਬਾਹਵਾਂ ਸਿਰਾਂ ਤੋਂ ਉਪਰ ਹੋ ਗਈਆਂ, ਦੋਵਾਂ ਦੀਆਂ ਅੱਖਾਂ ਨੇ ਦੋਵਾਂ ਚਿਹਰਿਆਂ ਉਤੇ ਇਕ ਉਦਾਸ ਮੁਸਕਰਾਹਟ ਤੱਕੀ।
ਬਲਦ ਤੁਰੇ ਜਾਂਦੇ ਸਨ, ਨਸਾਰ ਵਗਦੀ ਜਾਂਦੀ ਸੀ ਅਤੇ ਰੇਸ਼ਮਾਂ ਘੜੇ ਸੰਭਾਲਦੀ ਪਿੰਡ ਨੂੰ ਤੁਰੀ ਜਾਂਦੀ ਸੀ।

੨੧