ਪੰਨਾ:ਅੱਗ ਦੇ ਆਸ਼ਿਕ.pdf/92

ਵਿਕੀਸਰੋਤ ਤੋਂ
(ਪੰਨਾ:Agg te ashik.pdf/92 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਸ਼ਿਸ਼ ਕਰ ਰਿਹਾ ਸੀ। ਉਹਦਾ ਗੁਲੇਲ ਵਰਗਾ ਸਰੀਰ ਕਿਸੇ ਜਜਮਾਨ ਦੇ ਗਲ ਲੱਗੇ ਕਮੀਜ਼ ਦੀ ਵੱਖੀ ਦੇ ਲੰਘਾਰ ਥਾਣੀ ਨਜ਼ਰੀਂ ਆ ਰਿਹਾ ਸੀ। ਪਰ ਮਾਘੀ ਸੀ ਕਿ ਘੋੜੀਆਂ ਕੋਲੋਂ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ। ਉਹਦੀਆਂ ਤਲੁਖਣੀ ਵਰਗੀਆਂ ਲੱਤਾਂ ਅਤੇ ਨੰਗੇ ਪੈਰ ਦਭਸੂਲਾਂ ਅਤੇ ਭਖੜੇ ਦੇ ਮੂੰਹ ਮੋੜਦੇ ਚੁੰਗੀਆਂ ਭਰੀ ਜਾਂਦੇ ਸਨ।

ਰਾਜੇ ਦੀ ਰਖ਼ ਲੰਘ ਕੇ ਦੋਵੇਂ ਘੜੀ ਰੁਕੀਆਂ। ਅਗੇ ਰਾਜੇ ਦੀ ਸੰਘਣੇ ਰੁੱਖਾਂ ਦੀ ਬੀੜ ਸ਼ੁਰੂ ਹੋ ਗਈ ਸੀ। ਦੋੜੇ ਆਉਂਦੇ ਦੂਜੇ ਕੁੱਤਿਆਂ ਨੇ ਪਪੋਹਲੀ ਦੇ ਬੀ ਚੁਗਦੇ ਕਬੂਤਰਾਂ ਦੀ ਇਕ ਡਾਰ ਨੂੰ ਉਡਾ ਦਿਤਾ। ਡਾਰ ਉਡ ਕੇ ਪਹਿਲਾਂ ਨੂਰਪੁਰ ਨੂੰ ਤੁਰੀ, ਪਰ ਫਿਰ ਮੋੜ ਕਟ ਕੇ ਬੀੜ ਦੇ ਰੁੱਖਾਂ ਉਤੋਂ ਦੀ ਚੱਕਰ ਕੱਟਣ ਲੱਗੀ। ਮਾਘੀ ਦੀਆਂ ਨਿੱਕੀਆਂ ਨਿੱਕੀਆਂ ਅੱਖਾਂ ਉਡਦੇ ਕਬੂਤਰਾਂ ਦੇ ਪਿਛੇ ਪਿਛੇ ਤੁਰ ਰਹੀਆਂ ਸਨ। ਉਹ ਸੋਚ ਰਿਹਾ ਸੀ! ਜੇ ਕਦੀ ਮੇਰਾ ਜਾਲ ਹੋਵੇ, ਮੈਂ ਇਕ ਨਾ ਜਾਣ ਦਿਆਂ।

ਉਹਨਾਂ ਦੇ ਦੂਜੇ ਸਾਥੀ ਵੀ ਆਣ ਰਲੇ। ਮਾਘੀ ਨੂੰ ਕਬੂਤਰਾਂ ਵਲ ਬਿੱਟ ਬਿੱਟ ਝਾਕਦਿਆਂ ਵੇਖ ਕੇ ਬਿੱਕਰ ਨੇ ਬੁੱਲਾਂ ਵਿਚ ਹਸਦਿਆਂ ਆਖਿਆ- ਕਿਤੇ ਮਗਰੇ ਨਾ ਉਡ ਜਾਵੀਂ ਕੁਤਿਆਂ ਸਣੇ।' ਬਿੱਕਰ ਦੀ ਗਲ ਸੁਣ ਕੇ ਸਾਰੀ ਢਾਣੀ ਹੱਸਣ ਲਗ ਪਈ। ਮਾਘੀ ਦੀਆਂ ਬਾਚੀਆਂ ਉਤੇ ਉਗੇ ਵਿਰਲੇ ਵਾਲ ਹਿਲੇ ਅਤੇ ਠੋਡੀ ਤੇ ਚਿੜੀ ਪੂੰਝੇ ਵਰਗੀ ਉਗੀ ਦਾਹੜੀ ਨੂੰ ਸੰਵਾਰਦਿਆਂ ਉਸ ਥੋੜ੍ਹੀ ਦੂਰ ਬਹਿੰਦੀ ਡਾਰ ਨੂੰ ਵੇਖਿਆ।

'ਲੈ ਭਰਾਵਾ, ਬੰਨ੍ਹ ਜਿਸਤ ਤੇ ਫੰਡ ਘੱਤ ਪੰਜ ਸੱਤ।' ਇਹ ਗਲ ਆਖ ਕੇ ਮਾਘੀ ਨੇ ਜਿਵੇਂ ਉਸ ਕੋਲੋਂ ਬਦਲਾ ਲੈ ਲਿਆ ਸੀ। ਮਾਘੀ ਜਾਣਦਾ ਸੀ ਕਿ ਬਿੱਕਰ ‘ਭਰਾਵਾ' ਕਹਿਣ ਤੋਂ ਬਹੁਤਾ ਚਿੜਦਾ। ਅਗੇ ਵੀ ਕਈ ਵਾਰ ਬਿੱਕਰ ਜਦ ਉਹਦੀ ਜਾਤ 'ਤੇ ਹੱਲਾ ਕਰਦਾ ਸੀ ਤਾਂ ਉਹ 'ਅੱਛਾ ਭਰਾਵਾਂ, ਜਿਵੇਂ ਮਰਜ਼ੀ ਕਹਿ' ਆਖ ਕੇ ਇਕ ਤਰ੍ਹਾਂ ਉਹਨੂੰ ਬਰਫ਼ ਵਿਚ ਲਾ ਦੇਂਦਾ ਸੀ। ਅੱਜ ਫਿਰ ਜਦ ਉਹਨੇ ਉਹੀ ਗਲ ਦੁਹਰਾਈ ਤਾਂ ਮਡੇ ਪਹਿਲਾਂ

੮੭