ਪੰਨਾ:Alochana Magazine April, May and June 1968.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਈ ਸਪੱਸ਼ਟਤਾ ਇਕ ਅਤਿ ਲੋੜੀਂਦਾ ਲੱਛਣ ਹੈ । ਉਝ ਗੁਰਬਾਣੀ ਵਿਚ ਵੀ, ਖ਼ਲਤਮਲਤ ਹੋਣ ਦੇ ਬਾਵਜੂਦ, ਇਹ ਸ਼ਬਦ ਬਹੁਤੀ ਥਾਈਂ ਇਨ੍ਹਾਂ ਹੀ ਨਿਖੜਵੇਂ ਅਰਥਾਂ ਵਿਚ ਵਰਤੇ ਗਏ ਹਨ । ਇਸ ਲੇਖੇ ਅਸਾਂ ਕੇਵਲ ਇਨ੍ਹਾਂ ਸ਼ਬਦਾਂ ਨੂੰ ਉਨ੍ਹਾਂ ਵੱਖ ਵੱਖ ਨਿਸਚਿਤ ਭਾਵਾਂ ਦਾ ਪੱਕਾ ਸੂਚਕ ਮਿੱਥ ਲਿਆ ਹੈ, ਜਿਨ੍ਹਾਂ ਦੀ ਉਹ ਆਮ ਤੌਰ ਉੱਤੇ ਪ੍ਰਤਿਨਿਧਤਾ ਕਰਦੇ ਹਨ । ਸੰਸਾਰਕ 'ਡਰ' | ਗੁਰਬਾਣੀ ਵਿਚ ਕੇਵਲ ‘ਭਉ' ਤੇ 'ਡਰ’ ਦੇ ਭਾਵਾਂ ਦਾ ਬੁਨਿਆਦੀ ਨਿਖੇਤਾ ਹੀ ਨਹੀਂ ਕੀਤਾ ਗਿਆ ਜਾਪਦਾ ਸਗੋਂ 'ਡਰ' ਦੀਆਂ ਅੱਗੇ ਕਈ ਵੰਨਗੀਆਂ (types) ਤੇ ਮਾਤਾਵਾਂ (degrees) ਦਾ ਨਿਖੇੜਾ ਵੀ ਕੀਤਾ ਜਾਪਦਾ ਹੈ । ਅੰਦੇਸਾ, ਚਿੰਤਾ, ਭੈ, ਤਾਸ ਆਦਿ ਇਸੇ ਸੰਸਾਰਕ 'ਡਰ' ਦੀਆਂ ਵੰਨਗੀਆਂ ਹਨ । ੧. ਅੰਦੇਸਾ | 'ਅੰਦੇਸਾ’ ਫ਼ਾਰਸੀ ਦੇ ਸ਼ਬਦ ਅੰਦੇਸ਼ਹ (apprehension) ਤੋਂ ਪੰਜਾਬੀ ਵਿਚ ਢਲਿਆ ਹੈ | ਕਈ ਥਾਈਂ (ਨਵਾਚੀ ਉਪਸਰਗ ‘ਰਾਂ ਜਾਂ ‘ਰੇ ਨਾਲ) ਇਸ ਦੇ ਹੋਰ ਰੂਪ ‘ਅੰਦੇਸਰਾ' ਜਾਂ 'ਅੰਦੇਸਰੋ' ਵੀ ਵਰਤੇ ਗਏ ਹਨ । ਇਨ੍ਹਾਂ ਸਭਨਾਂ ਦਾ ਅਰਥ ਤੌਖਲਾ ਜਾਂ ਖੇਟਕਾ ਹੈ-ਇਹ ਖਟਕਾ ਕਿ ਖ਼ਬਰੇ ਕੀ ਉਪੱਦਰ ਹੋਣ ਵਾਲਾ ਹੈ ? ਦੂਜੇ ਸ਼ਬਦਾਂ ਵਿੱਚ ਇਹ ਕਿਸੇ ਆਉਂਦੇ ਜਾਪਦੇ ਹਰਜ਼ ਜਾਂ ਹਾਨੀ ਦਾ ਤੌਖਲਾ ਹੈ । ਭੈ ਤੇ ਅੰਦੇਸ਼ੇ ਵਿਚ ਦੋ ਤਰ੍ਹਾਂ ਦਾ ਅੰਤਰ ਹੈ । ਇਕ ਤਾਂ ਇਨ੍ਹਾਂ ਦੀ ਤੀਬਰਤਾ ਦੀ ਮਾਤਰਾ ਵੱਖੋ ਵੱਖਰੀ ਹੈ । ਭੈ ਵਧੇਰੇ ਤੀਬਰ ਤੇ ਸਥਾਈ ਭਾਵ ਹੈ; ਅੰਦੇਸ਼ਾ, ਥੁੜਜੀਵਾ ਤੇ ਹਲਕਾ। ਦੂਜਾ ਫ਼ਰਕ ਇਨ੍ਹਾਂ ਵਿਚ ਕਾਰਣ-ਕਾਰਜ ਦੇ ਸੰਬੰਧ ਦਾ ਹੈ । ਅੰਦੇਸ਼ੇ ਤੋਂ ਤਾਂ ਭੈ ਜਾਂ ਡਰ ਪੈਦਾ ਹੁੰਦਾ ਹੈ, ਪਰ ਡਰ ਤੋਂ ਅੰਦੇਸ਼ਾ ਨਹੀਂ ਉਪਜਦਾ । ਗੁਰਬਾਣੀ ਵਿਚ 'ਅੰਦੇਸਾਂ' ਸ਼ਬਦ ਬੜੀ ਥਾਈਂ 'ਆਸਾ' ਸ਼ਬਦ ਨਾਲ ਜੁੜਵਾਂ ਆਇਆ ਹੈ, ਜਿਵੇਂ :ਆਸਾ ਅੰਦੇਸਾ ਬੰਧਿ ਪਰਾਨਾ|| ਮਹਲੁ ਨ ਪਾਵੇ, ਫਿਰਤ ਬਿਗਾਨਾ ॥ (ਸੂਹੀ ਅਸਟ. ਮ: ੫, ਘਰ ੧) ਇਹ ਅੰਦੇਸ਼ਾ ਜਾਂ ਤੌਖਲਾ ਸਾਡੀ ਆਸ ਦਾ ਧੁਰ ਤੋਂ ਹੀ ਜੁੜਵਾਂ ਭਰਾ ਹੈ । ਇਹ ਦੋਵੇਂ ਆਉ ਅੱਦੇ ਨੂੰ ਵੇਖਣ ਦੇ ਢੰਗ ਹਨ ਜੋ ਆਪੋ ਆਪਣੇ ਗੁਣਾਂ ਅਨੁਸਾਰ ਸੁੱਖ ਜਾਂ ਦੁੱਖ ਦੇ ਭਾਵ ਜਗਾਉਂਦੇ ਹਨ । ਆਸ ਸਾਨੂੰ ਸੁਖਾਂਵੀਂ ਲਗਦੀ ਹੈ ਤੇ ਅੰਦੇਸਾ ਦੁਖਾਵਾਂ; ਐਪਰ (ਇਹ ਮਨੁੱਖ) ਆਸਾਂ ਤੇ ਅੰਦੇਸਿਆਂ ਦੇ ਬੰਧਨ ਵਿਚ ਬੱਝਾ ਪਿਆ ਹੈ, (ਇਸ ਨੂੰ) ਟਿਕਾਣਾ ਕੋਈ ਨਹੀਂ ਮਿਲਦਾ, ਤੇ ਇਹ ਬਿਗਾਨਿਆਂ ਦੀ ਤਰਾਂ ਭਉਂਦਾ ਫਿਰਦਾ ਹੈ ।