ਪੰਨਾ:Alochana Magazine 1st issue June 1955.pdf/8

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸ੍ਰੀ ਵਿਦਿਆ ਭਾਸਕਰ ‘ਅਰੁਨ’ ਐਮ. ਏ.

ਹਿੰਦੀ-ਪੰਜਾਬੀ ਦਾ ਭਾਖਈ ਸੰਬੰਧ

ਹਿੰਦੀ ਤੇ ਪੰਜਾਬੀ ਦੋਵੇਂ ਹੀ ਆਧੁਨਿਕ ਭਾਰਤੀ-ਆਰੀਆ ਬੋਲੀਆਂ ਹਨ। ਮੂਲ ਰੂਪ ਵਿਚ ਇਹ ਦੋਵੇਂ ਹੀ ਆਪਣੇ-ਆਪਣੇ ਖੇਤਰਾਂ ਵਿਚ ਬੋਲੀਆਂ ਜਾਣ ਵਾਲੀਆਂ ਪ੍ਰਦੇਸ਼ਕ ਬੋਲੀਆਂ ਹਨ, ਪਰੰਤੂ ਜਿੱਥੇ ਹਿੰਦੀ ਮੱਧਦੇਸ਼ ਦੀ ਪ੍ਰਾਚੀਨ ਲੋਕ-ਭਾਸ਼ਾ ਦੇ ਸਾਹਿੱਤਕ ਰੂਪ ਸੰਸਕ੍ਰਿਤ ਤੇ ਉਸ ਦੇ ਮੱਧਕਾਲੀ ਰੂਪਾਂ ਸ਼ੌਰਸੇਨੀ ਪ੍ਰਾਕ੍ਰਿਤ ਤੇ ਅਪਭ੍ਰੰਸ਼ ਦੀ ਵਾਰਸ ਹੋਣ ਤੇ ਲਗ-ਭਗ ਸਾਰ ਉਤਰੀ ਭਾਰਤ ਵਿਚ ਸਮਝੀ ਜਾਣ ਦੇ ਕਾਰਣ ਭਾਰਤ ਦੀ ਰਾਸ਼ਟਰ ਭਾਸ਼ਾ ਮੰਨੀ ਜਾ ਚੁੱਕੀ ਹੈ, ਉਥੇ ਪੰਜਾਬੀ ਨੂੰ ਆਪਣੇ ਘਰ ਵਿਚ ਵੀ ਉਸਦਾ ਉਚਿਤ ਸਥਾਨ ਦੇਣ ਵਿਚ ਹੀਲ-ਹੁੱਜਤ ਕੀਤੀ ਜਾ ਰਹੀ ਹੈ। ਇਹ ਗੱਲ ਅਵੱਸ਼ ਹੀ ਬੜੇ ਦੁੱਖ ਦੀ ਹੈ। ਪਰ ਇੱਥੇ ਇਸ ਹੀਲ-ਹੁੱਜਤ ਦੇ ਕਾਰਣਾਂ ਵਿਚ ਨਾ ਜਾ ਕੇ ਮੈਂ ਵਿਗਿਆਨਕ ਰੂਪ ਵਿਚ ਇਨ੍ਹਾਂ ਦੋਹਾਂ ਬੋਲੀਆਂ ਦੇ ਪਰਸਪਰ ਸੰਬੰਧ ਨੂੰ ਹੀ ਸਪਸ਼ਟ ਕਰਨਾ ਚਾਹੁੰਦਾ ਹਾਂ।

ਹਿੰਦੀ ਤੇ ਪੰਜਾਬੀ ਦਾ ਸੰਬੰਧ ਢੇਰ ਪੁਰਾਣਾ ਹੈ। ਇਸ ਸੰਬੰਧ ਨੂੰ ਸਮਝਣ ਲਈ ਤੇਰ੍ਹਾਂ ਚੌਦਾਂ ਸੌ ਸਾਲ ਪਿਛਾਂਹ ਜਾਣਾ ਪਵੇਗਾ ਜਦ ਕਿ ਆਧੁਨਿਕ ਭਾਰਤੀ-ਆਰੀਆ ਬੋਲੀਆਂ ਅਪਭ੍ਰੰਸ਼ ਦੀ ਕੁੱਖੋਂ ਨਿਕਲ ਕੇ ਜੀਵਨ ਦੇ ਪਹਿਲੇ ਸਾਹ ਲੈ ਰਹੀਆਂ ਸਨ। ਅਪਭ੍ਰੰਸ਼ ਦੀ ਅਵਸਥਾ ਤਕ ਭਾਰਤੀ-ਆਰੀਆ ਭਾਸ਼ਾ ਆਪਣੇ ਵਿਕਾਸ ਦੇ ਦੋ ਪੜਾਉ ਲੰਘ ਚੁੱਕੀ ਸੀ, ਸਾਹਿੱਤ ਵਿਚ ਵੈਦਿਕ ਤੇ ਸੰਸਕ੍ਰਿਤ ਪਹਿਲੇ ਵਿਕਾਸ-ਕਾਲ ਦੀਆਂ ਪ੍ਰਤੀਨਿਧ ਹਨ ਅਤੇ ਪ੍ਰਾਕ੍ਰਿਤ ਤੇ ਅਪਭ੍ਰੰਸ਼ ਬੋਲੀਆਂ ਦੂਸਰੇ ਵਿਕਾਸ-ਕਾਲ ਦੀਆਂ। ਪਹਿਲੇ ਵਿਕਾਸ ਕਾਲ ਨੂੰ ਪ੍ਰਾਚੀਨ ਭਾਰਤੀ-ਆਰੀਆ ਭਾਸ਼ਾ-ਕਾਲ ਕਹਿਆ ਜਾਂਦਾ ਹੈ ਤੇ ਦੂਸਰੇ ਨੂੰ ਮੱਧਕਾਲੀ ਭਾਰਤੀ-ਆਰੀਆ ਭਾਸ਼ਾ-ਕਾਲ। ਅਪਭ੍ਰੰਸ਼ ਬੋਲੀਆਂ ਜਿਨ੍ਹਾਂ ਨਾਲ ਕਿ ਸਾਡੀਆਂ ਆਧੁਨਿਕ ਬੋਲੀਆਂ ਦਾ ਸਿੱਧਾ ਸੰਬੰਧ ਹੈ, ਮੱਧਕਾਲੀ ਭਾਸ਼ਾ ਦੀ ਅਤੰਮ ਅਵਸਥਾ ਆਖੀਆਂ ਜਾਂਦੀਆਂ ਹਨ। ਮੱਧਕਾਲੀ ਭਾਸ਼ਾ ਦੀਆਂ ਤਿੰਨ ਅਵਸਥਾਵਾਂ ਹਨ। ਪਹਿਲੀ ਦੇ ਹੇਠ ਪਾਲੀ ਤੇ ਅਸ਼ੋਕ ਦੇ ਸ਼ਿਲਾ-ਲੇਖ ਆਦਿ ਹਨ। ਦੂਜੀ ਅਵਸਥਾ ਸਾਹਿੱਤਕ ਪ੍ਰਾਕ੍ਰਿਤਾਂ ਹਨ