ਪੰਨਾ:Alochana Magazine 2nd issue April1957.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂ ਤੋਂ ਅਤ੍ਰਿਕਤ ਅੰਮ੍ਰਿਤਾ ਦੀ ਕਵਿਤਾ ਵਿੱਚ ਛੁੱਟ ਪਿਆਰ ਦੇ ਹੋਰ ਕੋਈ ਵਿਸ਼ਾ ਨਹੀਂ ਹੈ। ਸਫ਼ੀਰ ਦਾ ਅਨੁਭਵ ਇਹਨਾਂ ਦੋਹਾਂ ਤੋਂ ਅੱਡਰਾ ਹੈ, ਪਰ ਉਸ ਦੀ ਵਿਸ਼ੇ-ਪਕੜ ਹੈਰਾਨ ਕਰਨ ਵਾਲੀ ਹੈ। ਇਕੋ ਹੀ ਕਵਿਤਾ ਵਿੱਚ ਉਹ ਕਿੱਨੇ ਵਿਸ਼ੇ ਛੁੁਹ ਜਾਂਦਾ ਹੈ, ਪਿਆਰ ਦਾ ਜ਼ਿਕਰ ਕਰਦਿਆਂ ਕਰਦਿਆਂ ਉਹ ਦੇਸ਼-ਭਗਤੀ, ਰੁਮਾਂਸ, ਮਿਥਿਆਸ, ਇਸ਼ਕ, ਸਦਾ-ਚਾਰ, ਧਰਮ, ਫਲਸਫਾ, ਇਤਿਹਾਸ, ਸਮਾਜਕ ਸਮਸਿਆਵਾਂ, ਤੇ ਵਰਤਮਾਨ ਅੰਦੋਲਨਾਂ ਉੱਤੇ ਤਿਲਕ ਜਾਂਦਾ ਹੈ| ਇਹ ਚੀਜ਼ ਉਸ ਦੇ ਕਾਵਿ ਅਨੁਭਵ ਨੂੰ ਇਕ ਅਜਬ ਵਿਚਿੱਤ੍ਰ ਵਿਸ਼ਾਲਤਾ ਹੈ ਪਰਦਾਨ ਕਰਦੀ ਹੈ।

ਤਕਨੀਕੀ ਪੱਖ ਤੋਂ ਅੰਮ੍ਰਿਤਾ ਮੋਹਨ ਸਿੰਘ ਤੇ ਸਫ਼ੀਰ ਦੋਹਾਂ ਤੋਂ ਊਣੀ ਹੈ। ਉਸ ਵਿੱਚ ਉਹ ਕਾਵਿ-ਨਿਪੁੰਣਤਾ ਨਹੀਂ ਜੋ ਮੋਹਨ ਸਿੰਘ ਵਿੱਚ ਦਿਸਦੀ ਹੈ। ਨਾ ਹੀ ਉਸ ਵਰਗੀ ਮੌਲਕਤਾ ਹੈ। ਮੋਹਨ ਸਿੰਘ ਨੇ ਪੰਜਾਬੀ ਕਵਿਤਾ ਨੂੰ ਕਈ ਨਵੇਂ ਛੰਦ-ਪਰਬੰਧਾਂਂ ਦਿੱਤੇ ਹਨ । ਰਵਾਇਤੀ ਛੰਦ-ਪਰਬੰਧਾਂ, ਬੈਂਤ ਚੌਪਈ, ਦੇਹਰਾ, ਸਿਰਖੰਡੀ, ਦਵਈਏ ਤੇ ਚਿਤਰ-ਕਲੇ ਤੋਂ ਛੁੱਟ ਭਿੰਨ ਭਿੰਨ ਕਿਸਮ ਦੇ ਮੁਕਤ-ਛੰਦ ਵਰਤੇ ਹਨ, ਜਿਨਾਂ ਦੇ ਅੰਤ੍ਰੀਵ-ਤਾਲ ਤੇ ਵਿਸ਼ੇਸ਼ ਤੁਕਾਂਤ-ਪਰਬੰਧ ਨੇ ਉਸ ਦੀ ਕਵਿਤਾ ਨੂੰ ਕਹਿਰਾਂ ਦੀ ਰਵਾਨੀ ਦੇ ਦਿੱਤੀ ਹੈ। ਬਹੁਤੀ ਵਾਰੀ ਛੰਦ-ਚਾਲ ਖਿਆਲ ਦੀ ਉਡਾਰੀ ਦੇ ਨਾਲ ਨਾਲ ਚਲਦੀ ਹੈ ਤੇ ਸਮੁੱਚਾ ਪਰਭਾਵ ਕਿ ਸੀ ਅਕਹਿ ਸੌਦਰਯ ਦਾ ਪੈਂਦਾ ਹੈ। 'ਕੁੜੀ ਪੋਠੋਹਾਰ ਦੀ' 'ਬੇ- ਵੱਡੀ', 'ਤਾਰੇ', 'ਪੰਜਾਬ ਦਾ ਗੀਤ', 'ਦੋ ਤਿੱਤਲੀਆਂ,' 'ਮੁੜ ਸੁਣਨਾ ਚਾਹਵਾਂ' 'ਮੇਰੀ ਬੱਚੀ! ਮੇਰਾ ਦੇਸ਼! ਮੋਤਿਸੰਗ’, ‘ਕੁਝ ਚਿਰ ਪਿੱਛੋਂ, 'ਮੈਨੂੰ ਅਜ ਕਿਸੇ ਨੇ ਦੱਸਿਆ' ਮੋਹਨ ਸਿੰਘ ਦੀ ਕਾਢ-ਸ਼ਕਤੀ ਦੀਆਂ ਸੁਹਣੀਆਂ ਉਦਾਹਰਣਾਂ ਹਨ। ਉਸ ਦੀ ਛੰਦ-ਚਾਲ ਤੇ ਸ਼ਬਦ-ਚਿੱਤਰਾਂ ਦੇ ਰਸ ਨੂੰ ਮਾਨਣ ਲਈ ਜ਼ਰਾ ਇਸ ਇਕ ਬੰਦ ਨੂੰ ਦੇਖੋ:-

ਦੋ ਤਿੱਤਲੀਆਂ:-

ਘੁੰਮਰੇ ਘੁੰਮਰੇ ਟਾਹਣਾਂ ਵਾਲੇ
ਬੋੜ੍ਹ ਪਛਾੜੀ,
ਬਣ ਗੁਲਨਾਰੀ,
ਵੱਡਾ ਗੋਲਾ ਸੂਰਜ ਦਾ ਜਦ ਮੂੰਹ ਛਪਾਵੇ,
ਆ ਮੇਰੀ ਬਾਰੀ ਦੇ ਸਾਹਵੇਂ,
ਫੁੱਲ-ਪਤੀਆਂ ਦੀ ਪਤਲੀ ਛਾਵੇਂ,

[੩੯