ਪੰਨਾ:Alochana Magazine April-May 1963.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੇਵੀਂ ਸਮਸਿਆ ਪਾਕਿਸਤਾਨੀ ਪੰਜਾਬੀ ਤੇ ਭਾਰਤੀ ਪੰਜਾਬੀ ਦੇ ਦਿਨੋਂ ਦਿਨ ਵਧ ਰਹੇ ਅੰਤਰ ਦੀ ਹੈ । ਇਹ ਨਾ ਖੁਸ਼ਗਵਾਰ ਗਲ ਹੈ ਕਿ ਇਕੋ ਹੀ ਭਾਸ਼ਾ ਦੇ ਗੁਆਂਢੀ ਖਿੱਤਿਆਂ ਵਿਚ ਓਪਰੀ ਹੋਣ ਲਗ ਪਵੇ । ਕੀ ਅੰਗਰੇਜ਼ੀ ਯੂਰੋਪ ਤੋਂ ਛੁਟ ਏਸ਼ੀਆ ਦੇ ਮੁਲਕਾਂ ਵਿਚ ਦੁ-ਮੁਲਕੀ ਪੰਜਾਬੀ ਵਾਂਗੂ ਓਪਰੀ ਹੋਣ ਦੀ ਸੰਭਾਵਨਾ ਰਖਦੀ ਹੈ ? ਕਦਾਚਿਤ ਨਹੀਂ। ਭਾਵੇਂ ਅੰਗਰੇਜ਼ੀ ਉਚਾਰਣ ਵਿਚ ਸਥਾਨਿਕ ਫ਼ਰਕ ਹੋਵੇ, ਪਰ ਭਾਸ਼ਾ ਦੇ ਪਿੰਡੇ ਵਿਚ ਉਕਾ ਫਰਕ ਨਹੀਂ ਆਇਆ ਅਤੇ ਨਾ ਹੀ ਆਵੇਗਾ । ਪਰ ਇਹ ਦੁ-ਫਾੜੀ ਪੰਜਾਥੀ ਖੇਦਜਨਕ ਫਰਕ ਸ਼ੁਰੂ ਕਰ ਰਹੀ ਹੈ । ਮੇਰੇ ਸਾਹਮਣੇ ਲਾਹੌਰ ਤੋਂ ਉਰਦੂ ਅੱਖਰਾਂ ਵਿਚ ਛਪਦੇ ਮਾਹਵਾਰੀ ਰਿਸਾਲੇ 'ਪੰਜ ਦਰਯਾ" ਦੀਆਂ ਪ੍ਰਤੀਆਂ ਪਈਆਂ ਹਨ । ਪੜ੍ਹਣ ਤੋਂ ਪਤਾ ਲਗਦਾ ਹੈ ਕਿ ਅਸੀਂ ਅਜੇ ਮੁਢਲੇ ਸ਼ਬਦਾਂ ਵਿਚ ਵੀ ਸਾਂਝੇ ਨਹੀਂ ਹਾਂ । ਅਸੀਂ 'ਸਾਹਿਤ, ਸਾਹਿਤਕ' ਪ੍ਰਚਲਤ ਕਰ ਲਿਆ ਹੈ । ਉਥੇ 'ਅਦਬ, ਅਦਬੀ' ਹੀ ਚਲ ਰਹਿਆ ਹੈ । ਏਥੇ ‘ਸੰਖੇਪ ਇਤਿਹਾਸ’ ਉਥੇ ਮੁਖ਼ਤਸਿਰ ਤਾਰੀਖ਼ । ਏਥੇ ਆਲੋਚਨਾ ਉਥੇ ਤਨਕੀਦ । ਖਾਸ ਤੌਰ ਤੇ ਆਲੋਚਨਾ ਸਾਹਿਤ ਵਿਚ ਫਰਕ ਬਹੁਤ ਵਧ ਰਹਿਆ ਹੈ ।

ਹੁਣ ਤਕ ਅਸੀਂ ਪੰਜਾਬੀ ਭਾਸ਼ਾ ਦੀਆਂ ਆਮ ਸਮਸਿਆਵਾਂ ਤੇ ਵਿਚਾਰ ਕਰ ਰਹੇ ਸਾਂ। ਹੁਣ ਅਸੀਂ ਇਸੇ ਦੇ ਹੀ ਇਕ ਕੇਂਦਰੀ ਅੰਗ ਬਾਰੇ ਸਵਿਸਤਾਰ ਵਿਚਾਰ ਕਰਾਂਗੇ । ਉਪਰੋਕਤ ਭਾਸ਼ਾ ਦੀ ਪੀਠਿਕਾ ਦੇ ਪਰਸੰਗ ਵਿਚ ਇਹ ਕਹਿਆ ਜਾ ਸਕਦਾ ਹੈ ਕਿ 'ਸ਼ਬਦ' ਦੀ ਸਮਸਿਆ ਹੀ ‘ਭਾਸ਼ਾ' ਦੀ ਸਮਸਿਆ ਹੈ ਅਤੇ ਭਾਸ਼ਾ ਦੀ ਸਮੱਸਿਆ ਹੀ ਸ਼ਬਦ ਦੀ ਸਮੱਸਿਆ ਹੈ । ਇਹ ਦੋਵੇਂ ਪਰਸਪਰ ਅਭਿਨ ਹਨ । ਕਿਉਂਕਿ ਭਾਸ਼ਾ ਦੇ ਮੁਰਮੰਤ ਰੂਪਕ ਆਧਾਰ ਸ਼ਬਦ ਹਨ । ਏਸ ਲਈ ਸ਼ਬਦਾਂ ਦੇ ਰੂਪ ਤੇ ਉਚਾਰਣ ਦੀ ਸਮਸਿਆ ਭਾਸ਼ਾ ਦੀ ਸਮਸਿਆ ਬਣ ਜਾਂਦੀ ਹੈ ।

ਪ੍ਰਾਚੀਨ ਭਾਰਤੀ ਆਚਾਰਯਾ ਨੇ ਸ਼ਬਦਾਂ ਦੀ ਮਹਿਮਾ ਰੱਜਕੇ ਗਾਈ ਹੈ । ਸ਼ਬਦ ਹੀ ਬੁਹਮ ਹੈ, ਸ਼ਬਦ ਹੀ ਮੁਰਾਦਾਂ ਦੇਣ ਵਾਲਾ ਹੈ ਅਤੇ ਸ਼ਬਦ ਨਿੱਤ ਤੇ ਅਵਿਨਾਸ਼ੀ ਹੈ । ਉਂਜ ਵੇਖਿਆ ਜਾਵੇ ਤਾਂ ਕਾਵਿ ਜਾਂ ਸਾਹਿਤ ਦਾ ਅਧਾਰ ਸ਼ਬਦ ਹੀ ਹੈ । ਇਸ ਲਈ ਸੰਦਰ, ਸ਼ਰੁਤੀ-ਮਧੁਰ ਸ਼ਬਦਾਂ ਦੀ ਸ਼ੁਧ ਤੋਂ ਸ਼ੁਧ ਵਰਤੋਂ ਉੱਤਮ ਸਾਹਿਤ ਲਈ ਬਹੁਤ ਹੀ ਆਵਸ਼ਕ ਹੈ । ਆਧੁਨਿਕ ਪੰਜਾਬੀ ਸਾਹਿਤ ਦੇ ਸਾਹਮਣੇ ਇਹ ਗੰਭੀਰ ਸਮਸਿਆ ਹੈ ਕਿ ਪੰਜਾਬੀ ਸਾਹਿਤ ਵਿਚ ਦਾਖਲ ਹੋ ਰਹੇ ਵਿਚਾਰਾਂ, ਭਾਵਾਂ, ਅਨੁਭੁਤੀਆਂ, ਸੰਕਲਪਨਾਵਾਂ, ਸਿਧਾਂਤਾਂ, ਸ਼ੰਕਾਵਾਂ ਨੂੰ ਸ਼ੁਧ ਰੂਪ ਵਿਚ ਪਰਗਟਾਉਣ ਲਈ ਸ਼ਬਦਾ ਦਾ ਨਿਰਮਾਣ ਕਿਵੇਂ ਕੀਤਾ ਜਾਵੇ, ਅਰਥਾਤ ਸ਼ਬਦਾਂ ਦੀ ਘਾੜਤ ਜਾਂ ਰਚਨਾ ਕਿਵੇਂ ਹੋਵੇ ਤਾਂ ਜੋ ਬੋਲੀ ਦੇ ਚੌਖਟੇ ਵਿਚ ਕੋਈ ਭਾਖਈ ਉਪਦ੍ਰਵ ਵੀ ਨਾ ਵਾਪਰੇ ਅਤੇ ਉਚਿਤ ਸਮਰਥਾ ਤੇ ਸ਼ੁਧਤਾ ਵੀ ਸਥਿਰ ਰਹੇ ।

ਹੁਣ ਅਸੀਂ ਗਿਆਨ, ਵਿਗਿਆਨ ਤੇ ਸਾਹਿਤ ਲਈ ਪੰਜਾਬੀ ਭਾਸ਼ਾ ਦਾ ਮਾਧਿਅਮ ਅਪਣਾ ਰਹੇ ਹਾਂ । ਸਾਡੇ ਪਾਸ ਜੋ ਚਲੰਤ ਸਬਦ ਮੌਜੂਦ ਸਨ ਉਹ ਬਹੁਤ ਥੋੜੇ ਹਨ'

੩੬