ਵਸਾਖੀ, ਭੰਗੜਾ, ਬੋਲੀਆਂ, ਗਿੱਧਾ, ਢੋਲਾ, ਚੀਣਾ, ਤ੍ਰਿੰਜਣ, ਖੇਤਾਂ ਦੇ ਗੀਤ, ਚਰਖੇ ਦੇ ਗੀਤ, ਸਾਵਣ ਦਾ ਗੀਤ, ਬਹਾਰ ਦਾ ਗੀਤ, ਕੌਮੀ ਗੀਤ-ਨਵੀਂ ਸਵੇਰ, ਨਾਉਂ ਹੇਠ ਇਹ ਤੇਰਾਂ ਅੰਮ੍ਰਿਤਾ ਦੇ ਮੌਲਿਕ ਗੀਤਾਂ ਦੀ ਪੋਥੀ ਹੈ। ਅੰਮ੍ਰਿਤ ਕੌਰ ਮਨੁਖ ਦੇ ਮਨ ਨੂੰ ਬੜੀ ਸਮਝਦੀ ਹੈ ਤੇ ਮਨ ਵਿਚੋਂ ਉਠੇ ਵਲਵਲਿਆਂ ਦੀ ਉਸ ਨੂੰ ਨਿਖਰਵੀਂ ਪਛਾਣ ਹੈ। ਏਸੇ ਲਈ ਉਹ ਵਲਵਲਿਆਂ ਨਾਲ ਜਿਵੇਂ ਜੀ ਚਾਹੇ ਖੇਡ ਸਕਦੀ ਹੈ। ਵੰਨਗੀ ਵਜੋਂ ਗਿੱਧੇ ਨਾਮੀ ਗੀਤਾਂ ਦੀਆਂ ਸਤਰਾਂ ਦੇਖੋ।
ਬਾਰ੍ਹੀ ਮਹੀਨੀ ਸਾਵਣ ਆਇਆ, ਕੋਇਲ ਅੰਬਾਂ ਤੇ ਬੋਲ।
ਪਿਪਲਾਂ ਨੂੰ ਪੀਂਘ ਪਈ, ਮੈਂ ਝੂਟਾਂ ਹੌਲੇ ਹੌਲੇ, ਪਿਪਲਾਂ ਨੂੰ ਪੀਘ ਪਈ
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ, ਮੀਂਹ ਵਰਸੇਂਦਾ ਵਾਰੀ
ਮਿਠੀ ਨੈਣ ਨੇ ਮੇਢੀਆਂ ਗੁੰਦੀਆਂ, ਸੂੂਹੀ ਮੇਰੀ ਫੁਲਕਾਰੀ
ਸੂਚੀ ਸ਼ਾਹੀ ਦਾ ਕੁੜਤਾ ਪਾਵਾਂ, ਕੁੜਤਾ ਏ ਨਸਵਾਰੀ
ਨੌਕਰ ਤੇਰੀ ਆਂ ਮੈਂ ਸਾਰੀ ਦੀ ਸਾਰੀ, ਨੌਕਰ ਤੇਰੀ ਆਂ
ਖਟੇ ਲੋਆਨੀ ਆਂ ਮਿੱਠੇ ਲੁਆਨੀ ਆਂ, ਵਿਚ ਫੁਲਾਂ ਦੇ ਬੂਟੇ
ਪੀਂਘ ਪੁਆਨੀ ਆਂ, ਮੈਨੂੰ ਦੇ ਜਾ ਇਕ ਦੋ ਝੂਟੇ, ਪੀਂਘ ਪੁਆਨੀ ਆਂ
ਬਾਰ੍ਹੀ ਮਹੀਨੀਂ ਸਾਵਣ ਆਇਆ, ਇਹ ਸਾਵਣ ਮਨ ਭਾਵੇਂ
ਉੱਚੇ ਟਿੱਲਿਓਂ ਬੱਦਲ ਚੜਿਆ, ਬਦਲ ਚੜ੍ਹਿਆ ਆਵੇ,
ਦੂਰ ਕਿਤੇ ਖੇਤਾਂ ਵਿਚ ਬਹਿ ਕੇ, ਗੀਤ ਪਿਆ ਕੋਈ ਗਾਵੇ
ਪੋਣਾ ਪੁਰੇ ਦੀਆਂ, ਮੇਰੀ ਚੁਨੀ ਉਡ ਉਡ ਜਾਵੇ, ਪੌਣਾਂ ਪੁਰੇ ਦੀਆਂ
ਬਾਰੀਂ ਮਹੀਨੀਂਂ ਸਾਵਣ ਆਇਆ, ਇਹ ਸਾਵਣ ਮਨ ਭਾਂਦਾ
ਮਾਹੀ ਪਰਦੇਸ ਗਿਆ, ਉਥੋਂ ਲਿਖ ੨ ਚਿਠੀਆਂ ਪਾਂਦਾ, ਮਾਹੀ ਪਰਦੇਸ ਗਿਆ ਬਹਾਰ ਦੇ ਗੀਤ ਹੇਠ ਅੰਮ੍ਰਿਤਾ ਕਹਿੰਦੀ ਹੈ:
ਸਾਡੇ ਬਾਗਾਂ ਵਿਚ ਆਵੇਗੀ ਮੁੜ ਕੇ ਬਹਾਰ
ਦਾਣੇ ਦਾਣੇ ਵਿਚੋਂ ਮੈਂ ਉਗਾਵਾਂਗਾ, ਖੇਤੀਆਂ
ਭਰ ਭਰ ਕੇ ਲਵਾਂਗਾ ਮੈਂ ਅੰਨ ਦੇ ਅੰਬਾਰ
ਸਾਡੇ ਬਾਗਾਂਂ ਵਿਚ ਆਵੇਗੀ ਮੁੜ ਕੇ ਬਹਾਰ
ਡਾ: ਸ਼ੇਰ ਸਿੰਘ