ਪੰਨਾ:Alochana Magazine 1st issue June 1955.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਜਾਣ ਪਛਾਣ ਪਿਛੋਂ ਪਰਧਾਨ ਜੀ ਤੇ ਸਵਾਗਤੀ ਇਕ ਜਲੂਸ ਦੀ ਸ਼ਕਲ ਵਿਚ ਪੰਡਾਲ ਵੱਲ ਵਧੇ। ਰਸਤੇ ਦੇ ਦੋਹੀਂ ਪਾਸੀਂ ਮਾਲਵਾ ਖਾਲਸਾ ਹਾਈ ਸਕੂਲ ਦੇ ਸਕਾਊਟ ਖੜੇ ਸਨ। ਉਨ੍ਹਾਂ ਜਲੂਸ ਦਾ ਫੌਜੀ ਤਰੀਕੇ ਨਾਲ ਸਵਾਗਤ ਕੀਤਾ। ਦੂਜੇ ਗੇਟ ਤੇ ਪਰਧਾਨ ਜੀ ਨੂੰ ਬੈਂਡ ਨਾਲ ਸਲਾਮੀ ਦਿੱਤੀ ਗਈ ਤੇ ਸਵਾਗਤੀ ਗੀਤ ਗਾਇਆਂ ਗਇਆ। ਜਲੂਸ ਹੋਰ ਅੱਗੇ ਵਧਿਆ। ਹੁਣ ਰਸਤੇ ਦੇ ਦੋਹੀਂ ਪਾਸੀਂ ਖਾਲਸਾ ਗਲਰਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਫੌਜੀ ਤਰੀਕੇ ਵਿੱਚ ਖੜੇ ਹੋ ਕੇ ਗਾਰਡ ਔਫ ਆਨਰ ਦਿੱਤੀ ਤੇ ਜਲੂਸ ਪੰਡਾਲ ਵਿੱਚ ਦਾਖਲ ਹੋਇਆ। ਸਾਰੇ ਜਨੇ ਪਰਧਾਨ ਜੀ ਦੇ ਸਤਿਕਾਰ ਲਈ ਖੜੇ ਹੋ ਗਏ। ਪਰਧਾਨ ਜੀ ਦੇ ਪਰਧਾਨਗੀ ਦੀ ਕੁਰਸੀ ਨੂੰ ਸੰਭਾਲਣ ਪਿਛੋਂ ਕਾਨਫਰੰਸ ਦੇ ਸਵੇਰ ਦੇ ਸਮਾਗਮ ਦੀ ਕਾਰਵਾਈ ਸ਼ੁਰੂ ਹੋਈ।

ਪਹਿਲਾ ਸਮਾਗਮ-

ਸਭ ਤੋਂ ਪਹਿਲਾਂ ਗੌਰਮਿੰਟ ਕਾਲਜਾਂ ਦਿਆਂ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਕੌਮੀ ਗੀਤ 'ਜਨ ਮਨ ਗਨ ਜੈ ਹੋਵੇ, ਭਾਰਤ ਭਾਗ ਵਿਧਾਤਾ' ਗਾਇਆ ਅਤੇ ਸਰੋਤਿਆਂ ਖੜ੍ਹੇ ਹੋ ਕੇ ਆਪਣੀ ਸ਼ਰਧਾਂਜਲੀ ਭਾਰਤ ਮਾਂ ਦੇ ਚਰਨਾਂ ਵਿੱਚ ਅਰਪਣ ਕੀਤੀ। ਇਸ ਅਸੀਸ ਅਤੇ ਪਰਾਰਥਨਾ ਤੋਂ ਪਿਛੋਂ ਮਾਲਵਾ ਖਾਲਸਾ ਹਾਈ ਸਕੂਲ ਦਿਆਂ ਵਿਦਿਆਰਥੀਆਂ ਢਿਲੋਂ ਸਰਦਾਰ ਨੂੰ 'ਜੀ ਆਇਆਂ ਨੂੰ' ਆਖਣ ਲਈ ਇਕ ਸਵਾਗਤੀ ਗੀਤ ਗਾਇਆ। ਹੁਣ ਖਾਲਸਾ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਦੀ ਵਾਰੀ ਆਈ। ਉਨ੍ਹਾਂ ਇਕ ਗੀਤ 'ਜੇ ਭਾਰਤ' ਭਾਵੇਂ ਮਨੋਰੰਜਕ ਤਰੀਕੇ ਨਾਲ ਪੇਸ਼ ਕੀਤਾ। ਇਸ ਵਿੱਚ ਭਾਰਤ ਮਾਂ ਨੂੰ ਸਾਕਾਰ ਰੂਪ ਦੇ ਕੇ, ਤਿਰੰਗੇ ਨੂੰ ਪਿਛੋਕੜ ਵਿੱਚ ਰੱਖ, ਉਸ ਦੀ ਆਰਤੀ ਉਤਾਰੀ ਗਈ। ਇਸ ਤਰ੍ਹਾਂ ਸਾਫ਼ ਤੇ ਨਿਰਛੱਲ ਭਾਰਤੀ ਬੀਬੀਆਂ ਮਾਤਰ ਭੂਮੀ ਲਈ ਆਪਣੀ ਸ਼ਰਧਾ ਪਰਗਟਾਈ।

ਕੋਈ ਸਾਢੇ ਦੱਸ ਵਜੇ ਦੇ ਕਰੀਬ ਕਾਨਫਰੰਸ ਦਾ ਉਦਘਾਟਣ ਹੋਇਆ। ਸਵਾਗਤੀ ਕਮੇਟੀ ਦੇ ਪਰਧਾਨ ਸ. ਬ. ਭਾਈ ਜੋਧ ਸਿੰਘ ਜੀ ਨੇ ਆਪਣਾ ਸੁਆਗਤੀ ਭਾਸ਼ਨ ਦਿੰਦਿਆਂ ਸਭ ਪੰਜਾਬੀਆਂ ਅਗੇ ਅਪੀਲ ਕੀਤੀ ਕਿ ਉਹ ਰਲ ਕੇ ਜੋ ਸਮਝੌਤਾ ਹੋਇਆ ਹੈ ਉਸ ਤੇ ਈਮਾਨਦਾਰੀ ਨਾਲ ਅਮਲ ਕਰਨ ਤੇ ਆਪਸ ਵਿੱਚ ਦੀਆਂ ਤ੍ਰੇੜਾਂ ਨੂੰ ਵਧਣ ਨ ਦੇਣ।


  • ਪੂਰੇ ਭਾਸ਼ਨ ਲਈ ਦੇਖੋ ਪੰਨਾ ੬੪ ।
  • ਭਾਵ ਸੱਚਰ ਫਾਰਮੂਲੇ ਤੋਂ ਹੈ ।

੯੭