ਸਮੱਗਰੀ 'ਤੇ ਜਾਓ

ਪੰਨਾ:Alochana Magazine 1st issue June 1955.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ, ਇਹ ਆਪ ਸਾਰੇ ਸਜਨ ਮੇਰੇ ਨਾਲੋਂ ਵਧੇਰੇ ਜਾਣਦੇ ਹੋ| ਆਪਾ ਪ੍ਰਗਟਾਣ ਦਾ ਸਭ ਤੋਂ ਚੰਗਾ ਸਾਧਨ ਅਪਣੀ ਬੋਲੀ ਹੁੰਦੀ ਹੈ । ਕੌਮਾਂ ਜਿਸ ਨੂੰ ਅਪਣੀ ਮਾਤਾ ਦੇ ਮੁਖੋਂ ਮਿੱਠੀਆਂ ਲੋਰੀਆਂ ਨਾਲ ਸਿਖਦੀਆਂ ਹਨ, ਉਹ ਬੋਲੀ ਜਿਹੜੀ ਕੇ ਮਾਂ ਅਪਣੇ ਬੱਚੇ ਨੂੰ ਤੇਤਲੀ ਜ਼ਬਾਨ ਵਿਚ ਸਿਖਾਂਦੀ ਅਤੇ ਬੋਲਦਿਆਂ ਵੇਖ ਕੇ ਖੁਸ਼ ਹੁੰਦੀ ਹੈ, ਕੋਈ ਪਿਆਰੀ ਤੋਂ ਪਿਆਰੀ ਬੋਲੀ ਉਸ ਨਾਲੋਂ ਵਧ ਪਿਆਰੀ ਨਹੀਂ ਹੋ ਸਕਦੀ। ਜਿਵੇਂ ਕਿ ਆਟੋ ਜੇਸਪਰਨ ਨੇ ਕਿਹਾ ਹੈ "ਜੋ ਸ਼ਬਦ ਕੋਈ ਕੌਮ ਜਾਂ ਜਾਤੀ ਵਰਤਦੀ ਹੈ ਉਹ ਉਸ ਦੀ ਆਤਮਾ ਦੀ ਮੂੰਹ ਬੋਲਦੀ ਤਸਵੀਰ ਹੁੰਦੀ ਹੈ।"

ਸਵਤੰਤ੍ਰ ਭਾਰਤ ਦੇ ਸੰਵਿਧਾਨ ਵਿੱਚ ਪੰਜਾਬੀ ਸਮੇਤ ੧੪ ਪ੍ਰਾਂਤਿਕ ਬੋਲੀਆਂ ਨੂੰ ਪ੍ਰਵਾਨ ਕੀਤਾ ਗਿਆ ਹੈ।

ਦੇਸ਼ ਵਿੱਚ ਇਨ੍ਹਾਂ ਬੋਲੀਆਂ ਦੀ ਅਪਣੀ ਅਪਣੀ ਥਾਂ ਹੈ ਅਤੇ ਇਨ੍ਹਾਂ ਬੋਲੀਆਂ ਦੇ ਮੁਕਾਬਲੇ ਤੇ ਰਾਸ਼ਟਰ ਭਾਸ਼ਾ ਦੀ ਵੀ ਅਪਣੀ ਵਿਸ਼ੇਸ਼ ਜਗਾ ਹੈ। ਰਾਸ਼ਟਰ ਭਾਸ਼ਾ ਹਿੰਦੀ ਨੇ ਅਪਣੀ ਥਾਂ ਲੈਣੀ ਹੈ ਅਤੇ ਹੋਰ ਕਾਰਨਾਂ ਤੋਂ ਛੁੱਟ ਇਕ ਪ੍ਰਾਂਤ ਦੇ ਦੂਜੇ ਪ੍ਰਾਂਤ ਨਾਲ ਕਾਰ ਵਿਹਾਰ ਅਤੇ ਅੰਤਰ ਰਾਸ਼ਟਰੀ ਮਸਲੇ ਰਾਸ਼ਟਰ ਭਾਸ਼ਾ ਵਿੱਚ ਹੀ ਚਲਾਏ ਜਾਣਗੇ। ਪਰੰਤੂ ਜਿਥੋਂ ਤਕ ਕਿਸੇ ਪ੍ਰਾਂਤ ਦੇ ਅੰਦਰੂਨੀ ਮਸਲੇ ਅਤੇ ਕਾਰ ਵਿਹਾਰ ਦਾ ਸੰਬੰਧ ਹੈ ਉਸ ਲਈ ਵਰਤੋਂ ਵਾਸਤੇ ਸਭ ਤੋਂ ਵੱਧ ਜੋਗ ਅਤੇ ਜ਼ਰੂਰੀ ਬੋਲੀ ਉਸ ਦੀ ਅਪਣੀ ਹੀ ਹੋ ਸਕਦੀ ਹੈ। ਸੁ, ਪੰਚਾਇਤਾਂ, ਅਦਾਲਤਾਂ, ਸਰਕਾਰੀ ਮਹਿਕਮਿਆਂ ਅਤੇ ਸਕੂਲਾਂ ਵਿੱਚ ਪੜ੍ਹਦਿਆਂ ਬੱਚਿਆਂ ਦੀ ਬੋਲੀ ਕੇਵਲ ਅਪਣੀ ਹੀ ਬੋਲੀ ਹੋਣੀ ਚਾਹੀਦੀ ਹੈ। ਕੋਈ ਪ੍ਰਾਂਤ ਅਪਣੀ ਮਾਤਰੀ ਬੋਲੀ ਵਲੋਂ ਮੂੰਹ ਮੋੜ ਕੇ ਤਰੱਕੀ ਨਹੀਂ ਕਰ ਸਕਦਾ ਅਤੇ ਨ ਹੀ ਕੋਈ ਹੋਰ ਬੋਲੀ ਰਾਸ਼ਟਰ ਭਾਸ਼ਾ ਦੀ ਜਗ੍ਹਾ ਲੈ ਸਕਦੀ ਹੈ। ਇਹ ਬੜੀ ਸਾਫ ਗਲ ਹੈ ਕਿ ਪ੍ਰਾਂਤਿਕ ਬੋਲੀ ਰਾਸ਼ਟਰ ਭਾਸ਼ਾ ਨੂੰ ਜਾਂ ਰਾਸ਼ਟਰ ਭਾਸ਼ਾ ਪ੍ਰਾਂਤਿਕ ਬੋਲੀ ਨੂੰ ਕਿਸੇ ਤਰ੍ਹਾਂ ਵੀ ਖਤਮ ਨਹੀਂ ਕਰ ਸਕਦੀ। ਪ੍ਰਾਂਤਿਕ ਬੋਲੀ ਦਾ ਰਾਸ਼ਟਰ ਭਾਸ਼ਾ ਨਾਲ ਕਿਸੇ ਪਰਕਾਰ ਦਾ ਝਗੜਾ ਨਹੀਂ, ਜੇ ਕਿਧਰੇ ਹੁੰਦਾ ਤਾਂ ਮਹਾਤਮਾ ਗਾਂਧੀ ਗੁਜਰਾਤੀ ਨੂੰ ਤਲਾਂਜਲੀ ਦੇ ਬੈਠਦੇ ਅਤੇ ਗੁਰਦੇਵ ਟੈਗੋਰ ਜੀ ਬੰਗਾਲੀ ਵਲ ਨ ਤਕਦੇ। ਮੰਦ ਭਾਗਾਂ ਨੂੰ ਅਸੀਂ ਹਿੰਦੀ ਤੋਂ ਪੰਜਾਬੀ ਦਾ ਝਗੜਾ ਕਾਫੀ ਦੇਰ ਤੋਂ ਖੜਾ ਹੋਇਆ ਵੇਖਦੇ ਹਾਂ। ਕਿਸੇ ਦੇਸ਼ ਦਾ ਸਾਹਿਤ ਅਤੇ ਉਸ ਦੀ ਕਲਾ ਅਮਨ ਦੇ ਵਾਯੂ ਮੰਡਲ ਵਿੱਚ ਵਧਦੇ ਫੁਲਦੇ ਹਨ।

ਬੋਲੀ ਸਾਹਿਤ ਰਚਨਾ ਦਾ ਇਕ ਅਤਿਅੰਤ ਜ਼ਰੂਰੀ ਸਾਧਨ ਹੈ। ਜੇ ਅਸੀਂ ਹੋਰ ਗਲਾਂ ਛਡ ਬੋਲੀ ਨੂੰ ਹੀ ਮੁਖ ਰਖਕੇ ਸਮਾਜਕ ਵਾਯੂ ਮੰਡਲ ਗੰਦਲਾ ਕਰਦੇ ਜਾਈਏ ਤਾਂ ਆਪ ਸਮਝ ਸਕਦੇ ਹੋ ਕਿ ਅਜਿਹਾ ਵਾਯੂ ਮੰਡਲ ਅਤੇ ਅਜਿਹੇ ਬੇਲੋੜੇ ਝਗੜੇ ਸਾਹਿਤ ਦੇ ਪਰਫੁਲਤ ਹੋਣ ਦੀ ਰਾਹ ਵਿਚ ਕਿੰਨੇ ਹਾਨੀਕਾਰਕ ਹੋ ਸਕਦੇ ਹਨ? ਰਾਜ-ਨੀਤਕ

੫੭