ਅਪਭ੍ਰੰਸ਼ ਦਾ ਹੀ ਸਭ ਤੋਂ ਅਧਿਕ ਪ੍ਰਚੱਲਤ ਰੂਪ ਸੀ। ਦੇਸ਼-ਭੇਦ ਨਾਲ ਨਾਗਰ ਜਾਂ ਸ਼ਰਸੇਨੀ ਅਪਭ੍ਰੰਸ਼ ਦੇ ਕਈ ਰੂਪ ਰਹੇ ਹੋਣਗੇ, ਇਹ ਸਹਿਜੇ ਹੀ ਅਨੁਮਾਨ ਕੀਤਾ ਜਾ ਸਕਦਾ ਹੈ। ਪਰੰਤੂੂ ਅੱਜ ਤੋਂ ੧੫੦੦ ਵਰ੍ਹੇ ਪਹਿਲਾਂ ਜਦ ਕਿ ਉੱਤਰੀ ਭਾਰਤ ਦੀਆਂ ਪ੍ਰਦੇਸ਼ਕ ਬੋਲੀਆਂ ਅਜ ਜਿਤਨੀ ਦੂੂਰੀ ਨਹੀਂ ਰਖਦੀਆਂ ਸਨ ਉਨ੍ਹਾਂ ਸਾਰੀਆਂ ਦੇ ਵਖ ਵਖ ਖੇਤਰਾਂ ਵਿਚ ਵਖ ਵਖ ਸਾਹਿੱਤਕ ਭਾਸ਼ਾਵਾਂ ਮੰਨਣ ਦੀ ਲੋੜ ਨਹੀਂ। ਇਕੋ ਸ਼ੌਰਸੇਨੀ ਅਪਭ੍ਰੰਸ਼ ਸ਼ੌਰਸੇਨੀ ਪਾ੍ਕ੍ਰਿਤ ਵਾਂਗ ਸਾਰੇ ਮੱਧ ਦੇਸ਼-ਪੱਛਮੀ ਉੱਤਰ ਪ੍ਰਦੇਸ਼, ਪੂਰਬੀ ਪੰਜਾਬ, ਗੁਜਰਾਤ ਅਤੇ ਰਾਜਸਥਾਨ ਦੀ ਸਾਹਿੱਤਕ ਭਾਸ਼ਾ ਸੀ। ਸੰਸਕ੍ਰਿਤ ਨਾਟਕਾਂ ਵਿਚ ਸ਼ੌਰਸੇਨੀ ਪ੍ਰਾਕ੍ਰਿਤ ਨੂੰ ਜੋ ਸਭ ਤੋਂ ਉੱਚਾ ਸਥਾਨ ਦਿੱਤਾ ਗਇਆ ਹੈ ਉਸ ਤੋਂ ਪਰਗਟ ਹੈ ਕਿ ਇਹ ਪ੍ਰਾਕ੍ਰਿਤ ਸੰਸਕ੍ਰਿਤ ਤੋਂ ਪਿੱਛੋਂ ਇਕ ਤਰ੍ਹਾਂ ਨਾਲ ਸਾਰੇ ਉੱਤਰੀ ਭਾਰਤ ਦੀ ਰਾਸ਼ਟਰ ਭਾਸ਼ਾ ਸੀ। ਮੱਧ ਦੇਸ਼ ਦੀ ਸ਼ੌਰਸੇਨੀ ਅਪਭ੍ਰੰਸ਼ ਨੇ ਵੀ ਪਿੱਛੋਂ ਇਸੇ ਸਥਾਨ ਨੂੰ ਪ੍ਰਾਪਤ ਕੀਤਾ ਅਤੇ ਅੱਜ ਪੱਛਮੀ ਹਿੰਦੀ ਦੀ ਜਿਸ ਉਪਭਾਖਾਂ ਨੇ ਰਾਸ਼ਟਰ ਭਾਸ਼ਾ ਦੀ ਪਦਵੀ ਨੂੰ ਪ੍ਰਾਪਤ ਕੀਤਾ ਹੈ ਉਹ ਵੀ ਮੱਧ ਦੇਸ਼ ਦੀ ਹੀ ਭਾਸ਼ਾ ਹੈ।
ਸਰ ਜਾਰਜ ਗ੍ਰੀਅਰਸਨ ਨੇ ਆਧੁਨਿਕ ਭਾਰਤੀ-ਆਰੀਆ ਬੋਲੀਆਂ ਨੂੰ (Outer) ਬਾਹਰਵਰਤੀ, (Inner) ਅੰਦਰਵਰਤੀ ਤੇ (Mediate) ਮੱਧਵਰਤੀ ਇਨ੍ਹਾਂ ਤਿੰਨਾਂ ਵਰਗਾਂ ਵਿਚ ਵੰਡਦਿਆਂ ਹੋਇਆਂ ਪੱਛਮੀ ਹਿੰਦੀ, ਪੰਜਾਬੀ, ਗੁਜਰਾਤੀ ਤੇ ਰਾਜਸਥਾਨੀ ਨੂੰ ਅੰਦਰਵਰਤੀ ਵਰਗ ਵਿਚ ਰਖਿਆ ਹੈ। ਇਸ ਵਰਗੀਕਰਣ ਦਾ ਆਧਾਰ ਹੌਰਨਲੀ ਦਾ Wedge (ਫਾਨਾ) ਸਿਧਾਂਤ ਹੈ ਜਿਸ ਦੇ ਅਨੁਸਾਰ ਭਾਰਤ ਵਿਚ ਆਰੀਏ ਦੋ ਟੋਲੀਆਂ ਵਿਚ ਆਏ। ਪਰੰਤੂ ਪ੍ਰਸਿੱਧ ਭਾਸ਼ਾ-ਵਿਗਿਆਨੀ ਡਾਕਟਰ ਸੁਨੀਤੀ ਕੁਮਾਰ ਚੈਟਰਜੀ ਨੇ ਇਸ ਸਿਧਾਂਤ ਦਾ ਖੰਡਨ ਕਰਦਿਆਂ ਹੋਇਆਂ ਆਧੁਨਿਕ ਭਾਰਤੀ-ਆਰੀਆ ਬੋਲੀਆਂ ਨੂੰ ਉੱਤਰੀ, ਪੱਛਮੀ, ਮੱਧ ਦੇਸ਼ੀ, ਪੂਰਬੀ ਤੇ ਦੱਖਣੀ ਇਨ੍ਹਾਂ ਪੰਜਾਂ ਵਰਗਾਂ ਵਿਚ ਵੰਡਿਆ ਹੈ । ਹੌਰਨਲੀ ਦਾ Wedge ਸਿਧਾਂਤ ਭਾਵੇਂ ਇਕ ਕਲਪਨਾ-ਪੂਰਨ ਸਿੱਧਾਂਤ ਹੋਵੇ ਪਰੰਤੂੂ ਗ੍ਰੀਅਰਸਨ ਨੇ ਪੰਜਾਬੀ ਤੇ ਹਿੰਦੀ ਨੂੰ ਅੰਦਰਵਰਤੀ ਬੋਲੀਆਂ ਮੰਨ ਕੇ ਇਨ੍ਹਾਂ ਵਿਚ ਜੋ ਸੰਬੰਧ ਸਥਾਪਤ ਕੀਤਾ ਹੈ ਉਸ ਵਲ ਧਿਆਨ ਦੇਣ ਦੀ ਆਵੱਸ਼ਕਤਾ ਹੈ।
ਗ੍ਰੀਅਰਸਨ ਨੇ ਪੱਛਮੀ ਹਿੰਦੀ,ਪੰਜਾਬੀ,ਗੁਜਰਾਤੀ ਤੇ ਰਾਜਸਥਾਨੀ ਇਨ੍ਹਾਂ ਸਭਨਾਂ ਅੰਦਰਵਰਤੀ ਬੋਲੀਆਂ ਦਾ ਸ਼ੌਰਸੇਨੀ ਅਪਭ੍ਰੰਸ਼ ਨਾਲ ਸੰਬੰਧ ਦੱਸਿਆ ਹੈ। ਇਸ ਸੰਬੰਧ ਦਾ ਜੇ ਇਹ ਮਤਲਬ ਹੋਵੇ ਕਿ ਇਹ ਸਾਰੀਆਂ ਬੋਲੀਆਂ ਸ਼ੌਰਸੇਨੀ ਅਪਭ੍ਰੰਸ਼ ਤੋਂ ਉਗਮੀਆਂ ਹਨ ਤਾਂ ਠੀਕ ਨਹੀਂ। ਸਾਡਾ ਵਿਚਾਰ ਹੈ ਕਿ ਜਿਨ੍ਹਾਂ ਪ੍ਰਦੇਸ਼ਾਂ ਵਿਚ ਅਜ ਕਲ ਇਹ ਬੋਲੀਆਂ ਬੋਲੀਆਂ ਜਾਂਦੀਆਂ ਹਨ ਉਨ੍ਹਾਂ ਦੀਆਂ ਬੋਲੀਆਂ ਵਿਚ ਅਪਭ੍ਰੰਸ਼-ਕਾਲ ਤੋਂ ਬਹੁਤ ਪਹਿਲਾਂ ਹੀ ਭਿੰਨਤਾ ਆ ਚੁੱਕੀ ਸੀ, ਭਾਵੇਂ ਇਹ ਭਿੰਨਤਾ ਅਜ ਵਾਂਗ ਬਹੁਤ ਸਪਸ਼ਟ ਨਹੀਂ ਸੀ। ਇਸ ਲਈ ਇਨ੍ਹਾਂ ਪ੍ਰਦੇਸ਼ਾਂ ਦੀਆਂ ਆਧੁਨਿਕ ਬੋਲੀਆਂ ਦਾ ਸ਼ੌਰਸੇਨੀ ਅਪਭ੍ਰੰਸ਼ ਨਾਲ ਸੰਬੰਧ ਇਸੇ ਰੂਪ ਵਿਚ ਹੋ ਸਕਦਾ ਹੈ ਕਿ ਇਨ੍ਹਾਂ ਸਭਨਾਂ ਪ੍ਰਦੇਸ਼ਾਂ ਵਿਚ ਸ਼ੌਰਸੇਨੀ ਅਪਭ੍ਰੰਸ਼ ਹੀ