ਪੰਨਾ:Alochana Magazine 1st issue June 1955.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਖ ਨਿਰਭਉ+ਨਿਰਵੈਰ=ਅਕਾਲ ਮੂਰਤ+ਅਜੂਨੀ ਸੈਭੰ ਦਾ ਸੌਖਾ ਤੇ ਸਰਲ ਲੇਖਾ ਵੀ ਇਸ ਵਿਚ ਹੋਇਆ ਦਿਸਦਾ ਹੈ। ਜੁਗ ਬਦਲਦੇ ਰਹਿਣਗੇ ਅਤੇ ਇਸ ਮੰਤਰ ਦੀ ਵਿਆਖਿਆ ਵੀ ਨਵੀਂ ਤੋਂ ਨਵੀਂ ਰਹੇਗੀ, ਪਰ ਇਸ ਦੀ ਸਚਾਈ ਅਤੇ ਉਚਾਈ ਵਿਚ ਰਤਾ ਵੀ ਫਰਕ ਨਹੀਂ ਆਵੇਗਾ ਕਿਉਂਕਿ ਇਹ ਅਦੁਤੀ ਵਿਦਵਾਨ ਨਾਨਕ ਦੇਵ ਦਾ ਭ੍ਰਮਹ-ਵਾਕ ਹੈ।

ਕਈ ਆਲੋਚਕ ਸਮਾਜਕ ਸ਼ੈਲੀ ਹੀ ਨੂੰ ਵਿਦਵਤਾ ਦਾ ਵਿਸ਼ੇਸ ਗੁਣ ਮੰਨਦੇ ਹਨ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਇਹ ਰੂਪ ਵੀ ਧਿਆਨ ਜੋਗ ਹੈ:-

ਬੀਸ ਸਪਤਾਹ ਰੋ ਬਾਸਰੋ ਸੰਗ੍ਰਹੈ,
ਤੀਨਿ ਖੋੜਾ ਨਿਤ ਕਾਲ ਸਾਰੇ।

ਦਸ ਅਠਾਰ ਮੈ ਅਪਰੰਪਰੋ ਚੀਨੈ,
ਕਹੈ ਨਾਨਕੁ ਇਵ ਏਕੁ ਤਾਰੈ ॥

ਹੁਣ ਇਸਦੀ ਵਿਆਖਿਆ ਵੇਖੋ:-

ਵੀਹਾਂ (੫ ਸੂਖਮ ਤੇ ੫ ਸਬੂਲ ਤੱਤ+੫ ਗਿਆਨ ਤੇ ੫ ਕਰਮ ਇੰਦਰੀਆਂ) ਅਤੇ ਸਤਾਂ (੫ ਪ੍ਰਾਣ+ਮਨ+ਬੁਧੀ) ਦੇ ਬਸੇਰੇ (ਦੇਹ) ਨੂੰ ਇਕੱਠਾ ਕਰੇ, ਆਪਣੇ ਵਸ ਕਰੇ।

ਜੀਵਨ ਦੇ ਬ੍ਰਿਛ ਦੀਆਂ ਤਿੰਨ ਮੋਰੀਆਂ (ਖੋਲਾਂ) ਬਾਲ, ਜੁਆਨੀ ਅਤੇ ਬੁਢੇੇਪੇ ਵਿਚ ਸਮੇਂ ਦਾ ਪੰਖੇਰੁ ਰਹਿੰਦਾ ਹੈ। ਇਨ੍ਹਾਂ ਤਿੰਨਾਂ ਅਵਸਥਾਵਾਂ ਵਿਚ ਮੌਤ ਨੂੰ ਯਾਦ ਰਖੇ।

ਦਸ ਦਿਸ਼ਾਵਾਂ ਅਤੇ ਅਠਾਰਾਂ ਪਰਕਾਰ ਦੀ ਬਨਸਪਤੀ (ਕੁਦਰਤ) ਵਿਚ ਬੇਅੰਤ ਵਾਹਿਗੁਰੂ ਨੂੰ ਜਾਣੇ। ਇਸ ਤਰ੍ਹਾਂ ਨਾਨਕ ਕਹਿੰਦੇ ਹਨ ਕਿ ਉਹ ਏਕਓਂਂਅਕਾਰ ਤਾਰ ਦੇਂਦਾ ਹੈ।

ਇੰਨੀਆਂ ਗੂੜ੍ਹ ਗਲਾਂ ਦਸਦੇ ਹੋਏ ਵੀ ਉਹ ਕਹਿੰਦੇ ਹਨ-

ਨਹ ਪੰਡਿਤੁ ਨਹ ਚਤੁਰ ਸਿਆਨਾ॥
ਨਹ ਭੂਲੋ ਨਹ ਭਰਮਿ ਭੁਲਾਨਾ॥

ਕਬੀਰ ਜੀ ਨੇ ਗੁਰੂ ਦੇ ਗੁਣ ਦਸਦਿਆਂ ਕਿਹਾ ਹੈ:-

ਗੁਰੁ ਕੁਮ੍ਹਾਰ ਸਿਖ ਕੁੰਭ ਹੈ ਗੜ ਗੜ ਕਾਢੇ ਖੋਟ॥
ਅੰਤਰ ਹਾਥ ਸਹਾਰ ਕੇ ਬਾਹਰ ਬਾਹੈ ਚੋਟ॥

ਸਚੇ ਗੁਰੂ ਨਾਨਕ ਦੇਵ ਜੀ ਨੇ ਖੰਡਨ ਅਤੇ ਮੰਡਨ, ਪਿਆਸ ਅਤੇ ਫਿਟਕਾਰ, ਆਸਾ ਅਤੇ ਨਿਰਾਸਾ ਦੀ ਦੋ-ਹੱਥੀ ਕਲਾ ਨਾਲ ਸਾਡੇ ਸਮਾਜ ਦੇ ਨਵੇਂ ਘੜੇ ਤਿਆਰ ਕੀਤੇ।

ਜਿਸ ਘਟ ਵਿਚ ਉਨ੍ਹਾਂ ਦੀ ਬਾਣੀ ਧਾ ਗਈ ਉਹ ਅੰਮ੍ਰਿਤਸਰ ਬਣ ਗਿਆ।

ਇਹ ਅੰਮ੍ਰਿਤਸਰ ਬਣਾਨ ਦੀ ਵਿਦਵਤਾ ਗੁਰੂ ਨਾਨਕ ਦੇਵ ਜੀ ਵਿਚ ਸੀ ।

੨੯