ਪੰਨਾ:Alochana Magazine 2nd issue April1957.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧) ਹਾਫ਼ਿਜ਼ ਬਰਖ਼ੁਰਦਾਰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਸਮਕਾਲੀ ਸੀ, ਜਿਸ ਨੇ ਯੂਸਫ਼ ਜ਼ੂਲੈਖ਼ਾ, ਸੱਸੀ ਪੁੰਨੂੰ ਤੇ ਮਿਰਜ਼ਾ ਸਾਹਿਬਾਂ ਦੇ ਕਿੱਸੇ ਲਿਖੇ ਸਨ। ਇਹ ਕਵੀ ਪਿੰਡ ਮੁਸਲਮਾਨੀ, ਪਰਗਨਾ ਚੀਮਾਂ ਚੱਠਾ ਇਲਾਕਾ ਲਾਹੌਰ ਦਾ ਵਸਨੀਕ ਸੀ। (੨) ਹਾਫ਼ਿਜ਼ ਬਰਖੁਰਦਾਰ ਪਿੰਡ ਚਿੱਟੀ ਸ਼ੇਖਾਂ ਜ਼ਿਲਾ ਸਿਆਲਕੋਟ ਦਾ ਰਹਿਣ ਵਾਲਾ ਸੀ *। ਇਹ ਹਾਫ਼ਿਜ਼ ਸਿੱਖ ਰਾਜ ਦਾ ਸਮਕਾਲੀ ਸੀ।

ਮੁਨਸ਼ੀ ਮੌਲਾ ਬਖ਼ਸ਼ “ਕੁਸ਼ਤਾ ਲਿਖਦੇ ਹਨ ਕਿ ਦੂਜੇ ਹਾਫ਼ਿਜ਼ ਬਰਖ਼ੁਰਦਾਰ ਦੀ ਕੋਈ ਕਾਵਿ-ਰਚਨਾ ਉਨ੍ਹਾਂ ਨੂੰ ਨਹੀਂ ਮਿਲੀ ਤੇ ਅਬਦੁਲ ਗਫੂਰ ਕੁਰੈਸ਼ੀ ਹੋਰੀ ਵੀ ਆਪਣੀ ਕਿਤਾਬ 'ਪੰਜਾਬੀ ਜ਼ਬਾਨ ਦਾ ਅਦਬ ਤੇ ਤਾਰੀਖ਼ ਵਿਚ ਉਨ੍ਹਾਂ ਦੇ ਇਸ ਕਥਨ ਦੀ ਪੁਸ਼ਟੀ ਕਰਦੇ ਹਨ, ਇਸ ਲਈ ਉਨ੍ਹਾਂ ਇਸ ਬਾਰਾਂ ਮਾਂਹਾਂ ਦਾ ਲੇਖਕ ਪਹਿਲੇ ਹਾਫ਼ਿਜ਼ ਨੂੰ ਹੀ ਮੰਨਿਆ ਹੈ। (ਦੇਖੋ ਸਫ਼ਾ ੨੩੨) ਪਰ ਮੈਂ ਇਸ ਬਾਰੇ ਉਨ੍ਹਾਂ ਨਾਲ ਸਹਿਮਤ ਨਹੀਂ। ਕਾਰਣ ਇਸ ਦਾ ਇਹ ਹੈ ਕਿ ਪਹਿਲੇ ਹਾਫ਼ਿਜ਼ ਦੀ ਕਵਿਤਾ ਨਾਲ ਇਸ ਬਾਰਾਂ ਮਾਹਾਂ ਦੀ ਕਾਵਿ-ਸ਼ੈਲੀ ਨਹੀਂ ਮਿਲਦੀ ਤੇ ਕਈ ਥਾਈਂ ਸ਼ਬਦਾਵਲੀ ਵੀ ਨਹੀਂ ਮਿਲਦੀ, ਇਸ ਲਈ ਹੋ ਸਕਦਾ ਹੈ ਕਿ ਇਹ ਦੂਜੇ ਹਾਫ਼ਿਜ਼ ਬਰਖ਼ੁਰਦਾਰ ਦੀ ਕਿਰਤ ਹੀ ਹੋਵੇ, ਪਰ ਇਸ ਨਿਰਣੇ ਤੇ ਪੁਜਣ ਲਈ ਕੁਝ ਹੋਰ ਖੋਜ ਦੀ ਲੋੜ ਹੈ।

(੪)

ਇਸ ਤੋਂ ਅੱਗੇ ਹੁਣ ਇਨ੍ਹਾਂ ਬਾਰਾਂ ਮਾਹਿਆਂ ਦੇ ਅਸਲ ਪਾਠ ਕ੍ਰਮ ਅਨੁਸਾਰ ਦਿਤੇ ਜਾਂਦੇ ਹਨ--

ਬਾਰਾਂ ਮਾਹਾਂ ਢੋਲ ਸੰਮੀ ਦਾ

ਕ੍ਰਿਤ : ਕਵੀ ਮੁਨਸਿਫ਼

ਚੜਦੇ ਚੇਤ ਸ਼ੰਮਸ ਰਾਣੀ, ਨਿਤ ਕੂਕੇ ਦਰਗਾਹ ਰਬਾਣੀ,
ਰੱਬਾ ਢੋਲ ਸ਼ਾਮ ਘਰਿ ਆਣੀ, ਹਰ ਦਮ ਏਹਾ ਜ਼ਿਕਰ ਕਹਾਣੀ,

ਮਿਲੀਏ ਸ਼ਾਮ ਨੂੰ ॥


  • ਮੌਲਾ ਬਖ਼ਸ਼ ਕੁਸ਼ਤਾ, ਪੰਜਾਬ ਦੇ ਹੀਰੇ (੧੯੫੦) ਸਫ਼ੇ ੫੯, ੬੩ ।
 ਅਬਦੁਲ ਗਫ਼ੂਰ ਕੁਰੈਸ਼ੀ, ਪੰਜਾਬੀ ਜ਼ਬਾਨ ਦਾ ਅਦਬ ਤੇ ਤਾਰੀਖ (੧੯੫੬), ਸਫ਼ਾ ੨੩੭ ।