ਪੰਨਾ:ਅੱਗ ਦੇ ਆਸ਼ਿਕ.pdf/7

ਵਿਕੀਸਰੋਤ ਤੋਂ
(ਪੰਨਾ:Agg te ashik.pdf/7 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਸਾਰੇ ਅਸੂਲ, ਅਣਖ, ਇੱਜ਼ਤ ਛਿੱਕੇ ਤੇ ਟੰਗ ਦੇਂਦੇ। ਪੈਸੇ ਦੀ ਛਣਕਾਰ ਮਨੁੱਖ ਦੀਆਂ ਅੱਖਾਂ ਅਗੇ ਪਰਦਾ ਤਾਣ ਦੇਂਦੀ ਏ? ਉਹਨੂੰ ਖਰੇ ਖਟੇ ਅਤੇ ਖੋਟੇ ਖਰੇ ਲਗਣ ਲੱਗ ਜਾਂਦੇ।'

'ਪਰ ਮੈਨੂੰ ਇਹ ਬੁਝਾਰਤਾਂ ਸਮਝ 'ਚ ਨਹੀਂ ਆਉਂਦੀਆਂ।'

'ਇਹ ਬੁਝਾਰਤਾਂ ਨਹੀਂ, ਇਹ ਚਿੱਟੇ ਦਿਨ ਵਰਗਾ ਸੱਚ ਏ ਕਿ ਤੇਰਾ ਬਾਪ ਅੱਜ ਟੋਡੀਆਂ ਦੇ ਮਗਰ ਲਗ ਗਿਆ ਏ...ਸਾਡੇ ਨਾਲੋਂ ਸੰਬੰਧ ਇਸ ਲਈ ਤੋੜ ਲਏ ਕਿ ਅਸੀਂ ਸਰਕਾਰ ਅਤੇ ਅਣਜਾਣ ਲੋਕਾਂ ਦੀਆਂ ਨਜ਼ਰਾਂ ਵਿਚ ਬਾਗੀ ਬਣ ਗਏ ਹਾਂ। ਅੱਜ ਤੇਰਾ ਵੀਰ ਸ਼ਿਵਦੇਵ ਵੀ ਸੋਚਦਾ ਏ ਕਿ ਬਾਗੀ ਪ੍ਰੀਵਾਰ ਨਾਲ ਪਿਆਰ, ਹਮਦਰਦੀ, ਦੋਸਤੀ ਉਹਨਾਂ ਨੂੰ ਮਹਿੰਗੇ ਪੈ ਸਕਦੇ। ਪਰ ਇਕ ਗਲ ਚੇਤੇ ਰਖ ਪ੍ਰੀਪਾਲ, ਇਕ ਦਿਨ ਇਨਕਲਾਬ ਦਾ ਆਵੇਗਾ, ਜਦੋਂ ਲੋਕ ਇਹਨਾਂ ਟੋਡੀਆਂ ਦੇ ਮੂੰਹ 'ਤੇ ਥੁੱਕਣਗੇ ਅਤੇ ਉਹਨਾਂ ਦੇ ਝੋਲੀ-ਚੁੱਕਾਂ ਨੂੰ ਮਰਨ ਲਈ ਧਰਤੀ ਵਿਹਲ ਨਹੀਂ ਦੇਵੇਗੀ। ਪ੍ਰੀਪਾਲ, ਗੁੱਸਾ ਨਾ ਕਰੀਂ, ਇਹੀ ਕਾਰਨ ਏਂ ਕਿ ਤੂੰ ਸਾਡੇ ਵੜਨਾ ਛਡ ਦਿੱਤਾ ਏ।'

'ਇਹ ਗੱਲ ਤਾਂ ਨਹੀਂ, ਪਰ ਭਾਵੇਂ ਤੇਰਾ ਇਨਕਲਾਬ ਆ ਜਾਵੇ ਤੇ ਭਾਵੇਂ ਅੰਗਰੇਜ਼ ਦੇਸ਼ 'ਚੋਂ ਚਲੇ ਜਾਣ, ਪਰ ਘਾਹੀਆਂ ਦੇ ਪੁੱਤਾਂ ਘਾਹ ਦੀ ਖੋਤਣਾ ਅਤੇ ਰਾਜਿਆਂ ਰਾਜ ਈ ਕਰਨਾ।' ਇਹ ਕਹਿ ਕੇ ਪ੍ਰੀਪਾਲ ਨੇ ਸਰਵਣ ਦੀ ਗਲ ਦੀ ਕੁਸੈਲ ਉਗਲਛ ਦਿਤੀ। ਉਹ ਸਰਵਣ ਦੇ ਮੂੰਹੋਂ ਹੋਰ ਕੁਝ ਨਹੀਂ ਸੀ ਸੁਣਨਾ ਚਾਹੁੰਦੀ। ਇਸ ਲਈ ਮਘੀ ਨੂੰ ਸਿਰ ਉਤੇ ਥੰਮਦੀ, ਉਹ ਪਿੰਡ ਵੱਲ ਤੁਰ ਪਈ।