ਪੰਨਾ:Alochana Magazine April-May 1963.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ । ਅਸਲੀ ਰੂਪ ਹੈ ‘ਕ੍ਰਿਦੰਤ' [ਕ੍ਰਿਦ +ਅੰਤ] । ਪਰ ਪਤਾ ਨਹੀਂ ਕਿਸ ਅਸਰ ਹੇਠ ਇਹ ਵਿਕਾਰ ਹੋਇਆ ਸੀ । ਇਹ ਤੀਜੀ ਸਮਸਿਆ ਦੀ ਵਿਆਖਿਆ ਹੈ ।

ਚੌਥੀ ਸਮੱਸਿਆ ਅਖਰ ਜੋੜਾਂ Spellings ਦੀ ਹੈ । ਮੂਲ ਸ਼ਬਦਾਂ ਵਿਚ ਦੋ ਤਰ੍ਹਾਂ ਨਾਲ ਵਿਕਾਰ ਜਾਂ ਤਦਭਵੀਕਰਣ ਹੁੰਦਾ ਹੈ । ਜਾਂ ਇਉਂ ਕਹੋ ਪੰਜਾਬੀ ਦੇ ਸ਼ਬਦਾਂ ਵਿਚ ਅਖਰ ਜੋੜਾਂ ਦੀ ਭਿੰਨਤਾ ਦੇ ਦੋ ਕਾਰਣ ਹਨ, ਇਕ ਅਗਿਆਨ ਅਤੇ ਇਕ ਅਨੁਕੂਲਤਾ । ਅਗਿਆਨ ਦੇ ਸਿੱਟੇ ਵਜੋਂ ਜਿਥੇ ਮੂਲ ਸ਼ਬਦ ਵਿਚ ਤਬਦੀਲੀ ਹੋਵੇਗੀ ਉਥੇ ਅਰਥ ਦੇ ਅਨਰਥ ਹੋਣ ਦਾ ਡਰ ਹੈ ; ਪਰ ਜਿਥੇ ਜਾਣਦੇ ਹੋਏ ਪੰਜਾਬੀ ਦੀ ਠੇਠਤਾ ਅਨੁਰੂਪ ਢਾਲਣ ਲਈ ਅਖਰ ਜੋੜਾਂ ਵਿਚ ਪਰਿਵਰਤਨ ਕੀਤਾ ਜਾਂਦਾ ਹੈ ਉਥੇ ਆਤਮਾ ਸਥਿਰ ਰਹਿੰਦੀ ਹੈ । ਮੈਨੂੰ ਇਕ ਮਿਸਾਲ ਯਾਦ ਹੈ । ਹੁਣੇ ਜੇਹੇ ਇਕ ਕਿਤਾਬ ਦੇ ਮੁੱਢ ਵਿਚ ਭੂਮਿਕਾ ਦੀ ਥਾਂ 'ਪ੍ਰਾਕਥਨ' ਸ਼ਬਦ ਵਰਤਿਆ ਵੇਖਿਆ | ਅਸਲ ਵਿਚ ਏਥੇ ਨਵੇਂ ਸ਼ਬਦ ਦੇ ਵਰਤਣ ਦਾ ਲੋਭ ਹੈ । ਸੰਸਕ੍ਰਿਤ-ਹਿੰਦੀ ਦੀਆਂ ਪੁਸਤਕਾਂ ਵਿਚ ‘ਪ੍ਰਾਕ-ਕਥਨ’ ਹੁੰਦਾ ਹੈ । ਪਹਲਾ ਕੱਕਾ ਹਲੰਤ ਹੋਣ ਕਰਕੇ ਕਈ ਵਾਰ ਇਹ ਦੂਜੇ ਕੱਕੇ ਨਾਲ ਦੇਵਨਾਗਰੀ ਵਿਚ ਜੁੜਿਆ ਰਹਿੰਦਾ ਹੈ । ਇਸ ਸੰਯੋਗ ਦਾ ਪੰਜਾਬੀਕਰਣ ਕੀਤਾ ਗਿਆ ਤੇ 'ਪ੍ਰਾਕਥਨ' ਬਣਾ ਲਿਆ। 'ਪ੍ਰਾਕ' ਦਾ ਅਰਥ ਹੈ ਪੂਰਵ, ਪਹਿਲਾ, ਪ੍ਰਾਚੀਨ ਅਤੇ ਪ੍ਰਾਕ ਕਥਨ ਦਾ ਅਰਬ ਹੋਇਆ ਪੂਰਵ ਕਥਨ, (Fore-wording) । ਪਰੰਤੂ 'ਪ੍ਰਾ' ਇਕ ਉਪਸਰਗ ਹੈ ਜ਼ਰੂਰ, ਪਰ ਏਥੇ ਵਿਅਰਥ ਹੈ । ਇਹ ਪਹਲੇ ਪ੍ਰਕਾਰ ਦਾ ਉਦਾਹਰਣ ਹੈ । ਜਿਥੇ ਗਿਆਨਵਸ਼ ਤਦਭਵੀਕਰਣ ਹੋਵੇ ਉਥੇ ਅਨਰਥ ਨਹੀਂ ਹੁੰਦਾ । ਹਾਂ, ਸੁਰ-ਧੁਨੀ ਵਿਚ ਫਰਕ ਪੈ ਸਕਦਾ ਹੈ ।

ਪੰਜਵੀਂ ਸਮੱਸਿਆ ਹੈ ਕਿ ਲੋੜ ਪੂਰੀ ਕਰਨ ਲਈ ਰਾਹ ਜਾਂ ਮਾਧਿਅਮ ਅਪਣਾਏ ਜਾਣ । ਕੀ ਨਵੇਂ ਵਿਚਾਰਾਂ ਦੇ ਪ੍ਰਗਟਾਉਣ ਲਈ ਨਵੇਂ ਸ਼ਬਦ ਹੂਬਹੂ ਤਤਸਮ ਸੰਸਕ੍ਰਿਤ ਜਾਂ ਫਾਰਸੀ ਦੇ ਲੈ ਲਏ ਜਾਣ ? ਜਾਂ ਪੰਜਾਬੀ ਦੀ (Floating vocabulary) ਵਿਚੋਂ ਖੋਜ ਕੀਤੀ ਜਾਵੇ ? ਜਾਂ ਫੇਰ ਤਤਸਮ ਸ਼ਬਦਾਂ ਨੂੰ ਥੋੜੇ ਘਣੇ ਅੰਸ਼ ਵਿਚ ਤਦਭਵ ਬਣਾਇਆ ਜਾਵੇ ? ਇਹ ਸਮੱਸਿਆ ਵੇਖਣ ਵਿਚ ਛੋਟੀ ਹੈ, ਪਰ ਸਮਾਧਾਨ ਲਈ ਜਟਿਲ ਤੇ ਪੀਢੀ ਹੈ । ਇਸ ਦੇ ਸਮਾਧਾਨ ਵਿਚ ਸ਼ਬਦ ਨਿਰਮਾਣ ਦੀ ਸਮਸਿਆ ਸੁਲਝਦੀ ਹੈ । ਐਸ ਵੇਲੇ ਤਾਂ ਇਉਂ ਲਗਦਾ ਹੈ ਕਿ ਏਸ ਪਾਸੇ ਕਿਸੇ ਏਜੰਸੀ ਵਲੋਂ ਕੋਈ ਸਿਧਾਂਤ ਨਹੀਂ, ਮਨ ਮਰਜ਼ੀ ਚਲਦੀ ਹੈ । ਹਰ ਸ਼ਬਦ ਲਈ ਨਵੇਕਲਾ ਸਿਧਾਂਤ ਹੈ । ਇਕ ਹਫੜਾ ਦਫੜੀ ਹੈ, ਗੜਬੜ ਝਾਲਾ ਹੈ । ਪ੍ਰਮਾਣਿਕ ਭਾਸ਼ਾਵਾਂ ਕਿਸੇ ਸਿਧਾਂਤ ਤੇ ਚਲਦੀਆਂ ਹਨ । ਪ੍ਰਮਾਣਿਕ ਸਿਧਾਂਤ ਬਣਾਉਣੇ ਚਾਹੀਦੇ ਹਨ, ਭਾਵੇਂ ਅਪਵਾਦ ਵੀ ਹੋਣਗੇ । ਪਾਣਿਨਿ ਨੂੰ ਵੀ ਤਾਂ ਅਸ਼ਟਾਧਿਆਈ ਬਣਾਉਣ ਵੇਲੇ ਚੋਖੇ ਅਪਵਾਦ ਰਖਣੇ ਪਏ ਹਨ । ਇਹ ਸਮਸਿਆ ਅਤੇ ਪਹਲੀ ਸਮਸਿਆ ਅੰਤਰ ਜੁੜਤ ਸਮਸਿਆਵਾਂ ਹਨ । ਇਸਦਾ ਵਿਸਤ੍ਰਿਤ ਵਿਵੇਚਨ ਅਗਲੇ ਪੰਨਿਆਂ ਤੇ ਕਰਾਂਗੇ ।

੩੫