ਪੰਨਾ:Alochana Magazine 2nd issue April1957.pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤੜ ਤੜ ਟੁੱਟ ਰਹੀਆਂ ਸਨ ਤੇ ਨਵੀਆਂ ਕੀਮਤਾਂ ਪੇ ਰਹੀਆਂ ਸਨ। ਸਾਹਿੱਤ ਵਿੱਚ ਵੀ, ਜਿਸ ਨੂੰ ਕਿ ਸਮਾਜ ਦਾ ਦਰਪਣ ਤੇ ਦੀਪਕ ਹੋਣ ਦੀ ਅਵਸ਼ਕਤਾ ਹੈ, ਇਹ ਸਭ ਰੁਚੀਆਂ ਆਈਆਂ। ਪੰਜਾਬੀ ਸਾਹਿੱਤ ਵਿੱਚ ਇਸ ਦਾ ਝੰਡਾਬਰਦਾਰ ਸਭ ਤੋਂ ਪਹਿਲਾਂ ਪ੍ਰੋਫੈਸਰ ਮੋਹਨ ਸਿੰਘ 'ਮਾਹਿਰ' ਬਣਿਆ । ਉਸ ਨੇ ਆਪਣੇ ਪਿਆਰ-ਭਾਵਾਂ ਨੂੰ ਜਿਸ ਆਜ਼ਾਦੀ ਤੇ ਨਿਡਰਤਾ ਨਾਲ ਪਰਗਟਾਇਆ ਹੈ, ਪੰਜਾਬੀ ਸਾਹਿੱਤ ਵਿਚ ਉਸ ਤੋਂ ਪਹਿਲਾਂ ਦੇਖਣ ਵਿੱਚ ਨਹੀਂ ਆਇਆ। ਉਸ ਨੇ ਆਪਣੀ ਨਿੱਜੀ ਪਿਆਰ-ਪੀੜਾ ਨੂੰ ਸਮੂਹਕ ਰੰਗਣ ਦੇਣ ਦੀ ਲੋੜ ਨਹੀ ਸਮਝੀ, ਨਾ ਹੀ ਅਧਿਆਤਮਵਾਦ ਦੇ ਉਹਲੇ ਨੂੰ ਵਰਤਿਆ ਹੈ। ਭਾਰਤੀ ਪਰੰਪਰਾ ਦੇ ਉਲਟ ਉਸ ਨੇ ਆਪਣੀ ਪਿਆਰ-ਪੀੜਾ ਨੂੰ ਇਕ ਮਰਦ ਵਲੋਂ ਇਸਤ੍ਰੀ ਲਈ ਪਿਆਰ ਦਾ ਯਥਾਰਥ ਰੂਪ ਦੇ ਕੇ ਪਰਗਟਾਇਆ ਹੈ, ਨਾ ਕਿ ਇਸਤ੍ਰੀ ਵਲੋਂ ਮਰਦ ਲਈ। ਉਸ ਦਾ ਸੁੰਦਰਤਾ ਦਾ ਬਿਆਨ ਵੀ ਵਾਸ਼ਨਾਵਾਦ ਦੀ ਹੱਦ ਤਕ ਨੰਗਾ ਹੋ ਜਾਂਦਾ ਹੈ ਤੇ ਉਹ ਹੁਸਨ ਦੇ ਨਿੱਘ ਸਵਾਦ ਨੂੰ ਸਰੀਰਕ ਪੱਧਰ ਤੇ ਮਾਨਣ ਦਾ ਸ਼ੌਕੀਨ ਹੈ, 'ਹਿੱਕ ਉਭਾਰਾਂ, ਢੋਲ ਦੀਆਂ ਬੁਲ੍ਹ-ਛੁਹਾਂ', 'ਗੁਦੇ ਗੁਦੇ ਪਿੰਡੀਆਂ,' ‘ਭਾਰੇ ਕੂਲ੍ਹਿਆਂ, ਨਾਜ਼ਕ ਛੁਹਰੀਆਂ,' ਤੇ ਸੀਨਿਆਂ ਦੇ ਹਿਮ-ਬੱਧ ਪੰਖਨੂਆਂ' ਤੋਂ ਬਿਨਾਂ ਗਲ ਨਹੀਂ ਕਰਦਾ।

ਪਰ ਜਿਵੇਂ ਕਿ ਉਪਰ ਦਸਿਆ ਜਾ ਚੁੱਕਾ ਹੈ, ਮੋਹਨ ਸਿੰਘ ਦੀ ਦਲੇਰੀ ਇਕ ਲਾਈਸੈਂਸ-ਯਾਫਤਾ ਵਣਜਾਰੇ ਦੀ ਹੈ, ਤੇ ਅੰਮ੍ਰਿਤਾ ਦੀ ਇਕ ਨਿਧੜਕ ਚੁੰਗੀ-ਚੋਰ Smuggler ਦੀ ਜਿਸ ਉੱਤੇ ਕਿਸੇ ਵੀ ਵਕਤ ਬੰਦੂਕ ਦਾਗ਼ੀ ਜਾਣ ਦੀ ਸੰਭਾਵਨਾ ਹੋ ਸਕਦੀ ਹੈ।

ਪਿਆਰ ਸੰਬੰਧੀ ਅੰਮ੍ਰਿਤਾ ਦਾ ਅਨੁਭਵ ਬੜਾ ਅਮੀਰ ਹੈ। ਇਸ ਵਿੱਚ ਇਸ਼ਕ ਛਲਾਵੇ ਦੇ ਛਲ, ਦਰਦ, ਸੋਜ਼, ਹਾੜੇ, ਵਸਲ, ਬੇਪਰਵਾਹੀਆਂ, ਮਨ ਸਮਝਾਉਣੀਆਂ,ਪਿਆਰ ਕਸਕਾਂ, ਇਸਤ੍ਰੀ ਦੀ ਮਜਬੂਰੀ, ਊਜਾਂ, ਸ਼ੰਕੇ, ਉਲਾਂਭੇ, ਵਫਾ, ਹੁਸਨ ਤੇ ਇਸ਼ਕ ਦੀ ਵਾਰਦਾਤ, ਸੱਭ ਕੁਝ ਮੂਰਤੀਮਾਨ ਹੈ। ਮੋਹਨ ਸਿੰਘ 'ਮਾਹਿਰ' ਦਾ ਅਨੁਭਵ ਵੀ ਬਹੁਤ ਡੂੰਘਾ ਹੈ ਤੇ 'ਸਫ਼ੀਰ' ਦਾ ਵੀ। ਪਰ ਜਿਸ ਤਰ੍ਹਾਂ ਅੰਮ੍ਰਿਤਾ ਨੇ ਇਸ ਨੂੰ ਆਪਣੀ ਕਵਿਤਾ ਦਾ ਆਧਾਰ ਬਣਾਇਆ ਹੈ, ਹੋਰ ਕਿਸੇ ਦੇ ਹਿੱਸੇ ਨਹੀਂ ਆਇਆ। ਮੋਹਨ ਸਿੰਘ ਦੇ ਉਲਟ ਅੰਮ੍ਰਿਤਾ ਆਪਣੀ ਪਿਆਰ-ਪੀੜਾ ਨੂੰ ਬਿਲਕੁਲ ਵਿਅਕਤੀਗਤ ਪੱਧਰ ਤੇ ਰਖ ਕੇ ਪਰਗਟਾਉਂਦੀ ਹੈ; ਉਹ ਦੂਜਿਆਂ ਦੇ ਨੂੰ ਵੀ ਨਿੱਜੀ ਰੰਗਣ ਵਿੱਚ ਰੰਗ ਕੇ ਪੇਸ਼ ਕਰਦੀ ਹੈ। ਬਾਵਜੂਦ ਇਸ ਦੇ ਉਸ ਦੀ ਪ੍ਰੀਤ-ਵੇਦਨਾ ਸਮਾਜਕ ਪਰਕਰਣ ਤੋਂ ਸਖਣੀ ਨਹੀਂ ਹੁੰਦੀ। ਆਪਣੇ ਵਿਚਾਰ ਨੂੰ

੨੬]