ਸਮੱਗਰੀ 'ਤੇ ਜਾਓ

ਪੰਨਾ:Alochana Magazine 1st issue June 1955.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਲੋਚਨਾ ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਦਾ 'ਆਫੀਸ਼ਲ ਆਰਗਨ' ਹੈ। ਪੰਜਾਬੀ ਸਾਹਿਤ ਤੇ ਬੋਲੀ ਦੀ ਸੇਵਾ ਦੇ ਜਿਹੜੇ ਮੰਤਵ ਸਾਮ੍ਹਣੇ ਰਖਕੇ ਇਹ ਅਕਾਡਮੀ ਵਜੂਦ ਵਿਚ ਆਈ ਹੈ, ਉਨ੍ਹਾਂ ਦੀ ਪੂਰਤੀ ਵਿੱਚ ਆਲੋਚਨਾ ਨੇ ਭੀ ਹੱਥ ਵਟਾਉਣਾ ਹੈ । ਆਲੋਚਨਾ ਨਾ ਕੇਵਲ ਪੰਜਾਬੀ ਸਾਹਿੱਤ ਰਸੀਆਂ ਨੂੰ ਅਕਾਡਮੀ ਦੇ ਪ੍ਰੋਗਰਾਮਾਂ ਤੇ ਕਰਮਾਂ ਤੋਂ ਹੀ ਜਾਣੂ ਕਰਵਾਂਦਾ ਰਹੇਗਾ ਸਗੋਂ ਅਕਾਡਮੀ ਦੇ ਮੰਤਵਾਂ ਦੀ ਪੂਰਤੀ ਲਈ ਆਪ ਆਪਣੇ ਵਲੋਂ ਇਕ ਵੱਡੀ ਆਹੂਤੀ ਦੇਵੇਗਾ । ਇਹ ਆਹੂਤੀ ਕਈ ਰੂਪ ਧਾਰ ਸਕਦੀ ਹੈ। ਪਰ ਇਹ ਸਾਰੇ ਰੂਪ ਅਜੇ ਅਸੀਂ ਧਾਰਨ ਨਹੀਂ ਕਰਨਾ ਚਾਹੁੰਦੇ। ਹਾਲਾਂ ਆਲੋਚਨਾ ਨੇ ਪੰਜਾਬੀ ਸੰਸਾਰ ਨੂੰ ਨਾ ਕੇਵਲ ਅੱਖਾਂ ਦੇਣੀਆਂ ਹਨ, ਸਗੋਂ ਅੱਖਾਂ ਦੇ ਵਰਤਣ ਦੀ ਜਾਚ ਵੀ ਸਿਖਾਣੀ ਹੈ ਨਾਲ ਹੀ ਆਲੋਚਨਾ ਨੇ ਆਪਣੇ ਲੋਚਨ ਵਰਤਕੇ ਜੋ ਕੁਝ ਤੱਕਣਾ ਹੈ, ਉਸ ਤੱਕਣੀ ਦਾ ਸਿੱਟਾ ਵੀ ਦੱਸਣਾ ਹੈ।

ਪੰਜਾਬੀ ਸਾਹਿੱਤ ਨੂੰ ਚੜ੍ਹਦੀ ਕਲਾ ਵਿਚ ਦੇਖਣ ਲਈ ਹਰ ਪੰਜਾਬੀ ਪਿਆਰਾ ਉਤਸ਼ਾਹ ਤੇ ਜੋਸ਼ ਰਖਦਾ ਹੈ । ਇਹ ਨਵੇਂ ਹਾਲਾਤ ਵਿੱਚ ਇਕ ਨਵਾਂ ਜਜ਼ਬਾ ਲੋਕਾਂ ਦੇ ਮਨਾਂ ਵਿੱਚ ਪੈਦਾ ਹੋਇਆ ਜਾਪਦਾ ਹੈ । ਏਸ ਜਜ਼ਬੇ ਦੇ ਅਧਾਰ ਉਤੇ ਪੰਜਾਬੀ ਸਾਹਿੱਤ ਉਪਜਾਣ ਦੀ ਇਕ ਨਵੀਂ ਲਹਿਰ ਚੱਲ ਪਈ ਹੈ । ਓਸ ਲਹਿਰ ਨੇ ਕਈ ਲਿਖਾਰੀ, ਕਈ ਕਵੀ, ਕਈ ਨਾਟਕਕਾਰ ਤੇ ਨਾਵਲਿਸਟ ਪੈਦਾ ਕੀਤੇ ਹਨ ਤੇ ਕਈ ਨਿੱਤ ਨਵੇਂ ਦਿਨ ਪੈਦਾ ਹੋ ਰਹੇ ਹਨ । ਇਕ ਤਰ੍ਹਾਂ ਦੀ ਰੌ ਚਲ ਪਈ ਹੈ । ਏਸ ਰੌ ਜਾਂ ਏਸ ਲਹਿਰ ਨੂੰ ਥਾਂ ਸਿਰ ਰੱਖਣ ਦੀ ਲੋੜ ਹੈ।

ਹਰ ਨਵੀਂ ਲਹਿਰ ਵਿੱਚ ਹਰ ਤਰ੍ਹਾਂ ਦੇ ਪਾਤਰ ਆ ਜਾਂਦੇ ਹਨ। ਕਈਂ ਸੁਚੇ, ਨਿਸ਼ਕਾਮ ਸੇਵਕ, ਕਈ ਮਾਇਆ ਦੀ ਕੁਰਬਾਨੀ ਕਰਨ ਵਾਲੇ ਪਰ ਚੌਧਰ ਦੇ ਭੁੱਖੇ, ਕਈ ਨਿਰੀਆਂ ਗੱਲਾਂ ਮਾਰਨ ਵਾਲੇ ਤੇ ਗੱਲਾਂ ਦੇ ਜ਼ੋਰ ਉਤੇ ਹੀ ਚੌਧਰੀ ਬਣਨ ਵਾਲੇ, ਕਈ ਖੁਦਗਰਜ਼ ਤੇ ਆਪਣਾ ਉੱਲੂ ਸਿੱਧਾ ਕਰਨ ਵਾਲੇ, ਕਈ ਬੇਈਮਾਨ, ਲਾਲਚੀ ਪੈਸਾ ਖੁਰਦ ਬੁਰਦ ਕਰਨ ਵਾਲੇ। ਜਨਤਾ ਦੀਆਂ ਲਹਿਰਾਂ ਵਿੱਚ ਏਸ ਤਰ੍ਹਾਂ ਹੋ ਜਾਣਾ ਬਹੁਤ ਸਾਧਾਰਣ ਗੱਲ ਹੈ, ਸਾਡੇ ਸਾਹਮਣੇ ਅਕਾਲੀ ਲਹਿਰ ਗੁਰਦਵਾਰਿਆਂ ਦੇ ਸੁਧਾਰ ਲਈ ਉਠੀ। ਕਈਆਂ ਵਿਚਾਰਿਆਂ ਨੇ ਸਰਬੰਸ ਵਾਰ ਦਿੱਤੇ ਤੇ ਕਈਆਂ ਨੇ ਸਰਬੰਗ ਭੱਖ ਕਰ ਲਏ। ਏਸ ਲਈ ਹਰ ਲਹਿਰ ਦੀ ਚਾਲ, ਪੜਾਉ ਤੇ ਪਰੋਗਰਾਮ ਨੂੰ ਬੜੇ ਗਹੁ ਨਾਲ ਵਾਚਣਾ, ਪਰਖਣਾ ਤੇ ਲੋੜ ਪਵੇ ਤਾਂ ਸੋਧਣਾ ਜ਼ਰੂਰੀ ਹੈ ।

ਏਹੋ ਹਾਲ ਸਾਡੀ ਪੰਜਾਬੀ ਸਾਹਿੱਤ ਸੇਵਾ ਦੀ ਲਹਿਰ ਦਾ ਹੈ । ਭਾਂਤ ਭਾਂਤ ਦੇ ਆਦਮੀ ਭਾਂਤ ਭਾਂਤ ਦੇ ਮਨੋਰਥ ਲੈ ਕੇ ਸਾਹਮਣੇ ਆ ਰਹੇ ਹਨ । ਭਾਂਤ ਭਾਂਤ ਦੇ ਲਿਖਾਰੀ