ਸਮੱਗਰੀ 'ਤੇ ਜਾਓ

ਪੰਨਾ:Alochana Magazine 1st issue June 1955.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੋਸ਼ਨ ਲਾਲ “ਆਹੂਜਾ"

ਪ੍ਰਤੀਕਵਾਦ (Symbolism)

ਵਿਆਖਿਆ, ਪਰਮਪਰਾ ਨਾਟਕੀ ਪ੍ਰਯੋਗ

ਪ੍ਰਤੀਕਵਾਦ ਜਾਂ ਚਿੰਨ੍ਹਵਾਦ ਰਮਾਂਚਿਕ ਵਾਦ ਦਾ ਇਕ ਰੂਪ ਹੈ। ਰਾਗ ਜਾਂ ਸੰਗੀਤ, ਦੇਵ ਦਾਨਵ, ਜਿਨ, ਭੂਤ, ਪਰੀਆਂ, ਜਾਦੂ, ਭਰਮ, ਅਣਡਿਠਾ ਭੈ, ਅਸਾਧਰਣਤਾ, ਦੂਰਤਾ ਤੇ ਅਦਭੁਤਤਾ, ਮਨਮੋਹਣੇ ਸਰੂਪ, ਮਾਇਆ ਦੇ ਇੰਦਰ ਜਾਲ ਰੋਮਾਂਚਿਕ ਕਹੇ ਜਾਂਦੇ ਹਨ। ਚਿੰਨ੍ਹਵਾਦ ਵਿਚ ਭਾਵਾਂ ਦਾ ਵੇਗ ਨਹੀਂ ਹੁੰਦਾ| ਦੂਰਤਾ ਦੀ ਉਡਾਰੀ ਨਹੀਂ ਹੁੰਦੀ । ਅਸਾਧਾਰਤਾ ਦਾ ਬਾਹਰਲਾ ਲਿਸ਼ਕਾਰਾ ਨਹੀਂ ਹੁੰਦਾ| ਪਰੰਤੂ ਇਹਦਾ ਸੁਭਾ ਕਲਪਨਾ-ਸ਼ੀਲ ਤੇ ਕਾਵਿਮਈ ਹੈ। ਇਸ ਵਿਚ ਚਿਨ੍ਹਾਂ ਦੀ ਰਾਹੀਂ ਜੀਵਨ ਦੇ ਬੋਧਕ, ਸਦਾਚਾਰਿਕ ਤੇ ਭਾਵੁਕ ਅਰਥ ਜਾ ਕੀਮਤਾਂ ਪਰਗਟ ਕੀਤੀਆਂ ਜਾਂਦੀਆਂ ਹਨ।

ਦੁਸਹਿਰੇ ਦੇ ਅਵਸਰ ਤੇ ਰਾਵਣ ਦਾ ਬੁਤ ਬਣਾ ਕੇ ਸਾੜਿਆ ਜਾਂਦਾ ਹੈ। ਉਸ ਬੁਤ ਦੇ ਦਸ ਸਿਰ ਬਣਾਏ ਜਾਂਦੇ ਹਨ। ਉਹਨਾਂ ਦੇ ਉਪਰ ਯਾਰ੍ਹਵਾਂ ਸਿਰ ਖੋਤੇ ਦਾ ਬਣਾਇਆ ਜਾਂਦਾ ਹੈ। ਇਸ ਦਾ ਇਹ ਅਰਥ ਨਹੀਂ ਕਿ ਉਸ ਦੇ ਗਿਆਰਾਂ ਸਿਰ ਸਨ। ਪਰ ਇਸ ਦਾ ਭਾਵ ਇਹ ਹੈ ਕਿ ਉਹ ਚਾਰੇ ਵੇਦਾਂ ਤੇ ਛੇ ਸ਼ਾਸਤਰਾਂ ਦਾ ਵਿਦਵਾਨ ਸੀ। ਇਤਨੀ ਵਿਦਿਆ ਦੇ ਹੁੰਦਿਆਂ ਵੀ ਖਰ ਮਗਜ਼ ਜਾਂ ਹਠੀ ਸੀ।

ਸਰਸੁਤੀ ਦੇਵੀ ਦੇ ਪੁਰਾਣੇ ਚਿੱਤਰ ਵਿਚ ਉਸ ਦੇ ਚਾਰ ਹੱਥ ਤੇ ਬਾਹਵਾਂ ਵਿਖਾਈਆਂ ਜਾਂਦੀਆਂ ਹਨ ਦੋ ਹੱਥਾਂ ਵਿਚ ਉਸ ਦੇ ਵੀਣਾ, ਇਕ ਵਿਚ ਛੈਣੇ ਤੇ ਚੌਥੇ ਵਿਚ ਪੁਸਤਕ। ਚਾਰ ਬਾਹਵਾਂ ਤਾਂ ਕਿਸੇ ਜੀਵ ਦੀਆਂ ਨਹੀਂ ਹੁੰਦੀਆਂ। ਇਸ ਦਾ ਭਾਵ ਇਹ ਹੈ ਕਿ ਸਰਸੁਤੀ ਦੇਵੀ ਰਾਗ ਕਲਾ ਤੇ ਵਿਦਿਆ ਦੀ ਦੇਵੀ ਹੈ। ਇਸ ਦੇਵੀ ਦੇ ਨਾਲ ਮੋਰ ਦੀ ਤਸਵੀਰ ਵੀ ਬਣੀ ਹੋਈ ਹੁੰਦੀ ਹੈ। ਮੋਰ ਆਪਣੀ ਸੁੰਦਰਤਾ ਤੇ ਨਾਚ ਲਈ ਪਰਸਿੱਧ ਹੈ। ਇਸ ਲਈ ਉਹ ਨਾਚ ਤੇ ਸੁੰਦਰਤਾ ਦਾ ਚਿੰਨ੍ਹ ਹੈ। ਨਾਲੇ ਸਪ ਜੋ ਮੌਤ ਦਾ ਚਿੰਨ੍ਹ ਹੈ, ਉਸ ਦਾ ਸ਼ਤਰੂ ਹੈ ਤੇ ਉਸ ਨੂੰ ਮਾਰ ਛਡਦਾ ਹੈ। ਇਸ ਕਾਰਣ ਮੋਰ ਅਮਰਤਾ ਦਾ ਚਿੰਨ੍ਹ ਵੀ ਹੈ| ਅਰਥਾਤ ਸਰਸੁਤੀ ਦੇਵੀ ਰਾਗ ਵਿਦਿਆ, ਨਾਚ, ਸੁੰਦਰਤਾ ਤੇ ਅਮਰਤਾ ਦਾ ਚਿੰਨ ਹੈ।

੪੮