ਪੰਨਾ:Alochana Magazine 1st issue June 1955.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ ਆਦਿ ਦੇ ਗੀਤਾਂ ਵਿਚ ਗੀਤ-ਕਾਰ ਦੇ ਭਾਵ, ਰਸੀਆਂ ਦੇ ਵਲਵਲੇ, ਚੰਗੀ ਤਰ੍ਹਾਂ ਪੜਚੋੋਲੇ ਹਨ। ਗੀਤਾਂ ਵਿਚ ਆਰਥਕ ਪੱਖ, ਗੀਤਾਂ ਵਿਚ ਭੈਣ ਦੇ ਪਿਆਰ ਦੀ ਖਾਸ ਮਹਾਨਤਾ, ਵਲਵਲਾ ਜਾਂ ਰੁਮਾਂਸ, ਗੀਤਾਂ ਵਿਚ ਅੱਖੀਆਂ ਨੂੰ ਥਾਂ, ਹਾਸ-ਰਸ ਤੇ ਟੋਕਾਂ ਤੇ ਲੋਕ-ਅਖਾਣਾਂ ਦੇ ਗੀਤ-ਰੂਪ ਵੀ ਦਿਤੇ ਹਨ। ਪੰਜਾਬ ਦੇ ਜੀਵਣ ਵਿਚ ਜੰਗ ਤੇ ਲੜਾਈ ਸਦਾ ਹੀ ਖਾਸ ਰੰਗਤ ਦੇਂਦੇ ਆਏ ਹਨ! ਭਰਤੀ ਹੋਕੇ ਪਿੰਡ ਦਾ ਗਭਰੂ ਲਾਮ ਵਿਚ ਚਲਿਆ ਜਾਂਦਾ ਹੈ। ਮਾਂ ਨੂੰ ਪੁੱਤ ਦਾ ਵਿਛੋੜਾ, ਭੈਣ ਨੂੰ ਭਰਾ ਦਾ ਵਿਜੋਗ, ਤੇ ਨਵੀਂ ਵਿਆਹੀ ਵਹੁਟੀ ਨੂੰ ਅਪਣੇ ਗਭਰੂ ਪਤੀ ਤੋਂ ਦੂਰੀ ਅਸਹਿ ਹੋ ਜਾਂਦੀ ਹੈ। ਇਨ੍ਹਾਂ ਭਾਵਾਂ ਦੇ ਗੀਤ ਬੜੇ ਦਰਦ -ਨਾਕ ਹਨ ਤੇ ਇਹਨਾਂ ਦੀ ਵਿਚਾਰ ਬੜੀ ਸੁਆਦਲੀ ਹੈ। ਲਾਮ ਵਿਚ ਗਏ ਗਭਰੂ ਨੂੰ ਚਿੱਠੀ ਪਾਉਣ ਲਈ ਜੀ ਤੜਫਦਾ ਹੈ ਪਰ ਸਰਨਾਮੇ ਦਾ ਪਤਾ ਨਹੀਂ:

ਬਾਵਾਂ, ਝਾਵਾਂ, ਝਾਵਾਂ, ਜੁਤੀ ਮੇਤੀ ਮਖਮਲ ਦੀ, ਵਿਰ ਪੈਤ ਮੈਂ ਧੋ ਧੋ ਪਾਵਾਂ;

ਪੁਤ ਮੇਰੇ ਸਹੁਰੇ ਦਾ, ਲਗੀ ਲਾਮ ਤਾਂ ਲਵਾ ਗਿਆ ਨਾਮਾਂ;

ਕੋਲਾਂ ਕੂਕਦੀਆਂ, ਕਿਤੇ ਬੋਲ ਚੰਦਰਿਆ ਕਾਵਾਂ, ਜਾਂਦਾ ਹੋਇਆ ਦਸ ਨ ਗਿਆ:

ਮੈਂ ਚਿਠੀਆਂ ਕਿਧਰ ਨੂੰ ਪਾਵਾਂ!

ਦਿਲ ਦਾ ਟੁਕੜਾ ਮੈਂ ਕਾਗਜ਼ ਬਣਾਵਾਂ, ਨੈਣਾਂ ਦੇ ਕਜਲੇ ਦੀ ਸ਼ਾਹੀ,

ਹਬ ਦੀ ਉਂਗਲ ਦੀ ਕਲਮ ਬਣਾਵਾਂ, ਤੇ ਹੰਝੂਆਂ ਦਾ ਪਾਵਾਂ ਪਾਣੀ,

ਵਤਨਾਂ ਦੀ ਵਾ ਭਖ ਲੈ, ਵੇ ਹੁਣ ਛਡਦੇ ਵਲੈਤਾਂ ਦਾ ਖਹਿੜਾ,

ਹੋਰ ਕੁਝ ਨਹੀਂ ਮੰਗਦੀ, ਕਾਲੀ ਰਾਤ ਵਿਛੋੜੇ ਵਾਲੀ,

ਤੇਰੇ ਬਾਝੋਂ ਨਹੀਂ ਲੰਘਦੀ।

ਨਵੀਂ ਸਵੇਰ

ਤੀਜੀ ਪੁਸਤਕ 'ਨਵੀਂ ਸਵੇਰੇ' ਅੰਮ੍ਰਿਤਾ ਪ੍ਰੀਤਮ ਜੀ ਰਚਿਤ ਹੈ। ਇਹ ਵੀ ਗੀਤਾਂ ਦੀ ਛੋਟੀ ਜਿਹੀ ਪੋਥੀ ਹੈ। ਜਿਤੇ ਉਤਲੀ ਪੁਸਤਕ ਪੰਜਾਬ ਦੇ ਗਭਰੂਆਂ ਤੇ ਮੁਟਿਆਰਾਂ ਤੇ ਮਾਵਾਂ-ਭੈਣਾਂ ਦੇ ਆਪ ਮੁਹਾਰੇ ਵਲਵਲੇ ਬੇ ਅੰਤ ਧੜਕਦੇ ਮਨਾਂ ਪਰ ਅਨਾਮੇ ਦਿਮਾਗਾਂ ਦਾ ਰਚਨਾ ਹਨ, ਉਥੇ ਨਵੀਂ ਸਵੇਰ ਵਿਚ ਅੰਮ੍ਰਿਤਾ ਪ੍ਰੀਤਮ ਦੇ ਅਪਣੇ ਰਚੇ ਗੀਤ ਹਨ। ਅੰਮ੍ਰਿਤਾ ਪ੍ਰੀਤਮ ਅਪਣੀ ਕਲਮ ਸਾਹਿੱਤ ਦੇ ਹਰ ਪੱਖ ਉਤੇ ਚਲਾਣ ਦਾ ਜਤਨ ਕਰਦੀ ਹੈ, ਪਰ ਜਿਹੜੀ ਸਫਲਤਾ ਅੰਮ੍ਰਿਤਾ ਨੂੰ ਕਾਵਿ-ਮੰਡਲ ਤੇ ਨਾਲ ਲਗਦੇ ਗੀਤ-ਮੰਡਲ ਵਿਚ ਹੋਈ ਹੈ, ਜਾਂ ਹੋਣ ਦੀ ਸੰਭਾਵਨਾ ਹੈ ਉਹ ਦੂੂਜੇ ਪੱਖਾਂ ਵਿਚ ਇੰਨੀ ਭਰੋਸਾ ਜਨਕ ਨਹੀਂ ਹੈ। 'ਨਵੀਂ ਸਵੇਰ' ਵਿਚ ਨਵੇਂ ਭਾਰਤ ਨੂੰ ਅਵਾਜ਼ਾਂ ਹਨ, ਨਵੇਂ ਹਾਲਾਤ ਵਿਚ ਭਾਰਤੀਆਂ ਨੂੰ ਨਵੀਂ ਦ੍ਰਿਸ਼ਟੀ ਕੋਣ ਨਾਲ ਨਵੇਂ ਭਾਰਤ ਨੂੰ ਉਸਾਰਨ ਨਈ ਉਭਾਰ ਤੇ ਹਲਾ ਸ਼ੇਰੀਆਂ।

੯੪