ਆਲੋਚਨਾਰੰਭ
ਏਸ ਪਰਚੇ ਨਾਲ 'ਆਲੋਚਨਾ' ਦਾ ਜਨਮ ਹੋ ਰਹਿਆ ਹੈ। ਜਿਵੇਂ ਹਰ ਬਾਲ ਆਪਣੇ ਭਵਿਖ ਬਾਰੇ ਕਈ ਤਰਾਂ ਦੇ ਸੁਪਨੇ ਲੈਂਦਾ ਹੈ। ਉਹ ਆਪਣੀ ਕਲਪਣਾ ਸ਼ਕਤੀ ਦੁਆਰਾ ਦੇਵਾਂ ਤੇ ਪਰੀਆਂ ਦੀਆਂ ਕਹਾਣੀਆਂ ਸੁਣ ਕੇ ਆਪਣੇ ਆਪ ਨੂੰ ਸ਼ਾਹ ਵਰਿਆ..(ਬਹਿਰਾਮ) ਨਾਲੋਂ ਉੱਚਾ ਤੇ ਵੱਡਾ ਬਣ ਸਕਣ ਦੀ ਸੰਭਾਵਨਾ ਦਾ ਦਮ ਮਾਰਦਾ ਹੈ। ਉਹ ਜਰਨੈਲਾਂ ਦੇ ਜੀਵਣ ਵਾਚ ਕੇ ਨੈਪੋਲੀਅਨ, ਨੈਲਸਨ ਜਾਂ ਨਲਵੇ ਨਾਲੋਂ ਵੀ ਵੱਡਾ ਸੂਰ-ਬੀਰ ਬਣਨ ਦੇ ਖ਼ਾਬ ਦੇਖਦਾ ਹੈ। ਏਸੇ ਤਰ੍ਹਾਂ ਪਤਾ ਨਹੀਂ ਏਸ ਬਾਲ-ਆਲੋਚਨਾ ਨੇ ਆਪਣੇ ਲੋਚਨ ਕਿੱਥੇ ਕੁ ਲਾਏ ਹੋਏ ਹਨ? ਪਤਾ ਨਹੀਂ ਇਸ ਨੇ ਆਪਣੇ ਲੋਚਨਾਂ ਦੀ ਟਿਕ ਟਿਕੀ ਕਿਹੜੀ ਟੀਸੀ; ਕਿਹੜੀ ਮੰਜ਼ਲ ਤੇ ਕਿਹੜੇ ਬ੍ਰਹਮੰਡ ਦੇ ਕਿਹੜੇ ਖੰਡ ਉਤੇ ਟਿਕਾਈ ਹੋਈ ਹੈ। ਇਸ ਨੇ ਬੜਾ ਕੁਝ ਕਰਨਾ ਹੈ ਤੇ ਅਜੇ ਬੜਾ ਕੁਝ ਹੋਣ ਵਾਲਾ ਹੈ। ਕਵੀ ਮੋਹਨ ਸਿੰਘ ਦੇ ਕਥਨ ਅਨੁਸਾਰ:
ਖੂਹਾਂ ਵਿਚ ਪਾਣੀ ਢੇਰ ਅਜੇ
ਟਿੰਡਾਂ ਲਾਣੇ ਕਈ ਗੇੜ ਅਜੇ,
ਕੁਝ ਹੋਰ ਵੀ ਹੋਵਣ ਵਾਲਾ ਹੈ।
ਐਵੇਂ ਨਹੀਂ ਖਿਤੀਆਂ ਘੁੰਮ ਰਹੀਆਂ।
ਆਲੋਚਨਾ ਨੇ ਭਵਿਖਤ ਸਾਹਿੱਤ ਵਿਚ ਤੇ ਮਾਨੁਖਤਾ ਦੇ ਉਭਰ ਤੇ ਉਸਰ ਰਹੇ ਸਮਾਜ ਵਿੱਚ ਕੀ ਕੁਝ ਕਰ ਵਿਖਾਣਾ ਹੈ, ਇਸ ਦਾ ਅੰਦਾਜ਼ਾ ਵਾਸਤਵਕਤਾ ਦੀ ਕਸੌਟੀ ਹੀ ਦੱਸੇ ਗੀ । ਇਸ ਦੇ ਸੰਚਾਲਕ ਨਾ ਭਵਿਖ-ਵਾਚੀ ਹਨ ਤੇ ਨਾ ਜੋਤਸ਼ੀ। ਆਲੋਚਨਾ ਰਾਹੀਂ ਹੁਣ ਦੇ ਕਰਮਚਾਰੀ ਕੀ ਕੁਝ ਕਰਨਾ ਚਾਹੁੰਦੇ ਹਨ ਇਹ ਦੱਸਣਾ ਕੋਈ ਔਖੀ ਗੱਲ ਨਹੀਂ ਹੈ। ਅੱਜ ਤੋਂ ਪੰਜਾਹ ਜਾਂ ਸੌ ਵਰੇ ਪਿਛੋਂ ਆਲੋਚਨਾ ਕੀ ਕੁਝ ਕਰ ਰਹਿਆ ਹੋਵੇਗਾ ਤੇ ਇਸ ਨੇ ਓਦੋਂ ਤਕ ਕੀ ਕੁਝ ਕਰ ਦਿੱਤਾ ਹੋਵੇਗਾ? ਇਹ ਸਾਡੀ ਦੂਰ-ਬੀਨੀ ਸ਼ਕਤੀ ਤੋਂ ਵੀ ਬਾਹਰ ਹੈ।