ਪੰਨਾ:ਅੱਗ ਦੇ ਆਸ਼ਿਕ.pdf/36

ਵਿਕੀਸਰੋਤ ਤੋਂ
(ਪੰਨਾ:Agg te ashik.pdf/36 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆ। ਮਿਹਰੂ ਦੇ ਘਰ ਪਹੁੰਚ ਉਹਨੇ ਮੱਝ ਦਾ ਸਿਰ ਨਿਵਾ ਕੇ ਸਿੰਗ ਵਿਚ ਫਸਿਆ ਰੱਸਾ ਕਢ ਦਿਤਾ। ਜਦ ਉਹ ਪਿਛੇ ਹਟਿਆ, ਉਹਦੀ ਹਥੇਲੀ ਲਹੂ ਨਾਲ ਭਰ ਗਈ ।ਸਿੰਗ ਦੀ ਉਭਰੀ ਛਿਲਤਰ ਉਹਦੇ ਹੱਥ ਨੂੰ ਚੀਰ ਗਈ ਸੀ।

‘ਹਾਏ, ਇਹ ਕੀ ਹੋਇਆ?' ਰੇਸ਼ਮਾ ਘਬਰਾ ਗਈ।

‘ਛਿਲਤਰ ਵਜ ਗਈ ਸਿੰਗ ਦੀ......', ਸ਼ਮੀਰ ਨੇ ਉਹਦੇ ਵਲ ਵੇਂਹਦਿਆਂ ਜਵਾਬ ਦਿੱਤਾ।

ਰੇਸ਼ਮਾਂ ਨੇ ਉਹਦਾ ਹੱਥ ਫੜ, ਵੱਗਦਾ ਖੂਨ ਚੂਸਣਾ ਸ਼ੁਰੂ ਕਰ ਦਿੱਤਾ। ਹਥੇਲੀ ਅਤੇ ਬੁਲ੍ਹਾਂ ਦੇ ਮਿਲਾਪ 'ਚੋਂ ਸ਼ਮੀਰ ਨੂੰ ਇਕ ਸਰੂਰ ਜਿਹਾ ਆਇਆ। ਸ਼ਮੀਰ ਰੇਸ਼ਮਾਂ ਦੇ ਮ੍ਹੀਂਡੀਆਂ ਗੁੰਦੇ ਸਿਰ ਵਲ ਤੱਕਣ ਲੱਗਾ। ਜਦ ਰੇਸ਼ਮਾਂ ਨੇ ਉਹਦਾ ਹੱਥ ਛਡਿਆ, ਤਾਂ ਖੂਨ ਫਿਰ ਸਿੰਮ ਆਇਆ। ਸ਼ਮੀਰ ਨੇ ਖੂਨ ਭਰੀ ਹਥੇਲੀ ਨੂੰ ਰੇਸ਼ਮਾਂ ਦੀਆਂ ਮੀਂਡੀਆਂ ਵਿਚਕਾਰ ਚੀਰ ਵਿਚ ਲਾ ਦਿੱਤਾ।

'ਇਹ ਕੀ ?' ਸੁਭਾਵਕ ਹੀ ਰੇਸ਼ਮਾਂ ਦੇ ਮੂੰਹੋਂ ਨਿਕਲਿਆ।

‘ਚੀਰ ਦਾ ਸੰਧੂਰ’, ਕਹਿੰਦਿਆਂ ਸ਼ਮੀਰਾ ਕੁਝ ਮੁਸਕਰਾ ਪਿਆ।

ਰੇਸ਼ਮਾਂ ਨੇ ਉਹਦੀਆਂ ਅੱਖਾਂ ਵਿਚ ਝਾਕਿਆ। ਸ਼ਮੀਰ ਦੀ ਤੱਕਣੀ ਬੜੀ ਅਜੀਬ ਸੀ।ਰੇਸ਼ਮਾਂ ਦਾ ਸਿਰ ਕਦ ਉਸਦੀ ਹਿੱਕ ਨਾਲ ਜੁੜ ਗਿਆ, ਉਸਨੂੰ ਕੋਈ ਪਤਾ ਨਹੀਂ ਸੀ। ਉਹਦੇ ਹੰਝੂ ਪਰਲ ਪਰਲ ਵਹਿ ਰਹੇ ਸਨ ਅਤੇ ਉਹ ਸੁਬ੍ਹਕੜੇ ਮਾਰ ਮਾਰ ਰੋ ਰਹੀ ਸੀ। ਸ਼ਮੀਰ ਜਿਵੇਂ ਸੁੰਨ ਹੋ ਗਿਆ ਸੀ ਅਤੇ ਉਹਨੂੰ ਔਹੜਦਾ ਨਹੀਂ ਸੀ ਉਹ ਕੀ ਆਖੇ, ਕਿਵੇਂ ਉਹਨੂੰ ਧੀਰਜ ਬਨ੍ਹਾਏ? ਰੇਸ਼ਮਾਂ ਦੇ ਸਿਰ ਨੂੰ ਛਾਤੀ ਨਾਲ ਘੁਟ ਕੇ ਜਿਵੇਂ ਉਹਨੇ ਦਿਲ ਦੀ ਸਾਰੀ ਵੇਦਨਾ ਕਹਿ ਦਿੱਤੀ ਹੋਵੇ।

'ਰੇਸ਼ਮਾਂ, ਹੋਸ਼ ਕਰ, ਹੋਂਸਲਾ ਕਰ ......।' ਸ਼ਮੀਰ ਨੇ ਰੇਸ਼ਮਾਂ ਦੀ ਗਲ੍ਹ ਨੂੰ ਥਪਕਦਿਆਂ ਆਖਿਆ। ਦੋਵਾਂ ਦੇ ਦਿਲ ਧੜਕ ਰਹੇ ਸਨ। ਰੇਸ਼ਮਾਂ ਨੇ ਉਹਦੇ ਲੱਕ ਦੁਆਲੇ ਪਾਈ ਕੜਿੰੰਗੜੀ ਨੂੰ ਘੁਟ ਲਿਆ।

੩੭