ਪੰਨਾ:Alochana Magazine 1st issue June 1955.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਭ੍ਰੰਸ਼ ਰੂਪ ਵਿਚ ਹਾਲੇ ਵੀ ਸਥਿਰ ਹਨ,ਵਧ ਤੋਂ ਵਧ ਇਨ੍ਹਾਂ ਨੂੰ ਪਹਿਲੇ ਸੂਰ ਉ ਤੇ ਨਿਸਬਤਨ ਘੱਟ ਜ਼ੋਰ ਦੇ ਕੇ ਬੋਲਿਆ ਜਾਂਦਾ ਹੈ| ਪੰਜਾਬੀ ਨੂੰ ਇਸ ਦ੍ਰਿਸ਼ਟੀ ਤੋਂ ਭਾਵੇਂ ਕੋਈ ਘਟ ਵਿਕਸਤ ਜਾਂ ਸੰਸਕਾਰਹੀਨ ਭਾਸ਼ਾ ਕਹਿ ਲਵੇ, ਪਰ ਇਸ ਦੀ ਦੁੱਤ-ਬਹੁਲਤਾ ਇਸ ਦੇ ਬੋਲਣ ਵਾਲਿਆਂ ਦੇ ਮਰਦਊਪੁਣੇ ਦਾ ਹੀ ਲੱਛਣ ਹੈ ਅਤੇ ਅਪਭ੍ਰੰਸ਼ ਰੂਪ ਵਿਚ ਵੀ ਇਹ ਵੈਦਿਕ ਆਰੀਆਂ ਦੀ ਧੜੱਲੇ ਦਾਰ ਬੋਲੀ ਦਾ ਬਹੁਤ-ਕੁਝ ਸਾਂਭੇ ਹੋਏ ਹੈ।

ਅੰਤ ਵਿਚ ਮੈਂ ਅਜੋਕੀ ਹਿੰਦੀ ਦਾ ਆਧਾਰ ਖੜੀ ਬੋਲੀ ਨੂੰ ਪੜੀ ਬੋਲੀ ਤੋਂ ਖੜੀ ਬੋਲੀ ਬਣਾ ਦੇਣ ਵਿਚ ਪੰਜਾਬੀ ਨੇ ਜਿਹੜਾ ਮਹੱਤਵ-ਪੂਰਨ ਹਿੱਸਾ ਪਾਇਆ ਹੈ ਉਸ ਵਲ ਵੀ ਪਾਠਕਾਂ ਦਾ ਕੁਝ ਧਿਆਨ ਖਿੱਚਣਾ ਚਾਹੁੰਦਾ ਹਾਂ। ਮੇਰਾ ਸੰਕੇਤ ਉਸ ਹਿੰਦਵੀ ਸਾਹਿੱਤ ਵਲ ਹੈ ਜਿਸਨੇ ਪਹਿਲਾਂ ਪਹਿਲ ਪੰਜਾਬ ਵਿਚ ਹੀ ਜਨਮ ਲਇਆ। ਲਗ-ਭਗ ਡੇਢ ਸੌ ਸਾਲ ਤਕ ਇਹ ਬੂਟਾ ਪੰਜਾਬ ਵਿਚ ਪਲਦਾ ਰਹਿਆ। ਇਥੋਂ ਹੀ ਇਹ ਦਿੱਲੀ ਤੇ ਦੱਖਣ ਵਿਚ ਗਇਆ। ਦਿੱਲੀ ਵਿਚ ਇਸ ਨੂੰ ਖੜੀ ਬੋਲੀ ਦੀ ਅਜਿਹੀ ਪਿਉਂਦ ਲੱਗੀ ਕਿ ਫਲਸਰੂਪ ਸਾਹਿੱਤਕ ਉਰਦੂ ਤੇ ਹਿੰਦੀ ਦਾ ਜਨਮ ਹੋਇਆ। ਦਖਣੀ ਹਿੰਦਵੀ ਵਿਚ ਪੰਜਾਬੀ ਦੇ ਅਨੇਕਾਂ ਸ਼ਬਦ ਮਿਲਦੇ ਹਨ। ਪਰ ਦਿੱਲੀ ਵਿਚ ਹੌਲੀ ਹੌਲੀ ਇਨ੍ਹਾਂ ਦਾ ਸਥਾਨ ਖੜੀ ਬੋਲੀ ਨੇ ਲੈ ਲੀਤਾ। ਉੱਜ ਵੀ ਦਿੱਲੀ ਬਾਂਗੜੂ ਬੋਲੀ ਦੇ ਖੇਤਰ ਵਿਚ ਹੈ ਜਿਹੜੀ ਆਪ ਰਾਜਸਥਾਨੀ, ਪੰਜਾਬੀ ਤੇ ਖੜੀ ਬੋਲੀ ਦਾ ਮਿਲਗੋਭਾ ਜਿਹੀ ਹੈ, ਭਾਵੇਂ ਇਸ ਵਿਚ ਖੜੀ ਬੋਲੀ ਦਾ ਅੰਸ ਪਰਧਾਨ ਹੈ, ਤੇ ਇਸੇ ਕਰਕੇ ਇਸ ਨੂੰ ਪੱਛਮੀ ਹਿੰਦੀ ਦੀਆਂ ਉਪਭਾਖਾਵਾਂ ਵਿਚ ਗਿਣਿਆ ਜਾਂਦਾ ਹੈ। ਇਸ ਲਈ ਦਿੱਲੀ ਦੀ ਬੋਲੀ ਵਿਚ ਪੰਜਾਬੀ ਦਾ ਕੁਝ ਪ੍ਰਭਾਵ ਪਹਿਲਾਂ ਤੋਂ ਸੀ ਜਿਸ ਦੇ ਕਾਰਣ ਮੁਸਲਮਾਨਾਂ ਨੂੰ ਹਿੰਦਵੀ ਬੋਲੀ ਨੂੰ ਆਪਣੇ ਨਾਲ ਦਿੱਲੀ ਲੈ ਜਾਣ ਤੇ ਦਿੱਲੀ ਦੀ ਬੋਲੀ ਤੋਂ ਇਹ ਬੋਲੀ ਬਹੁਤੀ ਵਖਰੀ ਪਰਤੀਤ ਨਹੀਂ ਹੋਈ। ਓ ਅੰਤ ਵਾਲੀ ਬ੍ਰਜਭਾਖਾ ਦੇ ਵਿਰੁੱਧ ਪੰਜਾਬੀ, ਖੜੀ, ਬਾਂਗੜੂ ਦੇ ਆ ਅੰਤ ਵਾਲੀਆਂ ਬੋਲੀਆਂ ਹੋਣ ਦੇ ਕਾਰਣ ਵੀ ਇਨ੍ਹਾਂ ਬੋਲੀਆਂ ਵਿਚ ਸਮਾਨਤਾ ਸੀ। ਖੜੀ ਬੋਲੀ ਦਾ ਪੰਜਾਬੀ ਨਾਲ ਇਹੀ ਨੇੜੇ ਦਾ ਸੰਬੰਧ ਅੱਜ ਦੀ ਹਿੰਦੀ ਤੇ ਉਰਦੂ ਨੂੰ ਪੰਜਾਬੀਆਂ ਲਈ ਇੰਨਾ ਸੁਗਮ ਤੇ ਸਹਿਲ ਬਣਾਏ ਹੋਏ ਹੈ ਕਿ ਉਹ ਵਿਆਕਰਣ ਪੜ੍ਹੇ ਬਿਨਾਂ ਹੀ ਉਰਦੂ ਤੇ ਹਿੰਦੀ ਦੋਹਾਂ ਨੂੰ ਹੀ ਸ਼ੁਧ ਲਿਖ-ਬੋਲ ਸਕਦੇ ਹਨ|

੧੫