ਪੰਨਾ:Alochana Magazine 1st issue June 1955.pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਦੀ ਬੋਲੀ ਨਿਪਟ ਸਾਦਾ ਅਤੇ ਪੇਂਡੂ ਜੇਹੀ ਜਾਪਦੀ ਹੈ, ਪਰ ਉਨ੍ਹਾਂ ਨੇ ਇਸ ਵਿਚ ਆਪਣੇ ਅਨੁਭਵ-ਸਿਧ ਗਿਆਨ ਦੇ ਲਿਸ਼ਕਾਰੇ ਪਾ ਕੇ ਜਿਥੇ ਜਨਤਾ ਦੇ ਜੀਵਨ ਨੂੰ ਚਮਕਾਇਆ ਉਥੇ ਇਸ ਬੋਲੀ ਨੂੰ ਵੀ ਤੇਜਸਵੀ ਬਣਾ ਦਿਤਾ।

ਭਗਵਾਨ ਗੋਤਮ ਬੁਧ ਦੀ ਟੁੱਟੀ-ਭੱਜੀ ਮੰਸਕ੍ਰਿਤ ਨੂੰ ਵੇਖ ਕੇ ਕੀ ਅਸੀਂ ਉਨ੍ਹਾਂ ਦੀ ਵਿਦਵਤਾ ਤੇ ਸ਼ਕ ਕਰ ਸਕਦੇ ਹਾਂ? ਕਦੀ ਨਹੀਂ। ਸਗੋਂ ਧਰਤੀ ਦੀ ਇਕ-ਤਿਹਾਈ ਲੁਕਾਈ ਉਨ੍ਹਾਂ ਦੇ ਸ਼ਾਂਤੀ ਮਈ ਅਹਿੰਸਾ ਧਰਮ ਦੀ ਅਨੁਆਈ ਹੈ। ਉਨ੍ਹਾਂ ਨੇ ਜਨਤਾ ਨੂੰ ਦਿਮਾਗੀ-ਗੁਲਾਮੀ ਚੋਂ ਬਚਾ ਕੇ ਸਮੇਂ ਅਨੁਕੂਲ ਲੋਕ-ਬੋਲੀ ਵਿਚ ਉਚੇਰੇ ਆਦਰਸ਼ਾਂ ਦਾ ਪਰਚਾਰ ਕੀਤਾ। ਇਹੋ ਗਲ ਹਜ਼ਰਤ ਈਸਾ ਨੇ ਆਪਣੇ ਉਪਦੇਸ਼ਾਂ ਲਈ ਜ਼ਰੂਰੀ ਸਮਝੀ।

ਗੁਰ ਨਾਨਕ ਦੇਵ ਨੇ ਹਿੰਦੂ-ਮੁਸਲਮਾਨ ਦੀ ਅੰਦਰਲੀ ਸ਼ੁਧ ਮਨੁਖਤਾ ਦੀ ਉਨਤੀ ਅਤੇ ਅਨੰਦ ਲਈ ਗਿਆਨ ਤੇ ਭਗਤੀ ਦੀ ਅਣਮੁੱਲੀ ਰਾਸ ਕੱਠੀ ਕਰਨ ਵਿਚ ਜਿੰਨਾ ਸਫਲ ਉਦਮ ਵਿਖਾਇਆ ਹੈ, ਇਤਿਹਾਸ ਵਿਚ ਇਸ ਦੀ ਉਪਮਾ ਸ਼ਾਇਦ ਹੀ ਮਿਲ ਸਕੇ। ਉਨਾਂ ਨੇ ਦੇਸ ਪਰਦੇਸਾਂ ਦੀਆਂ ਚਾਰੇ ਕੁੰਡਾ ਭਾਲ ਕੇ, ਆਪਣੇ ਅਨੁਭਵ ਦੀ ਅਗਨੀ-ਪਰੀਖਿਆ ਵਿਚੋਂ ਕਢ ਕੇ ਜਨਤਾ ਨੂੰ ਨਰੋਇਆ ਤੇ ਨਿੱਗਰ ਗਿਆਨ-ਭਗਤੀ ਮਈ ਗਿਆਨ ਬਖਸ਼ਿਆ ਹੈ। ਸਰਗੁਣ ਨਿਰਗੁਣ ਦੀਆਂ ਮੰਜ਼ਲਾਂ ਤੋਂ ਵੀ ਪਰੇ ਜਾ ਕੇ ਉਹ ਨਾਮ ਰਸਾਇਨ 'ਸੇਵ ਕਮਾਣੀ ਤੇ ਨਿਵ ਚਲਣ' ਦਾ ਮੰਤਰ ਲੈ ਆਏ। ਇਹ ਵੀ ਸੱਚ ਹੈ ਕਿ ਉਨਾਂ ਨੇ ਤੀਖਣ ਬੁਧੀ ਦਾ ਕੰਮ ਵੀ ਮਨ ਤੋਂ ਲਿਆ ਹੈ, ਇਸੇ ਕਰਕ ਸਿਧਾਂਤਾਂ ਦਾ ਆਡੰਬਰ ਇਕ ਬੰਨੇ ਸੁਟ ਕੇ ਉਨ੍ਹਾਂ ਨੇ ਗਰੀਬੀ ਵੇਸ ਦੇ ਨਿਰਮਲ ਵਾਤਾਵਰਣ ਵਿਚ ਆਪਣੀ ਰਸੀਲੀ ਬਾਣੀ ਨੂੰ ਜਾਤ-ਪਾਤ ਤੇ ਦੇਸ-ਕਾਲ ਦੀਆਂ ਹੱਦਾਂ ਟਪਾ ਕੇ ਸਰਬਵਿਆਪੀ ਬਣਾ ਸਕੇ ਹਨ।

ਉਨ੍ਹਾਂ ਨੇ ਆਪ ਲਿਖਿਆ ਹੈ ਕਿ ਬਹੁਤੇਰੇ ਪੋਥੇ ਪੜੇੇ ਪਰ ਰਸ-ਵਿਹੂਣੇ ਲਗੇ,[1] ਇਸ ਲਈ ਇਨ੍ਹਾਂ ਦਾ ਸਹਾਰਾ ਛੱਡ ਦਿਤਾ:-

[੧] ਬੇਦ ਪੁਰਾਣ ਪੜੇ ਸੁਣਿ ਬਾਟਾ। ਬਿਨ ਰਸ ਰਾਤੇ ਮਨ ਬਹੁ ਨਾਵਾ॥

ਮ: ੧-੭-੧੧ ਗਉੜੀ ਰਾਗ।


  1. ਇਥੇ ਇਹ ਗੱਲ ਸਪਸ਼ਟ ਕਰ ਦੇਣੀ ਚਾਹੀਦੀ ਹੈ ਕਿ ਗੁਰੂ ਨਾਨਕ ਜਾਂ ਕਬੀਰ ਨੇ ਵੇਦ ਦੀ ਨਿਖੇਧੀ ਨਹੀਂ ਕੀਤੀ ਸਗੋਂ ਵੇਦਕ-ਗਿਆਨ ਦੇ ਤੋਤਿਆਂ [ਬਾਹਮਣਾਂ] ਨੂੰ ਤਾੜਿਆ ਹੈ। ਦੋਹਾਂ ਨੇ ਕਿਹਾ ਹੈ :

    ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੇ।[ਕਬੀਰ]
    ਅਸੰਖ ਗ੍ਰੰਥ ਮੁਖਿ ਵੇਦ ਪਾਠ। ਅਸੰਖ ਜੋਗ ਮਨਿ ਰਹਹਿ ਉਦਾਸ॥ [ਨਾਨਕ]

੨੧