ਪੰਨਾ:Alochana Magazine April-May 1963.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਸਬੂਤ ਦਿੱਤਾ ਹੈ । ਜੀਵਨ ਦੀ ਵਿਸ਼ਾਲਤਾ ਅਤੇ ਵੰਨ ਸਵੰਨਤਾ ਨੂੰ ਪੂਰੀ ਯੋਗਤਾ ਨਾਲ ਅਜਿਹੇ ਮਾਧਿਅਮ ਰਾਹੀਂ ਹੀ ਪੇਸ਼ ਕੀਤਾ ਜਾ ਸਕਦਾ ਹੈ ਜੋ ਜੀਵਨ ਜਿਹਾ ਹੀ ਵਿਸ਼ਾਲ ਅਤੇ ਸਮੇਂ, ਸਥਾਨ ਤੇ ਰੀਤੀ ਦੇ ਬੰਧਨਾਂ ਤੋਂ ਪੂਰਨ ਭਾਂਤ ਮੁਕਤ ਹੋਵੇ । ਨਾਵਲ ਅਜਿਹਾ ਹੀ ਇਕ ਰੂਪ ਹੈ । ਇਹ ਬਾਕੀ ਸਾਹਿਤਕ ਰੂਪਾਂ ਤੋਂ ਬਾਦ ਵਿਚ ਹੋਂਦ ਵਿਚ ਆਇਆ ਹੈ । ਰੂਪਕ ਪੱਖ ਤੋਂ ਇਹ ਸੁਤੰਤਰ ਹੈ । ਇਸ ਵਿਚ ਇਕੋ ਇਕ ਆਵੱਸ਼ਕ ਗੁਣ ਹੋਣਾ ਜ਼ਰੂਰੀ ਹੈ । ਇਹ ਗੁਣ ‘ਪ੍ਰਭਾਵ ਦੀ ਏਕਤਾ' ਹੈ । ਇਸ ਤੋਂ ਸਿਵਾ ਨਾਵਲ ਦੀ ਲੰਬਾਈ, ਵਿਸ਼ਾਲਤਾ ਆਦਿ ਦਾ ਨਿਸ਼ਚਿਤ ਕੀਤਾ ਜਾਣਾ ਅਸੰਭਵ ਹੈ । ਇਸ ਨੂੰ ਇਕਲੇ ਬੈਠ ਕੇ ਪੜ੍ਹਨ ਅਤੇ ਵਿਚਾਰਨ ਲਈ ਲਿਖਿਆ ਜਾਂਦਾ ਹੈ ਜਿਸ ਕਾਰਨ ਇਸ ਵਿਚ ਹਰ ਕਿਸਮ ਦੇ ਬੌਧਿਕ ਅਤੇ ਭਾਵਕ ਵਿਸ਼ਲੇਸ਼ਨ ਲਈ ਗੁੰਜਾਇਸ਼ ਰਹਿੰਦੀ ਹੈ ।

ਨਾਵਲ ਨੂੰ ਯਥਾਰਥ ਤੋਂ ਵਖਰਾ ਕਰਨਾ ਕਠਨ ਹੈ । ਹੋਰ ਸਭ ਸਾਹਿਤਕ ਰੂਪਾਂ ਤੋਂ ਇਹ ਯਥਾਰਥ ਦੇ ਵਧੇਰੇ ਨੇੜੇ ਹੈ । ਨਾਵਲ ਵਿਚ ਕਹਾਣੀ ਪੇਸ਼ ਕੀਤੀ ਹੁੰਦੀ ਹੈ । ਇਹ ਕਹਾਣੀ ਸੰਭਵ ਤੌਰ ਤੇ ਜੀਵਨ ਵਿਚੋਂ ਉਪਜਦੀ ਹੈ ਅਤੇ ਜੀਵਨ ਦੇ ਕਿਸੇ ਨਾ ਕਿਸੇ ਪੱਖ ਨੂੰ ਪੇਸ਼ ਕਰਨਾ ਇਸਦਾ ਮੰਤਵ ਵੀ ਹੁੰਦਾ ਹੈ । ਇਹ ਕਹਾਣੀ ਕਿਹੋ ਜਿਹੀ ਹੈ ? ਇਸ ਦਾ ਨਿਰਣਾ ਸੰਭਵ ਤੌਰ ਤੇ ਜੀਵਨ ਨਾਲ ਤੁਲਨਾ ਕਰਨ ਤੋਂ ਹੀ ਹੋ ਸਕਦਾ ਹੈ : ਇਸ ਲਈ ਕਹਾਣੀ ਦੀ ਸੰਭਾਵਿਕਤਾ ਅਤੇ ਸਚਾਈ ਦਾ ਆਧਾਰ ਯਥਾਰਥ ਹੈ । ਹੋਰ ਸਭ ਸਾਹਿਤਕ ਰੂਪ ਵੀ ਯਥਾਰਥ ਤੋਂ ਵਖਰੇ ਨਹੀਂ ਕੀਤੇ ਜਾ ਸਕਦੇ ਪਰ ਕਵਿਤਾ ਦੇ ਮੁਕਾਬਲੇ ਤੇ ਨਾਵਲ ਵਿਚ ਉਸਦਾ ਵਿਸਥਾਰ ਸਹਿਤ ਸਰਵੇਖਣ ਵੀ ਕੀਤਾ ਹੁੰਦਾ ਹੈ : ਜੀਵਨ ਦੇ ਵਧੇਰੇ ਨਿਕਟ ਹੋਣ ਕਾਰਨ ਨਾਵਲ ਵਿਚ ਜੀਵਨ ਦਾ ਯਥਾਰਥਕ ਚਿਤਰ ਪੇਸ਼ ਕੀਤਾ ਜਾਣਾ ਆਵੱਸ਼ਕ ਹੈ । ਨਾਵਲ ਦਾ ਯਥਾਰਥ ਜੀਵਨ ਦਾ ਯਥਾਰਥ ਹੈ ਪਰ ਕਵਿਤਾ ਆਦਿ ਦਾ ਆਪਣਾ ਇਕ ਵੱਖਰਾ ਯਥਾਰਥ ਹੁੰਦਾ ਹੈ ਜਿਸ ਦਾ ਆਧਾਰ ਕਿਸੇ ਹੱਦ ਤਕ · ਕਲਪਣਾ ਹੈ । ਇਸ ਤੋਂ ਇਲਾਵਾ ਕਵਿਤਾ ਦੇ ਬਿੰਬ ਅਤੇ ਅਲੰਕਾਰ ਯਥਾਰਥ ਅਨੁਸਾਰ ਹੋਣੇ ਜ਼ਰੂਰੀ ਨਹੀਂ। ਲੋੜ ਕੇਵਲ ਇਹ ਹੈ ਕਿ ਉਹ ਕਵਿਤਾ ਦੇ ਆਪਣੇ ਨਿੱਜੀ ਯਥਾਰਥ ਅਨੁਕੂਲ ਹੋਣ ਅਤੇ ਕਾਵਿਕ ਪ੍ਰਭਾਵ ਪਾਉਣ ਵਿਚ ਉਹ ਸੱਤਾਹੀਣ ਜਾਂ ਓਪਰੇ ਨਾ ਜਾਪਣ । ਦੂਜੇ ਸ਼ਬਦਾਂ ਵਿਚ ਉਹ ਕਵਿਤਾ ਦੇ ਕਲਪਿਤ ਯਥਾਰਥ (Imagined Reality) ਦੇ ਤਾਣੇ ਪੇਟੇ ਅਨੁਸਾਰ ਹੋਣ । ਉਦਾਹਰਣ ਵਜੋਂ ਭਾਈ ਵੀਰ ਸਿੰਘ ਨੇ ਆਪਣੀ ਕਵਿਤਾ ਵਿਚ ਯਥਾਰਥਕ ਜੀਵਨ ਤੋਂ ਲਾਂਭੇ ਰਹਿਣ ਦਾ ਜਤਨ ਕੀਤਾ ਹੈ ਅਤੇ ਉਸਦੇ ਬਿੰਬਾਂ ਅਤੇ ਅਲੰਕਾਰਾਂ ਦਾ ਸਮਾਜਕ ਜੀਵਨ ਨਾਲ ਕੋਈ ਨਿਕਟ ਸਬੰਧ ਨਹੀਂ । ਪਰ ਨਾਵਲ ਵਿਚ ਸਮਾਜਕ ਜੀਵਨ ਅਤੇ ਇਸ ਉਦੇਸ਼ਾਂ ਤੇ ਆਦਰਸ਼ਾਂ ਆਦਿ ਤੋਂ ਲਾਂਭੇ ਰਹਿਣਾ ਸੰਭਵ ਨਹੀਂ । ਭਾਈ ਵੀਰ ਸਿੰਘ ਦੇ ਨਾਵਲ ਵੀ ਸਮਾਜਕ ਜੀਵਨ ਦੇ ਕਿਸੇ ਨਾ ਕਿਸੇ ਪੱਖ ਨਾਲ ਨਿਕਟੀ ਤੌਰ ਤੇ ਸਬੰਧਿਤ ਹਨ । ਉਨ੍ਹਾਂ ਵਿਚ ਕਾਰਜਸ਼ੀਲ ਜੀਵਨ ਨੂੰ ਸਾਹਮਣੇ ਰਖਿਆ ਗਿਆ ਹੈ । ਜਦ ਭਾਈ ਸਾਹਿਬ ਨੇ ਕਾਰਜਸ਼ੀਲ ਬਾਹਰਵਰਤੀ ਜੀਵਨ ਤੋਂ ਲਾਂਭੇ ਰਹਿ ਕੇ ਨਾਵਲ ਲਿਖਣ ਦਾ ਜਤਨ ਕੀਤਾ ਤਾਂ

੨੮