ਪੰਨਾ:Alochana Magazine April, May and June 1968.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਲ ਵਿਚਾਰਸ਼ੀਲ ਬਣਾਣ ਦਾ ਯਤਨ ਕਰੀਏ, ਤਾਂ ਈਸ਼ਵਰਵਾਦ’ ਦਾ ਉਹ ਸਰੂਪ ਪੈਦਾ ਹੁੰਦਾ ਹੈ, ਜਿਸ ਵਿਚ ਦੈਵੀ ਹਸਤੀ ਦੀ ਹੋਂਦ ਬਾਰੇ ਸਬੂਤ ਦਿੱਤੇ ਜਾਂਦੇ ਹਨ । ਈਸ਼ਵਰਵਾਦੀ ਨੁਕਤੇ ਤੋਂ ਰੱਬ ਸਰਬ-ਵਿਆਪਕ ਹੈ, ਪਰ ਇਸ ਦੇ ਨਾਲ ਹੀ ਉਹ ਅਗੋਚਰ ਵੀ ਹੈ । ਰੱਬ ਘਟ-ਘਟ ਵਿਚ ਸਮਾਇਆ ਹੋਇਆ ਹੈ, ਪਰ ਉਹ ਮਨੁੱਖ ਨਾਲੋਂ ਕੋਈ ਉਚੇਰੀ ਤੇ ਪਰੇਡੀ ਹਸਤੀ ਵੀ ਹੈ । 'ਧਰਮ-ਸਿੱਧਾਂਤ' ਈਸ਼ਵਰਵਾਦੀ ਸ਼ਰਧਾ ਨੂੰ ਵਧੇਰੇ ਵਿਵੇਕਸ਼ੀਲ ਰੂਪ ਦੇਦਾ ਹੈ । ਇਸ ਵਿਚ ਧਾਰਮਿਕ ਅਨੁਭਵ ਦੀ ਵਿਆਖਿਆ ਦੇਣ ਦਾ ਯਤਨ ਕੀਤਾ ਜਾਂਦਾ ਹੈ; ਸੰਸਾਰ ਨੂੰ ਕਿਸੇ ਦੇਵੀ-ਆਤਮਾ ਦਾ ਪ੍ਰਕਾਸ਼ ਦੱਬਣ ਦੀ ਕੋਸ਼ਿਸ਼ ਹੁੰਦੀ ਹੈ । ਧਰਮ ਸੰਬੰਧੀ, ਵਿਅਕਤੀ ਦਾ ਜੋ ਨਿੱਜੀ ਤੇ ਰਹੱਸਮਈ ਅਨੁਭਵ ਹੈ, ਧਰਮ-ਸਿੱਧਾਂਤ ਉਸ ਨੂੰ ਦਾਰਸ਼ਨਿਕ ਰੂਪ ਬਖ਼ਸ਼ਦਾ ਹੈ, ਤੇ ਵਿਵੇਕਸ਼ੀਲ ਨਿਯਮਾਂ ਦਾ ਅਨੁਸਾਰੀ ਬਣਾਉਂਦਾ ਹੈ । ਧਰਮ-ਸਿੱਧਾਂਤ ਦਰਸ਼ਨ ਦਾ ਇਕ ਵਿਭਾਗ-ਮਾਤਰ ਹੈ, ਜਿਸ ਵਿਚ ਅਨੁਭਵ ਤੇ ਗਿਆਨ ਨੂੰ ਆਤਮਿਕ ਰੰਗਣ ਵਿਚ ਪੇਸ਼ ਕੀਤਾ ਜਾਂਦਾ ਹੈ ਅਤੇ ਵਿਵੇਕ ਤੇ ਵਿਸ਼ਵਾਸ ਵਿਚਕਾਰ ਸੰਬੰਧ ਜੋੜਿਆ ਜਾਂਦਾ ਹੈ । ਇਸੇ ਕ੍ਰਿਆ ਦਾ ਅਗਲੇਰਾ ਰੂਪ 'ਧਰਮ-ਦਰਸ਼ਨ ਹੈ, ਜੋ ਧਰਮ ਨੂੰ ਦਾਰਸ਼ਨਿਕ ਭਾਵਨਾ ਨਾਲ ਸਮਝਣ ਦੇ ਯਤਨ ਵਿੱਚੋਂ ਜਨਮ ਲੈਂਦਾ ਹੈ । ਇਸ ਖੇਤਰ ਵਿਚ ਈਸ਼ਵਰਵਾਦੀ ਵਿਸ਼ਵਾਸ ਲਾਜ਼ਮੀ ਸ਼ਰਤ ਨਹੀਂ ; ਧਰਮ ਸੰਬੰਧੀ ਮਨੁੱਖੀ ਅਨੁਭਵ ਅਤੇ ਧਰਮ ਦੀਆਂ ਕਦਰਾਂ-ਕੀਮਤਾਂ ਦੀ ਛਾਣ-ਬੀਣ ਇਸ ਅਧਿਐਨ ਦੇ ਉਦੇਸ਼ ਹਨ । ਧਰਮ-ਦਰਸ਼ਨ ਧਾਰਮਿਕ ਗਿਆਨ ਦੀ ਪ੍ਰਮਾਣਿਕਤਾ ਨੂੰ ਨਿਰਪੱਖ ਦ੍ਰਿਸ਼ਟੀ ਤੋਂ ਜਾਂਚਣ ਦਾ ਯਤਨ ਕਰਦਾ ਹੈ । ਇਹ ਮਨੁੱਖ ਦੇ ਧਰਮ ਸੰਬੰਧੀ ਅਨੁਭਵਾਂ ਦੇ ਖੇਤਰ ਵਿਚ ਫ਼ਲਸਫ਼ੇ ਨੂੰ ਲਾਗੂ ਕਰਨ ਦੀ ਕ੍ਰਿਆ ਹੈ। ੨. “ਧਰਮ' ਨੂੰ ਤਿੰਨ ਅਰਥਾਂ ਵਿਚ ਸਮਝਿਆ ਜਾ ਸਕਦਾ ਹੈ । ਇਕ ਅਰਥ ਵਿਚ ਧਰਮ, ਸੰਸਥਾਈ ਰੂਪ ਦਾ ਧਰਮ ਜਾਂ ਮਜ਼ਬ ਹੈ, ਜਿਸ ਅਨੁਸਾਰ ਵਿਅਕਤੀ ਕਿਸੇ ਨਿਸ਼ਚਿਤ ਭਾਈਚਾਰੇ ਦੇ ਇਸ਼ਟ ਨੂੰ ਅਪਣਾ ਲੈਂਦਾ ਹੈ, ਤੇ ਇਸ ਵਿਚ ਸ਼ਰਧਾ ਪੈਦਾ ਕਰ ਲੈਂਦਾ ਹੈ । ਧਰਮ ਦੇ ਇਸ ਰੂਪ ਅਨੁਸਾਰ ਧਾਰਮਿਕ ਪਰੰਪਰਾਵਾਂ, ਰਹਿਤ-ਮਰਿਆਦਾ, ਧਰਮ-ਚਿੰਨ ਅਤੇ ਧਰਮ-ਸਥਾਨ ਸਥਾਪਿਤ ਹੁੰਦੇ ਹਨ । ਇਨ੍ਹਾਂ ਸੰਸਥਾਵਾਂ ਨੂੰ ਕਾਇਮ ਰੱਖਣ ਲਈ ਵਿਸ਼ੇਸ਼ ਅਧਿਕਾਰੀਆਂ ਦੀ ਲੋੜ ਪੈਂਦੀ ਹੈ, ਜੋ ਪੁਜਾਰੀਆਂ, ਧਰਮ-ਨੇਤਾਵਾਂ, ਚਰਚ-ਪਾਦਰੀਆਂ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ । ਸੰਸਥਾਈ ਧਰਮ ਦੇ ਅਨੁਯਾਈਆਂ ਵਿਚ ਕੱਟੜ-ਭਾਵ ਪੈਦਾ ਹੋ ਜਾਣ ਕੋਈ ਅਨੋਖੀ ਗੱਲ ਨਹੀਂ, ਤੇ ਇਸ ਕਿਸਮ ਦੇ ਧਰਮ ਦਾ ਸੰਪ੍ਰਦਾਇਕ ਉਲਝਣਾਂ ਵਿਚ ਗ੍ਰਸਿਤ ਹੋ ਜਾਣਾ ਵੀ ਸੰਭਵ ਹੈ । ਦੂਜੇ ਅਰਥ ਅਨੁਸਾਰ ਧਰਮ ਇਕ ਸਿੱਧਾਂਤਕ ਨਜ਼ਰੀਆ ਹੈ, ਜਿਸ ਨੂੰ ਧਰਮ-ਸਿੱਧਾਂਤ ਕਹਿਆ ਜਾ ਸਕਦਾ ਹੈ । ਹਰੇਕ ਸੰਸਥਾਈ ਧਰਮ ਦੇ ਪਿੱਛੇ ਕੁਝ ਸਿੱਧਾਂਤਕ ਦ੍ਰਿਸ਼ਟੀਕੋਣ ਤੇ ਵਿਸ਼ਵਾਸ-ਪ੍ਰਬੰਧ ਕੰਮ ਕਰਦੇ ਹੁੰਦੇ ਹਨ । ਬੌਧਿਕ ੨੫